ਹਾਕੀ ਇੰਡੀਆ ਦੀ 18 ਮੈਂਬਰੀ ਟੀਮ ‘ਚ ਨੌਂ ਖਿਡਾਰੀ ਪੰਜਾਬ ਦੇ

ਹਾਕੀ ਇੰਡੀਆ ਦੀ 18 ਮੈਂਬਰੀ ਟੀਮ ‘ਚ ਨੌਂ ਖਿਡਾਰੀ ਪੰਜਾਬ ਦੇ

ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਨ ਕੁਮਾਰ, ਹਰਮਨਪ੍ਰੀਤ ਸਿੰਘ, ਕ੍ਰਿਸ਼ਨ ਬਹਾਦੁਰ ਪਾਠਕ, ਹਾਰਦਿਕ ਸਿੰਘ ਸਿਮਰਨਜੀਤ ਸਿੰਘ, ਦਿਲਪ੍ਰੀਤ ਸਿੰਘ, ਆਕਾਸ਼ਦੀਪ ਸਿੰਘ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਇਸ ਮਹੀਨੇ ਦੇ ਆਖਰ ਵਿਚ ਐਫਆਈਐਚ ਵਿਸ਼ਵ ਕੱਪ ਹਾਕੀ ਲਈ ਐਲਾਨੀ ਗਈ ਭਾਰਤ ਦੀ 18 ਮੈਂਬਰੀ ਹਾਕੀ ਟੀਮ ਵਿਚ ਕਪਤਾਨ ਮਨਪ੍ਰੀਤ ਸਿੰਘ ਸਣੇ ਨੌਂ ਮੈਂਬਰ ਪੰਜਾਬ ਤੋਂ ਹਨ। ਇਹ ਟੂਰਨਾਮੈਂਟ 28 ਨਵੰਬਰ ਤੋਂ ਉੜੀਸਾ ਰਾਜ ਦੇ ਭੁਵਨੇਸ਼ਵਰ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਦੇ ਖਿਡਾਰੀਆਂ ਵਿਚ ਕਪਤਾਨ ਮਨਪ੍ਰੀਤ ਸਿੰਘ ਸਣੇ ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਵਰੁਨ ਕੁਮਾਰ, ਹਰਮਨਪ੍ਰੀਤ ਸਿੰਘ ਤੇ ਕ੍ਰਿਸ਼ਨ ਬਹਾਦੁਰ ਪਾਠਕ ਹਨ।
ਟੀਮ ਵਿਚ ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨ ਬਹਾਦੁਰ ਪਾਠਕ ਗੋਲਕੀਪਰ ਹਨ। ਉਪ ਕਪਤਾਨ ਚਿੰਗਲੈਨਸਾਨਾ ਸਿੰਘ ਕਾਂਗੁਜ਼ਮ ਹੋਵੇਗਾ। ਉੜੀਸਾ ਦਾ ਤਜਰਬੇਕਾਰ ਡਿਫੈਂਡਰ ਬੀਰੇਂਦਰ ਲਾਕੜਾ, ਜੋ ਰਿਕਵਰੀ ਕਾਰਨ ਮਸਕਟ ਵਿਚ ਹੋਇਆ ਮੁਕਾਬਲਾ ਨਹੀਂ ਸੀ ਖੇਡ ਸਕਿਆ, ਉਹ ਵੀ ਵਾਪਸੀ ਕਰੇਗਾ। ਉਸ ਦੇ ਨਾਲ ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਕੋਥਾਜੀਤ ਸਿੰਘ, ਸੰਨ 2016 ਦਾ ਜੂਨੀਅਰ ਵਿਸ਼ਵ ਕੱਪ ਜੇਤੂ ਹਰਮਨਪ੍ਰੀਤ ਸਿੰਘ ਅਤੇ ਵਰੁਨ ਕੁਮਾਰ ਭਾਰਤੀ ਡਿਫੈਂਸ ਦੀ ਜ਼ਿੰਮੇਵਾਰੀ ਸੰਭਾਲਣਗੇ ਜਿਨ੍ਹਾਂ ਵਿਚੋਂ ਤਿੰਨ ਡਰੈਗ ਫਲਿੱਕ ਮਾਹਿਰ ਹਨ।
ਮਿੱਡਫੀਲਡ ਵਿਚ ਮਨਪ੍ਰੀਤ ਸ਼ਾਮਲ ਹੈ ਜਿਸ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਪਿਛਲੇ ਚੈਂਪੀਅਨ ਵਜੋਂ ਭਾਰਤੀ ਚੁਣੌਤੀ ‘ਚ ਅਹਿਮ ਭੂਮਿਕ ਅਦਾ ਕੀਤੀ ਸੀ। ਨੌਜਵਾਨ ਖਿਡਾਰ ਸੁਮਿਤ, ਨੀਲਕਾਂਤ ਸ਼ਰਮਾ ਅਤੇ ਹਾਰਦਿਕ ਸਿੰਘ ਦੇ ਨਾਲ ਚਿੰਗਲੈਨਸਾਨਾ ਦੀ ਮੌਜੂਦਗੀ ਨਾਲ ਚੰਗਾ ਤਜਰਬਾ ਹੋਣ ਦੀ ਆਸ ਹੈ। ਫਾਰਵਰਡ ਵਿਚ ਤਜਰਬੇਕਾਰ ਆਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ, ਲਲਿਤ ਉਪਾਧਿਆਏ ਅਤੇ ਜੂਨੀਅਰ ਵਿਸ਼ਵ ਵਿਸ਼ਵ ਕੱਪ ਜੇਤੂ ਮਨਦੀਪ ਸਿੰਘ, ਸਿਮਰਨਜੀਤ ਸਿੰਘ ਸ਼ਾਮਲ ਹਨ। ਇਸ ਟੀਮ ਵਿਚ ਤਜਰਬੇਕਾਰ ਰੁਪਿੰਦਰ ਪਾਲ ਸਿੰਘ ਅਤੇ ਐਸਵੀ. ਸੁਨੀਲ ਨੂੰ ਜਗ੍ਹਾ ਨਹੀਂ ਨਹੀਂ ਮਿਲ ਸਕੀ ਹੈ। ਸਟਰਾਈਕਰ ਸੁਨੀਲ ਦੇ ਖੇਡਣ ‘ਤੇ ਉਦੋਂ ਤੋਂ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਸੀ ਜਦੋਂ ਕੌਮੀ ਕੈਂਪ ਦੌਰਾਨ ਉਸ ਦੇ ਗੋਡੇ ‘ਤੇ ਸੱਟ ਲੱਗ ਗਈ ਸੀ। ਰੁਪਿੰਦਰਪਾਲ ਦੀ ਮੁੜ ਅਣਦੇਖੀ ਕੀਤੀ ਗਈ ਜਿਸ ਨੂੰ ਪਿਛਲੇ ਮਹੀਨੇ ਮਹਾਦੀਪ ਮੁਕਾਬਲੇ ਵਿਚ ਵੀ ਨਹੀਂ ਚੁਣਿਆ ਗਿਆ ਸੀ।
ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤੀ ਟੀਮ ਸ਼ੁਰੂਆਤੀ ਦਿਨ ਦੱਖਣੀ ਅਫਰੀਕਾ ਨਾਲ ਖੇਡੇਗੀ। ਭਾਰਤ ਨੂੰ ਪੂਲ ‘ਸੀ’ ਵਿਚ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ, ਕੈਨੇਡਾ ਤੇ ਦੱਖਣੀ ਅਫਰੀਕਾ ਦੇ ਨਾਲ ਰੱਖਿਆ ਗਿਆ ਹੈ। ਕੁਆਰਟਰ ਫਾਈਨਲ ਵਿਚ ਪਹੁੰਚਣ ਲਈ ਉਸ ਨੂੰ ਪੂਲ ‘ਚ ਸਿਖ਼ਰ ‘ਤੇ ਰਹਿਣਾ ਹੋਵੇਗਾ। ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ਵ ਕੱਪ ਲਈ ਬਿਹਤਰੀਨ ਕੋਆਰਡੀਨੇਸ਼ਨ ਚੁਣਿਆ ਹੈ।