ਭਾਰਤ ਵਿਚ 19569 ਮਾਂ-ਬੋਲੀਆਂ ਦੀ ਸ਼ਨਾਖਤ

ਭਾਰਤ ਵਿਚ 19569 ਮਾਂ-ਬੋਲੀਆਂ ਦੀ ਸ਼ਨਾਖਤ

ਨਵੀਂ ਦਿੱਲੀ/ਬਿਊਰੋ ਨਿਊਜ਼ :
ਮਰਦਮਸ਼ੁਮਾਰੀ ਦੇ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਦੇਸ਼ ਵਿਚ 19569 ਭਾਸ਼ਾਵਾਂ ਜਾਂ ਬੋਲੀਆਂ ਮਾਂ ਬੋਲੀਆਂ ਦੇ ਤੌਰ ‘ਤੇ ਪਾਈਆਂ ਜਾਂਦੀਆਂ ਹਨ। ਇਸ ਸਰਵੇਖਣ ਮੁਤਾਬਕ ਭਾਰਤ ਵਿੱਚ 121 ਅਜਿਹੀਆਂ ਭਾਸ਼ਾਵਾਂ ਹਨ ਜਿਨ੍ਹਾਂ ਨੂੰ ਦਸ ਹਜ਼ਾਰ ਜਾਂ ਇਸ ਤੋਂ ਵੱਧ ਲੋਕਾਂ ਦੇ ਸਮੂਹ ਬੋਲਦੇ ਹਨ।  ਭਾਰਤ ਦੇ ਰਜਿਸਟਰਾਰ ਜਨਰਲ ਤੇ ਮਰਦਮਸ਼ੁਮਾਰੀ ਕਮਿਸ਼ਨਰ ਨੇ ਕਿਹਾ ਕਿ ਘਰ ਖ਼ੂਨ ਦੇ ਰਿਸ਼ਤੇ ਨਾਲ ਜੁੜੇ ਲੋਕਾਂ ਜਾਂ ਨੇੜਲੇ ਸਬੰਧੀਆਂ ਜਾਂ ਫਿਰ ਦੋਵਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਆਪਣੀ ਮਾਂ ਬੋਲੀ ਬਾਰੇ ਜਾਣਨ ਦੀ ਕੋਸ਼ਿਸ਼ ਕਰੇ। ਇਹ ਇਸ ਲਈ ਜ਼ਰੂਰੀ ਹੈ ਕਿ ਘਰ ਦਾ ਹਰੇਕ ਮੈਂਬਰ ਇਕ ਜਿਹਾ ਨਹੀਂ ਹੁੰਦਾ ਤੇ ਇਕ ਦੂਜੇ ਤੋਂ ਵੱਖਰਾ ਹੁੰਦਾ ਹੈ। ਸੰਨ 2011 ਦੀ ਮਰਦਮ ਸ਼ੁਮਾਰੀ ਰਿਪੋਰਟ ਮੁਤਾਬਕ ਮਾਂ ਬੋਲੀਆਂ ਦੀ ਕੁੱਲ ਸੰਖਿਆ 19569 ਹੈ। ਉਂਜ ਦੇਸ਼ ਦੀ 96.71 ਫ਼ੀਸਦ ਆਬਾਦੀ 22 ਸੂਚੀਬੱਧ ਭਾਸ਼ਾਵਾਂ ਵਿਚੋਂ ਕੋਈ ਇਕ ਮਾਂ ਬੋਲੀ ਵਜੋਂ ਬੋਲਦੀ ਹੈ।
ਮਰਦਮਸ਼ੁਮਾਰੀ ਵਿੱਚ ਆਈਆਂ 19569 ਮਾਂ ਬੋਲੀਆਂ ਦੀ ਨਿਰਖ ਪਰਖ, ਸੰਪਾਦਨ ਤੇ ਤਰਕਸ਼ੀਲਤਾ ਤੋਂ ਬਾਅਦ 1369 ਤਰਕਸ਼ੀਲ ਮਾਂ ਬੋਲੀਆਂ ਗਿਣੀਆਂ ਗਈਆਂ ਹਨ। ਦੇਸ਼ ਵਿਚ ਭਾਸ਼ਾਵਾਂ ਦੀ ਸੰਖਿਆ ਇਸ ਵੇਲੇ 121 ਹੈ ਜਿਨ੍ਹਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਭਾਰਤੀ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਦਰਜ 22 ਭਾਸ਼ਾਵਾਂ ਹਨ ਤੇ 99 ਉਹ ਭਾਸ਼ਾਵਾਂ ਜਿਹੜੀਆਂ ਅੱਠਵੀਂ ਸੂਚੀ ਵਿੱਚ ਦਰਜ ਨਹੀਂ ਹਨ, ਸਮੇਤ ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੀ ਵੀ ਹੋਂਦ ਮੰਨੀ ਗਈ ਹੈ।