ਮਹਾਰਾਜਾ ਦਲੀਪ ਸਿੰਘ ਤੇ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਡਿਜੀਟਲ ਰਿਲੀਜ਼ 10 ਅਪਰੈਲ ਨੂੰ

ਮਹਾਰਾਜਾ ਦਲੀਪ ਸਿੰਘ ਤੇ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਡਿਜੀਟਲ ਰਿਲੀਜ਼ 10 ਅਪਰੈਲ ਨੂੰ

ਹਾਲੀਵੁੱਡ ਦੀ ਉੱਘੀ ਕੰਪਨੀ ਯੂਨੀਗਲੋਬ ਐਂਟਰਟੇਨਮੈਂਟ ਨੇ ਲਿਆ ਡਿਸਟ੍ਰੀਬਿਊਸ਼ਨ ਦਾ ਜ਼ਿੰਮਾ
ਲਾਸ ਏਂਜਲਸ/ਬਿਊਰੋ ਨਿਊਜ਼:
ਹਾਲੀਵੁੱਡ ਦੀ ਉੱਘੀ ਕੰਪਨੀ ਯੂਨੀਗਲੋਬ ਐਂਟਰਟੇਨਮੈਂਟ ਨੇ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉੱਤੇ ਬਣੀ ਹਾਲੀਵੁੱਡ ਦੀ ਫਿਲਮ ‘ਦ ਬਲੈਕ ਪ੍ਰਿੰਸ’ ਦੀ ਵਿਸ਼ਵ ਪੱਧਰ ਉੱਤੇ ਆਨ ਲਾਈਨ ਡਿਸਟ੍ਰੀਬਿਊਸ਼ਨ ਦਾ ਸਾਰਾ ਕੰਮ ਅਪਣੇ ਜਿੰਲੈ ਲਿਆ ਹੈ। ਯੂਨੀਗਲੋਬ ਐਂਟਰਟੇਨਮੈਂਟ ਇਸ ਖੇਤਰ ਵਿੱਚ ਮੋਹਰੀ ਸਥਾਨ ਰਖਦੀ ਹੈ ਅਤੇ ਇਸ ਵਲੋਂ ‘ਦ ਬਲੈਕ ਪ੍ਰਿੰਸ’ਦੇ ਪ੍ਰੋਡਿਊਸਰਾਂ ਨਾਲ ਕੀਤੇ ਲਿਖਤੀ ਸਮਝੌਤੇ ਅਧੀਨ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਵਿਸਾਖੀ ਦੇ ਜਸ਼ਨਾਂ ਦੇ ਮੱਦੇਨਜ਼ਰ ਫਿਲਮ ਦੇ ਡਿਜੀਟਲ ਅਤੇ ਡੀਵੀਡੀ ਰੂਪ 10 ਅਪਰੈਲ 2018 ਨੂੰ ਵੱਡੇ ਪੱਧਰ ਉੱਤੇ ਰਿਲੀਜ ਕੀਤੇ ਜਾਣਗੇ।
ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਰਿਲੀਜ ਕੀਤੇ ਜਾਣ ਬਾਅਦ ‘ਦ ਬਲੈਕ ਪ੍ਰਿੰਸ’ ਨੂੰ ਸਭ ਪਾਸਿਆਂ ਤੋਂ ਭਰਵਾਂ ਹੁੰਗਾਰਾ ਮਿਲਿਆ। ਜਿੱਥੇ ਦਰਸ਼ਕਾਂ ਨੇ ਇਸਨੂੰ ਵੇਖਣ ਲਈ ਸਿਨਮਾ ਘਰਾਂ ਵਲ ਵਹੀਰਾਂ ਘੱਤੀਆਂ ਉੱਥੇ ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਉੱਘੇ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੇ ਫਿਲਮ ਸਮੀਖਿਅਕਾਂ ਨੇ ਚੋਟੀ ਦੀਆਂ ਫਿਲਮਾਂ ਨਾਲ ਤੁਲਨਾ ਦਿੰਦਿਆਂ ਅੰਗਰੇਜੀ, ਹਿੰਦੀ ਤੇ ਪੰਜਾਬੀ ਵਿੱਚ ਬਣਾਈ ਇਸ ਖੂਬਸੂਰਤ ਕਲਾ ਕ੍ਰਿਤ ਦੀ ਬੇਹੱਦ ਸਰਾਹਨਾ ਕੀਤੀ। ਯੂਰਪ ਵਿੱਚ ਇਸਨੇ ਬਾਕਸ ਆਫ਼ਿਸ ਉੱਤੇ 10 ਚੋਟੀ ਦੀਆਂ ਫਿਲਮਾਂ ਵਿੱਚ ਅਪਣਾ ਸਥਾਨ ਬਣਾਇਆ ਸੀ।
ਐਂਗਲੋ ਸਿੱਖ ਇਤਿਹਾਸ ‘ਤੇ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਇਤਿਹਾਸ ਦੇ ਪੰਨਿਆਂ ਨੂੰ ਫਿਲਮ ‘ਤੇ ਉਜਾਗਰ ਕਰਨ ਦਾ ਇੱਕ ਇਮਾਨਦਾਰ ਯਤਨ ਹੈ। ਫਿਲਮ ਸਿੱਖਾਂ ਨੂੰ ਆਪਣੇ ਵਿਰਸੇ ਦੀ ਨਜ਼ਰਸ਼ਾਨੀ ਕਰਨ ਲਈ ਮਜ਼ਬੂਰ ਕਰਦੀ ਹੈ। ‘ਦਿ ਬਲੈਕ ਪ੍ਰਿੰਸ’ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਦੇ 1947 ਵਿਚ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਵਿਚ ਪਾਏ ਯੋਗਦਾਨ ਦੇ  ਲੁਕਵੇਂ ਅਧਿਆਏ ਬਾਰੇ ਪਤਾ ਚਲਦਾ ਹੈ। ਸਿੱਖਾਂ ਦੇ ਆਖ਼ਰੀ ਮਹਾਰਾਜਾ ਵਜੋਂ ਜਾਣੇ ਜਾਂਦੇ ਦਲੀਪ ਸਿੰਘ ਨੂੰ ਬਰਤਾਨਵੀ ਸ਼ਾਸ਼ਕਾਂ ਨੇ ਬਚਪਨ ਉਮਰੇ ਅਪਣੀ ਅਨਐਲਾਨੀ ਹਿਰਾਸਤ ਵਿੱਚ ਰੱਖ ਕੇ ਉਸ ਕੋਲੋਂ ਸਭ ਕੁਝ ਖੋਹ ਲਿਆ ਸੀ ਜਿਸ ਵਿਰੁਧ ਉਸਨੂੰ ਆਖ਼ਰੀ ਉਮਰੇ ਅੱਤ ਗਰੀਬ ਹਾਲਤ ਵਿੱਚ ਆਪਣੇ ਆਖਰੀ ਸਾਹ ਭਰਣ ਅਤੇ ਬਾਗੀ ਹੋਣ ਲਈ ਮਜ਼ਬੂਰ ਹੋਣਾ ਪਿਆ। ਮਹਾਰਾਜਾ ਦਲੀਪ ਸਿੰਘ ਨੂੰ ਮਹਿਜ਼ 5 ਵਰ੍ਹਿਆਂ ਦੀ ਉਮਰ ਵਿਚ ਸਿੰਘਾਸਨ ‘ਤੇ ਬਿਠਾਇਆ ਗਿਆ ਤਾਂ ਜੋ ਉਨ੍ਹਾਂ ਦੇ ਭਰੋਸੇਮੰਦ ਦਰਬਾਰੀਆਂ ਹੱਥੋਂ ਖ਼ੂਨੀ ਰਾਜਧਰੋਹ ਰਾਹੀਂ ਸਿੰਘਾਸਨ ਲੁੱਟਿਆ ਜਾ ਸਕੇ। 15 ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਨੂੰ ਆਪਣੀ ਮਾਂ ਮਹਾਰਾਣੀ ਜਿੰਦਾਂ ਕੋਲੋਂ ਖੋਹ ਕੇ ਇੰਗਲੈਂਡ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੁਲਾਕਾਤ ਮਹਾਰਾਣੀ ਵਿਕਟੋਰੀਆ ਨਾਲ ਕਰਵਾਈ ਗਈ, ਜਿਸ ਨੇ ਪਹਿਲੇ ਨਜ਼ਰੇ ਤਕਦਿਆਂ ਹੀ ਉਨ੍ਹਾਂ ਨੂੰ ਦਿ ਬਲੈਕ ਪ੍ਰਿੰਸ’ ਕਹਿ ਕੇ ਸੱਦਿਆ ਸੀ।
ਪੰਜਾਬ ਦੀ ਅਮੀਰ ਰਿਆਸਤ ਦੇ ਆਖ਼ਰੀ ਵੰਸ਼ਜ ਮਹਾਰਾਜਾ ਦਲੀਪ ਸਿੰਘ ਦੀ ਅਣਕਹੀ ਦਾਸਤਾਨ ਨੂੰ ਫ਼ਿਲਮ ‘ਦਿ ਬਲੈਕ ਪ੍ਰਿੰਸ’ ਨੇ ਬਾਖ਼ੂਬੀ ਪਰਦੇ ‘ਤੇ ਉਤਾਰਿਆ ਹੈ। ਇਹ ਗੱਲ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਭਾਰਤ ਦੇ ਆਜ਼ਾਦੀ ਅੰਦੋਲਨ ਪਿਛੇ ਮਹਾਰਾਜਾ ਦਲੀਪ ਸਿੰਘ ਪ੍ਰੇਰਣਾ ਸ਼ਕਤੀ ਸਨ ਕਿਉਂਕਿ ਉਸ ਵੇਲੇ ਬਰਤਾਨਵੀ ਹਾਕਮ ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਖ਼ੌਫ਼ਜ਼ਦਾ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਜਨਮ ਭੂਮੀ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਬਰਤਾਨੀਆ ਦੇ ਮਾਹੌਲ ਵਿਚ ਹੀ ਪਲਣ ਦਿੱਤਾ।
ਇਸ ਯਾਦਗਾਰੀ ਫਿਲਮ ‘ਚ ਉੱਘੇ ਕਲਾਕਾਰਾਂ ਨੇ ਆਪਣੀਆਂ ਅਦਾਕਾਰੀਆਂ ਰਾਹੀਂ ਗਲੋਬਲ ਫ਼ਿਲਮ ਫੈਸਟੀਵਲਾਂ ਵਿਚ ਆਲੋਚਕਾਂ ਦੀ ਵਾਹ-ਵਾਹ ਖੱਟੀ ਅਤੇ ਪਹਿਲੀ ਵਾਰ ਫ਼ਿਲਮ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੀ ਅਦਾਕਾਰੀ ਨੂੰ ਵੀ ਬੇਹੱਦ ਸਲਾਹਿਆ ਗਿਆ। ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ ਉੱਤੇ ਨਿਭਾਅ ਕੇ ਵਾਹਵਾ ਖੱਟੀ ਸੀ। ਮਾਹਾਰਾਜਾ ਦੇ ਅੰਗਰੇਜ ਮਾਪਿਆਂ ਵਜੋਂ ਉੱਘੇ ਬ੍ਰਿਟਿਸ਼ ਐਕਟਰ ਜੋਸਨ ਫਲੇਮਿੰਗ ਵਜੋਂ ਡਾ.ਲੋਗਿਨ ਦੇ ਕਿਰਦਾਰ ਨੂੰ ਪਰਦੇ ਉੱਤੇ ਪੇਸ਼ ਕਰਨਾ ਫਿਲਮ ਦੀ ਮਹੱਤਤਾ ਦਾ ਸਬੂਤ ਸੀ।
ਯੂਨੀਗਲੋਬ ਐਂਟਰਟੇਨਮੈਂਟ ਦਾ ਫਿਲਮਾਂ ਬਣਾਉਣ, ਡਿਸਟ੍ਰੀਬਿਊਸ਼ਨ ਅਤੇ ਮਾਰਕੀਟਿੰਗ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਅਤੇ ਉੱਘਾ ਨਾਂਅ ਹੈ। ਇਸਨੇ ਸਮਾਜਿਕ ਸਰੋਕਾਰਾਂ ਵਾਲੇ ਕੰਮਾਂ ਨੂੰ ਵੀ ਹਮੇਸ਼ਾਂ ਤਰਜੀਹ ਦਿੱਤੀ ਹੈ।
‘ਦਿ ਬਲੈਕ ਪ੍ਰਿੰਸ’ ਦੀ ਪ੍ਰੋਡੱਕਸ਼ਨ ਟੀਮ ਨਾਲ ਹੋਏ ਸਹਿਯੋਗ ਬਾਰੇ ਯੂਨੀਗਲੋਬ ਐਂਟਰਟੇਨਮੈਂਟ ਦੇ ਪ੍ਰੈਜੀਡੈਂਟ ਨਮਰਤਾ ਸਿੰਘ ਗੁਜਰਾਲ ਦਾ ਕਹਿਣਾ ਹੈ, ‘ਵਿਸਾਖ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਅਦ ਖਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਕ ਦਿਹਾੜਾ ਹੈ। ਮੈਂ ਜਦੋਂ ਇਹ ਫਿਲਮ ਵੇਖੀ ਤਾਂ ਮੇਰਾ ਰੋਣ ਨਹੀਂ ਸੀ ਥੰਮ ਰਿਹਾ। ਸਿੱਖ ਹੋਣ ਦੇ ਨਾਤੇ ਮੈਨੂੰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਸੰਘਰਸ਼ ਨੂੰ ਬੜੇ ਮਾਰਮਿਕ ਢੰਗ ਨਾਲ ਪੇਸ਼ ਕਰਦੀ ਇਹ ਫਿਲਮ ਵਿਸ਼ਵ ਭਰ ਵਿੱਚ ਸਿੱਖਾਂ ਤੇ ਹੋਰਨਾਂ ਭਾਈਚਾਰਿਆਂ ਤੱਕ ਪੁੱਜਦੀ ਕਰਨ ਦਾ ਮੌਕਾ ਮਿਲਣ ਉੱਤੇ ਬੜਾ ਮਾਣ ਮਹਿਸੂਸ ਹੋਇਆ। ਇਸ ਫਿਲਮ ਨੂੰ ਵੇਖ ਕੇ ਸਿੱਖ ਬੱਚੇ ਇਹ ਜਾਣ ਸਕਣਗੇ ਕਿ ਬਹਾਦਰ ਸਿੱਖ ਕੌਮ ਨੇ ਕਿਸ ਤਰ੍ਹਾਂ ਧਾਰਮਿਕ ਅਸ਼ਹਿਣਸ਼ੀਲਤਾ ਤੇ ਸਿੱਖਾਂ ਉੱਤੇ ਜੁਲਮ ਤੇ ਜਬਰ ਦਾ ਵਿਰੋਧ ਕਰਦਿਆਂ ਦੁਸ਼ਮਣਾਂ ਨਾਲ ਲੋਹਾ ਲੈਣ ਅਤੇ ਕੁਰਬਾਨੀਆਂ ਦੇਣ ਦਾ ਸਿਲਸਿਲਾ ਬਰਕਰਾਰ ਰੱਖਿਆ ਹੋਇਆ ਹੈ।
‘ਦਿ ਬਲੈਕ ਪ੍ਰਿੰਸ’ ਦੇ ਨਿਰਦੇਸ਼ਕ ਕਵੀ ਰਾਜ਼ ਨੇ ਯੂਨੀਗਲੋਬ ਐਂਟਰਟੇਨਮੈਂਟ ਨਾਲ ਸਹਿਯੋਗ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਵਿਰਸੇ ਨੂੰ ਦਰਸਾਉਂਦੀ ਇਸ ਫਿਲਮ ਨੂੰ ਵਿਸਾਖੀ ਮੌਕੇ ਆਨ ਲਾਈਨ ਤੇ ਡੀਵੀਡੀ ਰਿਲੀਜ ਕਰਨਾ ਬੜਾ ਢੁਕਵਾਂ ਸਮਾਂ ਹੈ। ਇਸ ਮੌਕੇ ਸਿੱਖ ਅਪਣੇ ਯੋਧਿਆਂ ਦੀਆਂ ਘਾਲਨਾਵਾਂ ਦੇ ਜਸ਼ਨ ਮਨਾਉਂਦੇ ਹਨ ਤੇ ਇਹੋ ਕਾਰਜ ‘ਦਿ ਬਲੈਕ ਪ੍ਰਿੰਸ’ ਕਰਦੀ ਹੈ।
ਐਗਜੀਕਿਊਟਿਵ ਪ੍ਰੋਡਿਊਸਰ ਜਸਜੀਤ ਸਿੰਘ ਦਾ ਕਹਿਣਾ ਹੈ ਕਿ ਮੇਰਾ ਯਤਨ ਇਸ ਇਤਿਹਾਸਕ ਕਹਾਣੀ ਨੂੰ ਸਾਡੇ ਬੱਚਿਆਂ ਤੱਕ ਵੱਡੀ ਪੱਧਰ ਉੱਤੇ ਪਹੁੰਚਾਉਣ,ਦੱਸਣ ਅਤੇ ਸੁਣਾਉਣ ਦਾ ਹੈ ਤਾਂ ਕਿ ਉਹ ਅਪਣੀ ਕੌਮ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਸੰਘਰਸ਼ ਤੋਂ ਪ੍ਰੇਰਣਾ ਲੈ ਕੇ ਅਪਣੇ ਭਵਿੱਖ ਪ੍ਰਤੀ ਸੁਚੇਤ ਹੋਣ। ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਿੱਖ ਰਾਜ ਦੀ ਬਹਾਲੀ ਲਈ ਮਹਾਰਾਜਾ ਦਲੀਪ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉੱਸ ਵੇਲੇ ਸਿੱਖਾਂ ਦਾ ਕੀ ਹੁੰਗਾਰਾ ਤੇ ਪ੍ਰਤੀਕਰਮ ਸੀ। ਉਸ ਵਲੋਂ ਆਰੰਭਿਆ ਯਤਨ ਗਦਰ ਲਹਿਰ ਦੇ ਰੂਪ ਵਿੱਚ ਉਭਰ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦੀਆਂ ਅਥਾਹ ਕੁਰਬਾਨੀਆਂ ਅਤੇ ਵੱਡੇ ਯੋਗਦਾਨ ਵਜੋਂ ਸਾਹਮਣੇ ਆਇਆ। ਦੁੱਖ ਇਸ ਗੱਲ ਦਾ ਹੈ ਕਿ ਇਸ ਸਾਰਾ ਚੈਪਟਰ ਭਾਰਤੀ ਇਤਿਹਾਸ ਵਿਚੋਂ ਗੁੰਮ ਹੈ।
ਨਮਰਤਾ ਗੁਜਰਾਲ ਨੇ ਆਸ ਪ੍ਰਗਟਾਈ ਹੈ ਕਿ ਵਿਸ਼ਵ ਭਰ ਵਿੱਚ ਸਿੱਖ 10 ਅਪਰੈਲ ਨੂੰ ‘ਦਿ ਬਲੈਕ ਪ੍ਰਿੰਸ’ ਦੇ ਆਨ ਲਾਈਨ ਤੇ ਡਿਜੀਟਲ ਤੌਰ ਉੱਤੇ ਰਿਲੀਜ ਕੀਤੇ ਜਾਣ ਨੂੰ ਤਕੜਾ ਹੁੰਗਾਰਾ ਦੇ ਕੇ ਸਿੱਖ ਇਤਿਹਾਸ ਦੇ ਅਹਿਮ ਦਸਤਾਵੇਜ ਦੀ ਕਦਰ ਪਾਉਣਗੇ।
ਫਿਰਦੌਸ ਪ੍ਰੋਡੱਕਸ਼ਨਜ ਅਤੇ ਬ੍ਰਿਟਿਸ਼ ਐਂਟਰਟੇਨਮੈਂਟ ਪਾਰਟਨਰਜ਼ ਹਾਲੀਵੁੱਡ ਵਲੋਂ ਸਾਂਝੇ ਤੌਰ ਉੱਤੇ ਬਣਾਈ ‘ਦਿ ਬਲੈਕ ਪ੍ਰਿੰਸ’ ਦੇ ਹਿੰਦੀ ਤੇ ਪੰਜਾਬੀ ਰੂਪਾਂ ਨੂੰ ਭਾਰਤ ਵਿੱਚ ਉੱਘੀ ਕੰਪਨੀ ਸਾਗਾ ਨੇ ਰਿਲੀਜ਼ ਕੀਤਾ ਸੀ।
‘ਦਿ ਬਲੈਕ ਪ੍ਰਿੰਸ’ ਡਿਜੀਟਲ ਤੇ ਡੀਵੀਡੀ ਰੂਪ ਵਿੱਚ 10 ਅਪਰੈਲ 2018 ਤੋਂ ਪਹਿਲਾਂ ਕੀਤੇ ਆਰਡਰਾਂ ਅਨੁਸਾਰ ਪ੍ਰਾਪਤ ਕੀਤੀ ਜਾ ਸਕੇਗੀ। ਇਹ ਫਿਲਮ Amazon, ITunes,Google Play, FandangoNow, Sony Play Station Microsoft Xbox ਦੇ ਜਰੀਏ ਮਿਲ ਸਕੇਗੀ। ‘ਦਿ ਬਲੈਕ ਪ੍ਰਿੰਸ’ ਦੀ ਡੀਵੀਡੀ Amazon ਡੀਵੀਡੀ ਅਤੇ ਫਿਲਮ ਦੀ ਵੈਬਸਾਈਟ www.TheBlackPrince.com  ਰਾਹੀਂ ਵੰਡੀ ਜਾਵੇਗੀ।
ਹੋਰ ਜਾਣਕਾਰੀ ਲਈ ਸੰਪਰਕ ਕਰੋ:
Sterling Media
Tel: +44 20 7801 0077
Email: theblackprince@sterlingmedia.co.uk

 

”ਨਾਨਕ ਸ਼ਾਹ ਫ਼ਕੀਰ” ਦੇ ਵਪਾਰੀਆਂ ਨੂੰ ਸ਼੍ਰੋਮਣੀ ਕਮੇਟੀ ਦਾ ਥਾਪੜਾ
ਸਿੱਖ ਇਤਿਹਾਸ ਬਾਰੇ ਅਹਿਮ ਫਿਲਮ ‘ਦ ਬਲੈਕ ਪ੍ਰਿੰਸ’ ਨੂੰ ਕੀਤੀ ਨਾਂਹ
ਜਸਜੀਤ ਸਿੰਘ ਵਲੋਂ ਭਾਈ ਰੂਪ ਸਿੰਘ ਨੂੰ ਪੱਤਰ
ਵੈਨਕੂਵਰ/ਬਿਊਰੋ ਨਿਊਜ਼:
ਭਰੋਸੋਯੋਗ ਸੂਤਰਾਂ ਦੇ ਦੱਸਣ ਮੁਤਾਬਕ ਕੁਝ ਕਾਰੋਬਾਰੀ ਬੰਦੇ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਵੇਚਣ ਲਈ ਫ਼ਿਲਮ ”ਨਾਨਕ ਸ਼ਾਹ ਫ਼ਕੀਰ” ਦੁਬਾਰਾ ਰੀਲੀਜ਼ ਕਰਵਾਉਣ ਦੀ ਕੋਸ਼ਿਸ਼ ‘ਚ ਹਨ ਅਤੇ ਇਸ ਵਾਰ ਇਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੁਝ ਹੋਰ ਜਥੇਬੰਦੀਆਂ ਦੀ ਹਮਾਇਤ ਵੀ ਹਾਸਲ ਦੱਸੀ ਜਾਂਦੀ ਹੈ।
ਵੇਖਣ ਵਾਲੀ ਗੱਲ ਇਹ ਹੈ ਕਿ ਸਿੱਖਾਂ ਦੀ ਪਾਰਲੀੰਮੈਂਟ ਅਖ਼ਵਾਉਂਦੀ ਇਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉੱਤੇ ਬਣੀ ਹਾਲੀਵੁੱਡ ਦੀ ਬਹੁਤ ਹੀ ਅਹਿਮ  ਫਿਲਮ ‘ਦ ਬਲੈਕ ਪ੍ਰਿੰਸ’ ਨੂੰ ਵਿਖਾਏ ਜਾਣ ਦੀ ਹਮਾਇਤ ਕਰਨ ਤੋਂ ਬਿਨਾਂ ਕਿਸੇ ਕਾਰਨੋਂ ਕੋਰੀ ਨਾਂਹ ਕਰ ਦਿੱਤੀ। ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬੰਡੂਗਰ ਤੱਕ ਜਦੋਂ ਕੁਝ ਜੁੰਮੇਵਾਰ ਸਿੱਖਾਂ ਵਲੋਂ ਇਸ ਸਬੰਧੀ ਪਹੁੰਚ ਕੀਤੀ ਗਈ ਤਾਂ ਉਸਨੇ ਫਿਲਮ ਵੇਖ ਕੇ ਕੋਈ ਨਿਰਣਾ ਲੈਣ ਦੀ ਬਜਾਏ ਆਨੀਂ ਬਹਾਨੀਂ ਪੱਲਾ ਝਾੜ ਲਿਆ।
ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦੀ ਫੇਸਬੁੱਕ ਪੋਸਟ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋੰ ਸਰਕੂਲਰ ਜਾਰੀ ਕਰਕੇ ਸਕੂਲਾਂ, ਕਾਲਜਾਂ ਨੂੰ ਬੇਨਤੀ ਕੀਤੀ ਗਈ ਹੈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ”ਨਾਨਕ ਸ਼ਾਹ ਫ਼ਰੀਕ” ਫ਼ਿਲਮ ਦਿਖਾਈ ਜਾਵੇ। ਇਸ ਦੇ ਨਾਲ-ਨਾਲ ਦੂਜਾ ਸਰਕੂਲਰ ਇਹ ਕੱਢਿਆ ਕਿ ਗੁਰਦੁਆਰਿਆਂ’ਚ ਫ਼ਿਲਮ ਦੇ ਇਸ਼ਤਿਹਾਰ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਵੀ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਬ-ਕਮੇਟੀ ਨੇ ਇਹ ਫਿਲਮ ਪਾਸ ਕਰਕੇ ਰੀਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਸੀ।
ਅਜਿਹੀਆਂ ਸਿੱਖ ਵਿਰੋਧੀ ਚਾਲਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਬਿਨਾ ਕਿਸੇ ਵਿਚੋਲੇ ਰਾਹੀਂ ਸਿੱਧੀ ਪੜ੍ਹ ਕੇ ਜਾਣਕਾਰੀ ਲੈ ਸਕਦੇ ਹਾਂ ਤਾਂ ਇਹ ਵਪਾਰੀ ਲੋਕ ਸਾਨੂੰ ਕੀ ਸਮਝਾਉਣਗੇ ਜਾਂ ਦਿਖਾਉਣਗੇ?
ਸ਼ਬਦ ਗੁਰੂ ਨੂੰ ”ਗੁਰੂ” ਮੰਨਣ ਦੀ ਥਾਂ ਕਿਸੇ ਕਲਾਕਾਰ ਜਾਂ ਐਨੀਮੇਸ਼ਨ ਦੇ ਰੂਪ ‘ਚ ਗੁਰੂ ਸਾਹਿਬ ਨੂੰ ਪਰਦੇ ‘ਤੇ ਦੇਖਣ ਦੀ ਲਾਲਸਾ ਸਿੱਖਾਂ ਲੲੀ ਬਹੁਤ ਮਾਰੂ ਸਾਬਤ ਹੋਵੇਗੀ ਤੇ ਇਸ ਰੁਝਾਨ ਨੂੰ ਰੋਕਣ ਲਈ ਸਿੱਖਾਂ ਨੂੰ ਇਕੱਠੇ ਹੋਣਾ ਪਵੇਗਾ। ਸਾਡੇ ਵਾਰ-ਵਾਰ ਟੀਕਾ ਲਾ ਕੇ ਦੇਖਿਆ ਜਾ ਰਿਹਾ ਕਿ ਕਿੰਨਾ ਕੁ ਸਹਿੰਦੇ ਹਨ।
ਜਿਹੜੇ ਹੋਰ ਧਰਮਾਂ ਦੇ ਪੈਗੰਬਰਾਂ ‘ਤੇ ਪਹਿਲਾਂ ਫਿਲਮਾਂ ਬਣੀਆਂ ਹਨ, ਉਨ੍ਹਾਂ ਵੱਲ ਹੀ ਦੇਖ ਲਓ ਕਿ ਉਨ੍ਹਾਂ ਜਾਣਕਾਰੀ ਫੈਲਾੲੀ ਹੈ ਜਾਂ ਮਜ਼ਾਕ ਦੇ ਪਾਤਰ ਬਣਾਇਆ? ਉਨ੍ਹਾਂ ‘ਚੋਂ ਸੀਨ ਕੱਟ ਕੇ ਤੇ ਪਿੱਛੇ ਹੋਰ ਆਵਾਜ਼ਾਂ ਭਰਕੇ ਲੋਕਾਂ ਨੇ ਸ਼ੁਗਲ ਬਣਾਇਆ ਹੋਇਆ ਵੱਟਸਐਪ ‘ਤੇ। ਇਹੀ ਕੁਝ ਇਸ ਫਿਲਮ ਤੋਂ ਬਾਅਦ ਹੋਣਾ ਤੇ ਫਿਰ ਅਸੀਂ ਲਹੂ ਦੇ ਘੁੱਟ ਪੀਣੇ ਹਨ।
ਸਾਨੂੰ ਇਹ ਪ੍ਰਵਾਨ ਨਹੀਂ ਕਿ ਗੁਰੂ ਸਾਹਿਬਾਨ ਦਾ ਰੋਲ ਕੋਈ ਦੁਨਿਆਵੀ ਬੰਦਾ ਕਰੇ। ਜੇ ਗੱਲ ਉਨ੍ਹਾਂ ਦੀ ਸਿੱਖਿਆ ਜਾਂ ਜੀਵਨੀ ਫਿਲਮਾਉਣ ਦੀ ਹੈ ਤਾਂ ਹੋਰ ਬਹੁਤ ਤਰੀਕੇ ਹਨ ਅਜਿਹਾ ਫਿਲਮਾਉਣ ਦੇ।
ਉਨ੍ਹਾਂ ਸੱਦਾ ਦਿੱਤਾ ਕਿ ਇਹ ਫ਼ਿਲਮ ਬੰਦ ਕਰਵਾਉਣ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕੀਤਾ ਜਾਵੇ ਤਾਂ ਕਿ ਉਹ ਆਪਣੇ ਫੈਸਲੇ ਵਾਪਸ ਲਵੇ। ਸਿੱਖ ਜੱਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਸਿੱਖ ਪੰਥ ਇਸ ਪਾਸੇ ਗਰਕਣ ਤੋਂ ਬਚਾਉਣ ਤੋਂ ਬਚਾਉਣ ਲਈ ਯੋਗ ਉਪਰਾਲੇ ਹਨ।
ਇਸੇ ਦੌਰਾਨ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਸਮੇਤ ਸਭ ਸਿੱਖ ਸੰਸਥਾਂਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੁਸ਼ਟ ਕਾਰਜ ‘ਚ ਭਾਈਵਾਲ ਨਾ ਬਣਨ ਤੇ ਇਸਦਾ ਵਿਰੋਧ ਕਰਨ।

ਕਮੇਟੀ ਕੋਈ ਸਾਰਥਕ ਨੀਤੀ ਬਣਾਏ :ਜਸਜੀਤ ਸਿੰਘ
ਹੁਣ ‘ਨਾਨਕ ਸ਼ਾਹ ਫਕੀਰ’ ਵਰਗੀ ਵਾਦ ਵਿਵਾਦੀ ਫ਼ਿਲਮ ਦੀ ਹਮਾਇਤ ਦੀ ਖ਼ਬਰ ਮਿਲਿਦਆਂ ‘ਦ ਬਲੈਕ ਪ੍ਰਿੰਸ’ ਦੇ ਐਗਜੀਕਿਊਟਿਵ ਪ੍ਰੋਡਿਊਸਰ ਸ. ਜਸਜੀਤ ਸਿੰਘ ਨੇ  ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਈ ਰੂਪ ਸਿੰਘ ਨੂੰ ਈਮੇਲ ਪੱਤਰ ਰਾਹੀਂ ਕਿਹਾ ਹੈ ਕਿ ਸਿੱਖ ਗੁਰੂਆਂ ਨਾਲ ਸਬੰਧਿਤ ‘ਨਾਨਕ ਸ਼ਾਹ ਫਕੀਰ’ ਵਰਗੀ ਫਿਲਮ ਵਿਖਾਉਣ ਦਾ ਕਮੇਟੀ ਦਾ ਫੈਸਲਾ ਕਿਸੇ ਵੀ ਤਰ੍ਹਾਂ ਠੀਕ ਨਹੀਂ। ਉਨ੍ਹਾਂ ਸਪੱਸ਼ਟ ਲਿਖਿਆ ਹੈ,  ”ਖੁਦ ਇੱਕ ਫਿਲਮਸਾਜ਼ ਹੋਣ ਦੇ ਨਾਤੇ ਮੈਂਨੂੰ ਕਿਸੇ ਹੋਰ ਦੀ ਫਿਲਮ ਬਾਰੇ ਇਤਰਾਜ਼ ਕਰਨਾ ਨਹੀਂ ਬਣਦਾ। ਇਸ ਲਈ ਮੈਂ ਇਹ ਪੱਤਰ ‘ਦ ਬਲੈਕ ਪ੍ਰਿੰਸ’ ਦੇ ਐਗਜੀਕਿਊਟਿਵ ਪ੍ਰੋਡਿਊਸਰ ਵਜੋਂ ਨਹੀਂ ਬਲਕਿ ਇੱਕ ਸਿੱਖ ਹੋਣ ਦੇ ਨਾਤੇ ਲਿਖ ਰਿਹਾਂ।”
ਸ਼੍ਰੋਮਣੀ ਕਮੇਟੀ ਵਲੋਂ ਇਸ ਫਿਲਮ ਦੀ ਹਮਾਇਤ ਕਰਨ ਦਾ ਵਿਰੋਧ ਕਰਦਿਆਂ ਸ. ਜਸਜੀਤ ਸਿੰਘ ਨੇ ਜਦੋਂ ਉਸਨੇ ਕਾਫ਼ੀ ਸਮਾਂ ਪਹਿਲਾਂ ਫਰੀਮੌਂਟ ਵਿਖੇ ‘ਨਾਨਕ ਸ਼ਾਹ ਫ਼ਕੀਰ’ ਫਿਲਮ ਵੇਖੀ ਤਾਂ ਉਸ ਵਿੱਚ ਵਿਸ਼ੇ ਪੱਖੋਂ ਅਤੇ ਪੇਸ਼ਕਾਰੀ (ਤਕਨੀਕੀ ਪਹਿਲੂਆਂ ਨੂੰ ਪਾਸੇ ਛੱਡ ਕੇ) ਵੱਡੀਆਂ ਘਾਟਾਂ/ਗਲਤੀਆਂ ਸਨ। ਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਆਮ ਆਦਮੀ ਵਜੋਂ ਪੇਸ਼ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਹੋ ਸਕਦਾ ਹੈ ਫਿਲਮ ਬਣਾਉਣ ਵਾਲਿਆਂ ਨੇ ਪਿਛਲੇ ਸਮੇਂ ਦੌਰਾਨ ਸਿੱਖ ਸੰਗਤਾਂ ਵਲੋਂ ਉਠਾਏ ਇਤਰਾਜ਼ਾਂ ਦੇ ਮੱਦੇਨਜ਼ਰ ਕੁਝ ਸੋਧਾਂ ਕੀਤੀਆਂ ਹੋਣਗੀਆਂ ਪਰ ਮੈਂ ਅਜੇ ਵੀ ਮਹਿਸੂਸ ਕਰਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਸਾਡੇ ਲਈ ‘ਗੁਰੂ’ ਹਨ ਫ਼ਕੀਰ ਨਹੀਂ।
‘ਇਸਦੇ ਨਾਲ ਹੀ ਮੈਂ ਤੁਹਾਡਾ ਧਿਆਨ ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨ ਭਾਈ ਕ੍ਰਿਪਾਲ ਸਿੰਘ ਬਡੂੰਗਰ ਵਲੋਂ ‘ਦ ਬਲੈਕ ਪ੍ਰਿੰਸ’ ਦੀ ਹਮਾਇਤ ਕਰਨ ਤੋਂ ਨਾਂਹ ਕਰਨ ਵਲ ਵੀ ਦਿਵਾਉਣਾ ਚਾਹੁੰਦਾ ਹਾਂ। ਮੈਂ ਇੱਥੇ ਇਹ ਵੀ ਸਪੱਸ਼ਟ ਕਰਦਿਆਂ ਕਿ ਅਸੀਂ ਸ਼੍ਰੋਮਣੀ ਕਮੇਟੀ ਕੋਲ ‘ਦ ਬਲੈਕ ਪ੍ਰਿੰਸ’ ਦੀ ਹਮਾਇਤ ਲਈ ਪਹੁੰਚ ਨਹੀਂ ਸੀ ਕੀਤੀ। ਪਰ ਭਾਈ ਕਰਨੈਲ ਸਿੰਘ ਪੰਜੋਲੀ ਅਤੇ ਸੀਨੀਅਰ ਪੱਤਰਕਾਰ ਭਾਈ ਕਰਮਜੀਤ ਸਿੰਘ ਨੇ ਫ਼ਿਲਮ ਵੇਖਣ ਬਾਅਦ ਭਾਈ ਬੰਡੂਗਰ ਨਾਲ ਸੰਪਰਕ ਕੀਤਾ ਤਾਂ ਉਸਦਾ (ਬੰਡੂਗਰ) ਉੱਤਰ ਸੀ ਕਿ ”ਫਿਲਮ ਵਿੱਚ ਸਿੱਖ ਇਤਿਹਾਸ ਨੂੰ ਤੋੜ-ਮ੍ਰੋੜ ਕੇ ਪੇਸ਼ ਕੀਤਾ ਹੈ’। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ  ਨੇ ਫਿਲਮ ਵੇਖੇ ਬਿਨਾਂ ਹੀ ਕਿਸੇ ਦੇ ਕਹੇ-ਕਹਾਏ ਉਕਤ ਗੈਰ-ਜੁੰਮੇਵਾਰਾਨਾ ਟਿਪਣੀ ਕੀਤੀ ਸੀ। ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦਿੱਲੀ ਵਿੱਚ ਫਿਲਮ ਵੇਖ ਕੇ ਬੜੀ ਸਰਾਹਨਾ ਕੀਤੀ ਸੀ।
ਅਖ਼ੀਰ ਵਿਚ ਮੈਂ ਇਹ ਸਪੱਸ਼ਟ ਕਰ ਰਿਹਾਂ ਕਿ ਮੇਰਾ ਇਹ ਈਮੇਲ ਲਿਖਣਾ ਦਾ ਮੰਤਵ ਸ਼੍ਰੋਮਣੀ ਕਮੇਟੀ ਤੋਂ ਕੋਈ ਹਮਾਇਤ ਜਾਂ ਰਿਆਇਤ ਲੈਣ ਦਾ ਨਹੀਂ । ਸਿਰਫ਼ ਇਹੋ ਕਹਿਣਾ ਹੈ ਕਿ ਤੁਹਾਡੀ ਸੰਸਥਾ ਨੂੰ ਸਿੱਖ ਇਤਿਹਾਸ ਬਾਰੇ ਫਿਲਮਾਂ, ਡਾਕੂਮੈਂਟਰੀਆਂ ਅਤੇ ਕਿਤਾਬਾਂ ਆਦਿ ਦੀ ਹਮਾਇਤ ਕਰਨ ਸਮੇਂ ਕੋਈ ਵੀ ਫੈਸਲਾ ਕਰਨ ਲਈ ਇੱਕ ਨੀਤੀ ਵਿਧਾਨ ਬਣਾਉਣਾ ਚਾਹੀਦਾ ਹੈ। ਸੁਣ ਸੁਣਾ ਕੇ ਜਾਂ ਸਿਫ਼ਾਰਸ਼ੀ ਫੈਸਲੇ ਪੰਥਕ ਹਿੱਤਾਂ ਤੇ ਰਵਾਇਤਾਂ ਨੂੰ ਸਦਾ ਹੀ ਢਾਹ ਲਾਉਂਦੇ ਹਨ।