ਨਵੰਬਰ-1984 ਦਾ ਸਿੱਖ ਕਤਲੇਆਮ : ਇਸ ਅਦਾਲਤ ਵਿਚ ਬੰਦੇ ਬਿਰਖ ਹੋ ਗਏ
ਮਨਜੀਤ ਸਿੰਘ ਟਿਵਾਣਾ
ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ ਵਿਚੋਂ ਸਿੱਖ-ਪੰਥ ਦੇ ਨਾਮ ਇਕ ਪੈਗਾਮ ਭੇਜਿਆ ਹੈ। ਭਾਈ ਹਵਾਰਾ ਦੇ ਅਧਿਕਾਰਿਤ ਬੁਲਾਰੇ ਤੇ ਵਕੀਲ ਹੱਥ ਆਏ ਇਸ ਸੁਨੇਹੇ ਵਿਚ ਸੰਨ 1984 ਵਿਚ, ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿਚ ਬੇਕਸੂਰ ਸਿੱਖਾਂ ਦੇ ਯੋਜਨਾਬੱਧ ਕਤਲੇਆਮ ਦੇ ੩੪ ਸਾਲ ਬਾਅਦ ਵੀ ਇਨਸਾਫ ਨਾ ਮਿਲਣ ਦੇ ਰੋਸ ਵੱਜੋਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਨੂੰ ”ਸਿੱਖ ਨਸਲਕੁਸ਼ੀ ਯਾਦਗਾਰੀ” ਹਫਤੇ ਵੱਜੋਂ ਮਨਾਉਣ ਦਾ ਜ਼ਿਕਰ ਕੀਤਾ ਗਿਆ ਹੈ। ਕਿਸੇ ਵੀ ਜਮਹੂਰੀ ਤੇ ਧਰਮ ਨਿਰਪੱਖਤਾ ਵਾਲੀ ਵਿਵਸਥਾ ਦਾ ਦਮ ਭਰਨ ਵਾਲੇ ਦੇਸ਼ ਲਈ ਇੰਨੇ ਵੱਡੇ ਕਤਲੇਆਮ ਦਾ ਇਨਸਾਫ, ਇੰਨੇ ਵਕਫੇ ਬਾਅਦ ਤਕ ਵੀ ਨਾ ਕਰ ਸਕਣਾ, ਆਪਣੇ-ਆਪ ਵਿਚ ਸ਼ਰਮਨਾਕ ਹੈ। ਇਹ ਇਸ ਦੇਸ਼ ਵਿਚ ਸਿੱਖਾਂ ਸਮੇਤ ਦੂਜੀਆਂ ਘੱਟ ਗਿਣਤੀਆਂ ਨਾਲ ਹੋ ਰਹੇ ਪੱਖਪਾਤੀ, ਨਫਰਤੀ ਤੇ ਜ਼ੁਲਮੀ ਵਰਤਾਰੇ ਦੀ ਇਕ ਜਿਉਂਦੀ-ਜਾਗਦੀ ਮਿਸਾਲ ਹੈ। ਨਵੰਬਰ-1984 ਦਾ ਇਹ ਸਿੱਖ-ਕਤਲੇਆਮ ਉਦੋਂ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੀ ਇਕ ਸੋਚੀ ਸਮਝੀ ਸਾਜ਼ਿਸ਼ ਨਾਲ ਅੰਜ਼ਾਮ ਦਿੱਤਾ ਗਿਆ ਸੀ ਪਰ ਭਾਰਤੀ ਜਨਤਾ ਪਾਰਟੀ, ਸ਼ਿਵ ਸੈਨਾ ਤੇ ਆਰਐਸਐਸ, ਹਿੰਦੂਵਾਦੀ ਸਰਕਾਰੀ ਮਸ਼ੀਨਰੀ ਸਮੇਤ ਦੂਜੇ ਹੋਰ ਸਿਆਸੀ ਤੇ ਫਿਰਕੂ ਸੰਗਠਨਾਂ ਵਿਚ ਬੈਠੇ ਤੁਅੱਸਬੀ ਸੋਚ ਵਾਲੇ ਲੋਕਾਂ ਨੇ ਵੀ ਬਣਦਾ ਯੋਗਦਾਨ ਪਾਇਆ। ਇਥੋਂ ਤਕ ਕਿ ਇਸ ਮਾਮਲੇ ਵਿਚ ਸਬੰਧਿਤ ਬਹੁਤ ਸਾਰੀਆਂ ਅਦਾਲਤਾਂ ਨੇ ਵੀ ਪੱਖਪਾਤੀ ਰੋਲ ਨਿਭਾਇਆ। ਇਹੋ ਕਾਰਨ ਹੈ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ ਆਪਣੇ ਨਾਲ ਹੋਈ ਇੰਨੀ ਵੱਡੀ ਤਰਾਸਦੀ ਦਾ ਹਾਲਾਂ ਤਕ ਇਨਸਾਫ ਨਹੀਂ ਮਿਲਿਆ ਹੈ। ਕਈ ਸਰਕਾਰਾਂ ਆਈਆਂ ਤੇ ਗਈਆਂ, ਜਿਨ੍ਹਾਂ ਵਿਚ ਗੈਰ ਕਾਂਗਰਸੀ ਸਰਕਾਰਾਂ ਵੀ ਰਹੀਆਂ ਪਰ ਸਿੱਖਾਂ ਲਈ ਇਨਸਾਫ ਦਾ ਦਰਵਾਜ਼ਾ ਬੰਦ ਹੀ ਰਿਹਾ। ਨਾਨਾਵਤੀ ਤੇ ਰੰਗਾਨਾਥ ਮਿਸ਼ਰਾ ਵਰਗੇ ਕਿੰਨੇ ਹੀ ਕਮਿਸ਼ਨ ਬਿਠਾਏ ਗਏ, ਸਿੱਟ ਬਣਾਈ ਗਈ ਪਰ ਸ਼ਾਇਦ ਇਹ ਸਭ ਕੁਝ ਵੀ ਕਿਸੇ ਹੱਦ ਤਕ ਸਿੱਖਾਂ ਨੂੰ ਨਿਆਂ ਤੋਂ ਮਹਿਰੂਮ ਰੱਖਣ ਲਈ ਬੁਣਿਆ ਗਿਆ ਜਾਲ ਹੀ ਸੀ। ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦਾ ਇਕ ਸ਼ੇਅਰ ਹੈ, ”ਇਸ ਅਦਾਲਤ ਵਿਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ-ਸੁਣਦਿਆਂ ਸੁੱਕ ਗਏ। ਆਖੋ ਏਹਨਾਂ ਨੂੰ ਜਾਣ ਹੁਣ ਉਜੜੇ ਘਰੀਂ, ਇਹ ਕਦੋਂ ਤਕ ਏਥੇ ਖੜ੍ਹੇ ਰਹਿਣਗੇ।” ਸਿੱਖਾਂ ਲਈ ਭਾਰਤ ਵਿਚ ਇਸ ਤਰ੍ਹਾਂ ਦੇ ਹੀ ਹਾਲਾਤ ਬਣੇ ਹੋਏ ਹਨ।
ਤਾਜ਼ਾ ਮਾਮਲੇ ਦੀ ਉਦਾਹਰਣ ਲੈ ਲਓ। ਨਵੰਬਰ-1984 ਵਿਚ ਦਿੱਲੀ ਕੈਂਟ ਵਿਚ ਪੰਜ ਸਿੱਖਾਂ ਦੇ ਕਤਲ ਦਾ ਇਕ ਮਾਮਲਾ ਹਾਲ ਹੀ ਵਿਚ ਅਦਾਲਤ ਨੇ ਸੁਣਿਆ ਹੈ।ਸਿੱਖ ਨਸਲਕੁਸ਼ੀ ਦੇ ਇਸ ਮਾਮਲੇ ਸਬੰਧੀ ਦਿੱਲੀ ਹਾਈਕੋਰਟ ਵਿਚ ਸੁਣਵਾਈ ਦੌਰਾਨ ਸਾਰੇ ਪੱਖਾਂ ਦੀਆਂ ਦਲੀਲਾਂ ਪੂਰੀਆਂ ਹੋ ਚੁੱਕੀਆਂ ਹਨ। ਅਦਾਲਤ ਨੇ ਇਸ ਮਾਮਲੇ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।ਪੀੜਤ ਕਾਫੀ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਇਸ ਕੇਸ ਦੇ ਪੰਜ ਮੁਲਜ਼ਮਾਂ ਵਿਚ ਸਾਬਕਾ ਵਿਧਾਇਕ ਵੀ ਸ਼ਾਮਲ ਸੀ ਜਿਸ ‘ਤੇ ਕੇਸ ਚੱਲ ਰਿਹਾ ਸੀ। ਸੱਜਣ ਕੁਮਾਰ ਨੂੰ ਵੀ ਇਸ ਮਾਮਲੇ ਵਿੱਚ ਮੁਲਜ਼ਮ ਠਹਿਰਾਇਆ ਗਿਆ ਸੀ। ਪਹਿਲਾਂ ਇਸ ਕੇਸ ਦੀ ਸੁਣਵਾਈ ਹਾਈਕੋਰਟ ਦੀ ਚੀਫ ਜਸਟਿਸ ਕਰ ਰਹੀ ਸੀ ਪਰ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਇੱਕ ਡੈਡੀਕੇਟਿਡ ਬੈਂਚ ਬਣਾਉਣ ਬਾਰੇ ਗੱਲ ਕੀਤੀ ਗਈ ਸੀ। ਫਿਰ ਇਸ ਮਾਮਲੇ ‘ਤੇ ਡੇਅ-ਟ੍ਵ-ਡੇਅ ਸੁਣਵਾਈ ਸ਼ੁਰੂ ਹੋਈ। ਲੰਮਾ ਸਮਾਂ ਚੱਲੇ ਇਸ ਮਾਮਲੇ ਵਿੱਚ ਸਾਰੀਆਂ ਦਲੀਲਾਂ ਮੁਕੰਮਲ ਹੋਣ ਪਿੱਛੋਂ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।ਆਖਰ ਕਿਸੇ ਮੁਕੱਦਮੇ ਨੂੰ ਅਦਾਲਤੀ ਚਾਰਾਜੋਈ ਵਿਚ ਲਮਕਾਉਣ ਦੇ ਅਰਥ ਕੀ ਸਮਝੇ ਜਾਣ ?
ਇਹ ਸਭ ਉਸ ਦੇਸ਼ ਵਿਚ ਵਾਪਰਿਆ ਤੇ ਵਾਪਰ ਰਿਹਾ ਹੈ, ਜਿਸ ਨੂੰ ਸਿੱਖਾਂ ਨੇ ਹਮੇਸ਼ਾ ਆਪਣਾ ਦੇਸ਼ ਸਮਝ ਕੇ ਜ਼ੁਲਮੋ-ਸਿਤਮ ਦੇ ਹਰ ਖੌਫਨਾਕ ਮੰਜ਼ਰ ਮੂਹਰੇ ਹਿੱਕਾਂ ਡਾਹੀਆਂ ਸਨ। ਬਿਪਰਵਾਦੀ ਸੋਚ ਨੂੰ ਪ੍ਰਨਾਏ ਹਿੰਦੂਵਾਦੀਆਂ ਨੇ ਆਪਣੀਆਂ ਕਾਲੀਆਂ ਕਰਤੂਤਾਂ ਨਾਲ ਇਤਿਹਾਸ ਨੂੰ ਨਵਾਂ ਮੋੜ ਦੇ ਦਿੱਤਾ ਹੈ। ਇਸ ਦੇਸ਼ ਲਈ ਆਪਾ ਵਾਰਨ ਵਾਲੀ ਸਿੱਖ ਕੌਮ, ਹੁਣ ਇਸ ਦੇਸ਼ ਵਿਚੋਂ ਆਜ਼ਾਦ ਹੋਣ ਲਈ ਸੰਘਰਸ਼ ਦੇ ਰਾਹ ਤੁਰੀ ਹੋਈ ਹੈ।
ਜਿਥੋਂ ਤਕ ੩੧ ਅਕਤੂਬਰ 1984 ਨੂੰ ਇੰਦਰਾ ਗਾਧੀ ਦੀ ਹੱਤਿਆ ਕਰਨ ਦਾ ਸਵਾਲ ਹੈ, ਇਸ ਪਿੱਛੇ ਵੀ ਜ਼ੁਲਮ ਤੇ ਜਬਰ ਦੀ ਲੰਮੀ ਦਾਸਤਾਨ ਹੈ। ਸਿੱਖਾਂ ਪ੍ਰਤੀ ਇੰਦਰਾ ਗਾਂਧੀ ਦੇ ਮਨ ‘ਚ ਨਫ਼ਰਤ ਇਸ ਕਦਰ ਪੈਦਾ ਹੋ ਗਈ ਸੀ ਕਿ ਉਸ ਨੇ ਵਿਦੇਸ਼ੀ ਤਾਕਤਾਂ ਦੀ ਮਦਦ ਲੈ ਕੇ ਸਿੱਖ ਕੌਮ ਦੇ ਪਵਿੱਤਰ ਅਸਥਾਨ, ਭਗਤੀ ਤੇ ਸ਼ਕਤੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਆਪਣੀਆਂ ਫੌਜਾਂ ਕਿਸੇ ਦੁਸ਼ਮਣ ਦੇਸ਼ ਵਾਗੂੰ ਚਾੜ੍ਹ ਦਿੱਤੀਆਂ। ਭਾਰਤੀ ਹਕੂਮਤ ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਈਆਂ ਸਿੱਖ ਸੰਗਤਾਂ ਦਾ ਲਿਹਾਜ਼ ਵੀ ਨਾ ਕੀਤਾ। ਇਸ ਮੌਕੇ ਬਹੁਤ ਹੀ ਵਹਿਸ਼ੀਆਨਾ ਕਤਲੇਆਮ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰ ਦਿੱਤਾ।ਪੂਰੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ ਗਈ। ਕੀ ਇਸ ਕਹਿਰ ਨੂੰ ਕੋਈ ਸੱਚਾ ਸਿੱਖ ਚੁੱਪ-ਚਾਪ ਬਰਦਾਸ਼ਤ ਕਰ ਸਕਦਾ ਸੀ?
ਉਂਝ ਨਵੰਬਰ-1984 ਦੇ ਸਿੱਖ ਕਤਲੇਆਮ ਨੂੰ ਪ੍ਰਧਾਨ ਮੰਤਰੀ ਦੀ ਹੱਤਿਆ ਮਗਰੋਂ ਭੜਕੀ ਹਿੰਸਾ ਦੇ ਖਾਤੇ ਪਾਉਣਾ ਵੀ ਵੱਡੀ ਨਾ-ਇਨਸਾਫੀ ਦੀ ਹੀ ਇਕ ਹੋ ਕੜੀ ਹੈ। ਦਰਅਸਲ ਸਿੱਖਾਂ ਨੂੰ ”ਸਬਕ ਸਿਖਾਉਣ” ਦੀ ਯੋਜਨਾ ਤਾਂ ਪਹਿਲਾਂ ਹੀ ਬਣ ਗਈ ਸੀ। ਇਸ ਦੇ ਬਹੁਤ ਸਾਰੇ ਪੱਕੇ ਸਬੂਤ ਮਿਲ ਚੁੱਕੇ ਹਨ। ਇਸ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਦਾ ਸੁਨੇਹੇ ਉਤੇ ਅਮਲ ਕਰਨਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਇਹ ਪੈਗਾਮ ਸਿੱਖ ਵੇਦਨਾ ਦੀ ਉਸ ਟੀਸ ਦਾ ਇਜ਼ਹਾਰ ਹੈ, ਜਿਸ ਨੂੰ ਮਹਿਸੂਸ ਕਰਕੇ ਪੰਜਾਬ ਦੇ ਕਿੰਨੇ ਹੀ ਗੱਭਰੂ ਹਨੇਰੀਆਂ ਰਾਤਾਂ ਵਿਚ ਘਰੋਂ ਨਿਕਲੇ ਸਨ। ਉਨ੍ਹਾਂ ਤਮਾਮ ਸ਼ਹਾਦਤਾਂ ਦੀ ਯਾਦ ਨੂੰ ਆਪਣੇ ਮਨ-ਮਸਤਕ ਵਿਚ ਸੰਭਾਲ ਕੇ ਨਿਸ਼ਾਨੇ ਵੱਲ ਵਧਣਾ ਹੀ ਸਿੱਖ ਕੌਮ ਦੇ ਸੁਨਹਿਰੇ ਭਵਿੱਖ ਦੀ ਸਿਰਜਣਾ ਵੱਲ ਜਾਣ ਦਾ ਸਹੀ ਰਾਹ ਹੈ।
Comments (0)