ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਸਬੰਧੀ 10 ਨੁਕਾਤੀ ਯੋਜਨਾ ਨੂੰ ਅਮਲ ਵਿੱਚ ਲਿਆਏਗਾ

ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਸਬੰਧੀ 10 ਨੁਕਾਤੀ ਯੋਜਨਾ ਨੂੰ ਅਮਲ ਵਿੱਚ ਲਿਆਏਗਾ

ਇਨ੍ਹਾਂ ਵਿਚ ਮੈਕਸੀਕੋ ਨਾਲ ਲੱਗਦੀ ਸਰਹੱਦ ‘ਤੇ ਕੰਧ ਦੀ ਉਸਾਰੀ ਵੀ ਸ਼ਾਮਲ
ਵਾਸ਼ਿੰਗਟਨ/ਬਿਊਰੋ ਨਿਊਜ਼ :
ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਸੱਤਾ ਸੰਭਾਲਣ ਤੋਂ ਬਾਅਦ ਨਵਾਂ ਪ੍ਰਸ਼ਾਸਨ ਅਮਰੀਕਾ ਦੇ ਇਮੀਗ੍ਰੇਸ਼ਨ ਪ੍ਰਬੰਧ ਦੇ ‘ਅਸਲ ਰੂਪ’ ਨੂੰ ਬਹਾਲ ਕਰਨ ਲਈ 10 ਨੁਕਾਤੀ ਯੋਜਨਾ ਨੂੰ ਅਮਲ ਵਿੱਚ ਲਿਆਏਗਾ। ਇਨ੍ਹਾਂ ਨੁਕਤਿਆਂ ਵਿੱਚ ਮੈਕਸੀਕੋ ਨਾਲ ਲੱਗਦੀ ਸਰਹੱਦ ‘ਤੇ ਕੰਧ ਦੀ ਉਸਾਰੀ, ਕੁਝ ਮੁਲਕਾਂ ਲਈ ਵੀਜ਼ੇ ਰੱਦ ਕਰਨਾ ਅਤੇ ਕਾਨੂੰਨੀ ਇਮੀਗ੍ਰੇਸ਼ਨ ਸਿਸਟਮ ਵਿੱਚ ਸੁਧਾਰ ਸ਼ਾਮਲ ਹਨ।
ਟਰੰਪ ਦੀ ਸੱਤਾ ਪਰਿਵਰਤਨ (ਟ੍ਰਾਜ਼ਿਸ਼ਨ) ਟੀਮ ਨੇ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਕੱਟੜਵਾਦੀ ਵਿਚਾਰਧਾਰਾਵਾਂ, ਪਰਮਾਣੂ ਹਥਿਆਰਾਂ ਤੇ ਸਾਈਬਰ ਹਮਲਿਆਂ ਨੂੰ ਕੌਮੀ ਰੱਖਿਆ ਤੇ ਸੁਰੱਖਿਆ ਲਈ ਦਰਪੇਸ਼ ਖ਼ਤਰੇ ਦੇ ਤਿੰਨ ਖੇਤਰ ਮੰਨਦਿਆਂ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰੇਗਾ। ਟੀਮ ਨੇ ਇਮੀਗ੍ਰੇਸ਼ਨ ਸੁਧਾਰ ਲਈ 10 ਨੁਕਾਤੀ ਯੋਜਨਾ ਤਿਆਰ ਕੀਤੀ ਹੈ, ਹਾਲਾਂਕਿ ਇਸ ਯੋਜਨਾ ਬਾਰੇ ਬਹੁਤੀ ਜਾਣਕਾਰੀ ਫੌਰੀ ਉਪਲਬਧ ਨਹੀਂ ਹੋ ਸਕੀ। ਪਰ ਯੋਜਨਾ ਵਿੱਚ ਮੋਟੇ ਤੌਰ ‘ਤੇ ਉਹ ਨੀਤੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਜ਼ਾਹਰ ਕੀਤਾ ਸੀ। ਸੱਤਾ ਦੇ ਤਬਾਦਲੇ ਤੋਂ ਬਾਅਦ ਟਰੰਪ ਦੀ ਟੀਮ ਜਿਸ ਗੱਲ ‘ਤੇ ਮੁੱਖ ਰੂਪ ਵਿੱਚ ਧਿਆਨ ਕੇਂਦਰਿਤ ਕਰੇਗੀ ਉਸ ਵਿੱਚ ਦੇਸ਼ ਦੀ ਦੱਖਣ ਸਰਹੱਦ ‘ਤੇ ਕੰਧ ਦੀ ਉਸਾਰੀ, ਗ਼ੈਰਕਾਨੂੰਨੀ ਪਰਵਾਸੀਆਂ ਨੂੰ ਫੜਨਾ ਤੇ ਰਿਹਾਅ ਕਰਨ ਦੇ ਸਿਲਸਿਲੇ ਨੂੰ ਬੰਦ ਕਰਨਾ, ਅਪਰਾਧਿਕ ਗਠਜੋੜਾਂ ਪ੍ਰਤੀ ਸਿਫਰ ਸਹਿਣਸ਼ੀਲਤਾ, ਗੈਰਕਾਨੂੰਨੀ ਪਰਵਾਸੀਆਂ ਨੂੰ ਸ਼ਰਨ ਦੇਣ ਵਾਲੇ ਸ਼ਹਿਰਾਂ ਨੂੰ ਵਿੱਤੀ ਮਦਦ ਰੋਕਣਾ ਅਤੇ ਗ਼ੈਰਸੰਵਿਧਾਨਕ ਸਰਕਾਰੀ ਹੁਕਮਾਂ ਨੂੰ ਰੱਦ ਕਰਨਾ ਤੇ ਸਾਰੇ ਪਰਵਾਸੀ ਕਾਨੂੰਨਾਂ ਨੂੰ ਲਾਗੂ ਕਰਨਾ ਸ਼ਾਮਲ ਹੈ।
ਟੀਮ ਮੁਤਾਬਕ ਇਮੀਗ੍ਰੇਸ਼ਨ ਪ੍ਰਬੰਧ ਵਿੱਚ ਸੁਧਾਰ ਲਈ ਦੋ ਨਵੇਂ ਕਦਮ ਪੁੱਟ ਜਾਣਗੇ। ਇਨ੍ਹਾਂ ਵਿਚੋਂ ਇਕ ਕਦਮ ਉਨ੍ਹਾਂ ਮੁਲਕਾਂ ਦੇ ਪਰਵਾਸੀਆਂ ਦਾ ਵੀਜ਼ਾ ਜਾਰੀ ਕਰਨ ਨੂੰ ਰੱਦ ਕਰਨਾ ਵੀ ਸ਼ਾਮਲ ਹੈ ਜਿਥੇ ਠੀਕ ਢੰਗ ਤਰੀਕੇ ਨਾਲ ਜਾਂਚ ਨਹੀਂ ਹੋਈ। ਉਂਜ ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨੂੰ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਦਿੱਤੇ ਉਸ ਬਿਆਨ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਜਿਸ ਵਿੱਚ ਅਮਰੀਕਾ ਵਿੱਚ ਮੁਸਲਮਾਨਾਂ ਦੇ ਦਾਖ਼ਲੇ ‘ਤੇ ਰੋਕ ਲਾਉਣ ਬਾਰੇ ਕਿਹਾ ਗਿਆ ਸੀ। ਇਸ ਯੋਜਨਾ ਤਹਿਤ ਇਹ ਯਕੀਨੀ ਕਰਨਾ ਵੀ ਸ਼ਾਮਲ ਹੈ ਕਿ ਅਮਰੀਕਾ ਵਿੱਚੋਂ ਕੱਢੇ ਗਏ ਲੋਕਾਂ ਨੂੰ ਸਬੰਧਤ ਮੁਲਕ ਸਵੀਕਾਰ ਕਰਨ। ਇਥੇ ਇਹ ਦਿਲਚਸਪ ਗੱਲ ਹੈ ਕਿ ਭਾਰਤ ਨੇ ਘੱਟੋ-ਘੱਟ ਤਿੰਨ ਚਾਰਟਰ ਜਹਾਜ਼ਾਂ ਵਿੱਚ ਗਏ ਲੋਕਾਂ ਨੂੰ ਅਮਰੀਕਾ ਵੱਲੋਂ ਵਾਪਸ ਭੇਜੇ ਜਾਣ ‘ਤੇ ਸਵੀਕਾਰ ਕਰ ਲਿਆ ਸੀ। ਇਹ ਸਾਰੇ ਲੋਕ ਗੈਰਕਾਨੂੰਨੀ ਤਰੀਕੇ ਨਾਲ ਗਏ ਸਨ।

ਟਰੰਪ ਖ਼ਿਲਾਫ਼ ਪ੍ਰਦਰਸ਼ਨ ਜਾਰੀ :
ਵਾਸ਼ਿੰਗਟਨ :ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਚੋਣ ਖ਼ਿਲਾਫ਼ ਪ੍ਰਦਰਸ਼ਨਾਂ ਦਾ ਦੌਰ ਜਾਰੀ ਰਿਹਾ। ਹਾਲਾਂਕਿ ਇਨ੍ਹਾਂ ਦੀ ਤੀਬਰਤਾ ਪਹਿਲੇ ਦਿਨ ਨਾਲੋਂ ਘੱਟ ਸੀ। ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਅਤੇ ਟਰੰਪ ਦੀਆਂ ਜਾਇਦਾਦਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਤੇ ਟਰੰਪ ਦੀ ਚੋਣ ਖ਼ਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਨਿਊਯਾਰਕ, ਸਾਨ ਫਰਾਂਸਿਸਕੋ, ਕੋਲੋਰਾਡੋ, ਲਾਸ ਏਂਜਲਸ ਤੇ ਸਿਆਟਲ ਵਿੱਚ ਲੋਕ ਰਾਤ ਨੂੰ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀ ਭਾਵੇਂ ਸ਼ਾਂਤ ਚਿੱਤ ਹੋ ਕੇ ਆਪਣਾ ਰੋਸ ਜ਼ਾਹਰ ਕਰ ਰਹੇ ਸਨ, ਪਰ ਦਰਜਨਾਂ ਲੋਕਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ।  ਇਸੇ ਦੌਰਾਨ ਸੀਐਨਐਨ ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਵਿੱਚ ਪ੍ਰਦਰਸ਼ਨਾਂ ਦੌਰਾਨ 40 ਦੇ ਕਰੀਬ ਗੋਲੀਆਂ ਚੱਲੀਆਂ ਤੇ ਤਿੰਨ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਏ। ਉਧਰ ਟਰੰਪ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਮੀਡੀਆ ਦੀ ਸਾਜ਼ਿਸ਼ ਦੱਸਦਿਆਂ ਕਿਹਾ ਕਿ ਪ੍ਰਦਰਸ਼ਨਕਾਰੀ ਆਮ ਲੋਕ ਨਹੀਂ ਬਲਕਿ ਇਹ ਪੇਸ਼ੇਵਰ ਮਾਹਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਚਲਾਈ ਮੁਹਿੰਮ ਦਾ ਹਿੱਸਾ ਹਨ।