ਐਚ-1ਬੀ ਵੀਜ਼ਿਆਂ ‘ਤੇ ਰੋਕ ਲਾਏਗਾ ਅਮਰੀਕਾ

ਐਚ-1ਬੀ ਵੀਜ਼ਿਆਂ ‘ਤੇ ਰੋਕ ਲਾਏਗਾ ਅਮਰੀਕਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਵਿਦੇਸ਼ੀ ਕਾਮਿਆਂ ਵੱਲੋਂ ਐਚ-1ਬੀ ਅਤੇ ਐਲ1 ਵੀਜ਼ਿਆਂ ਦੀ ‘ਦੁਰਵਰਤੋਂ’ ਰੋਕਣ ਲਈ ਟਰੰਪ ਪ੍ਰਸ਼ਾਸਨ ਕਾਨੂੰਨੀ ਚਾਰਾਜੋਈ ਸਣੇ ਹੋਰ ਕਦਮ ਚੁੱਕੇਗਾ। ਇਹ ਭਰੋਸਾ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਟਾਰਨੀ ਜਨਰਲ ਦੇ ਅਹੁਦੇ ਲਈ ਨਾਮਜ਼ਦ ਸੈਨੇਟਰ ਜੈਫ ਸੈਸ਼ਨਜ਼ ਨੇ ਅਮਰੀਕੀ ਕਾਨੂੰਨਸਾਜ਼ਾਂ ਨੂੰ ਦਿੱਤਾ। ਇਸ ਕਦਮ ਨਾਲ ਭਾਰਤੀ ਆਈਟੀ ਕੰਪਨੀਆਂ ਤੇ ਪੇਸ਼ੇਵਰਾਂ ਨੂੰ ਤਕੜੀ ਸੱਟ ਵੱਜ ਸਕਦੀ ਹੈ। ਅਟਾਰਨੀ ਜਨਰਲ ਦੇ ਅਹੁਦੇ ਦੀ ਪੁਸ਼ਟੀ ਲਈ ਆਪਣੀ ਸੁਣਵਾਈ ਦੌਰਾਨ ਸੈਸ਼ਨਜ਼ ਨੇ ਸੈਨੇਟ ਦੀ ਜੁਡੀਸ਼ਰੀ ਕਮੇਟੀ ਨੂੰ ਦੱਸਿਆ ਕਿ ਇਹ ਆਮ ਧਾਰਨਾ ਬਿਲਕੁਲ ਗਲਤ ਹੈ ਕਿ ਅਸੀਂ ਪੂਰੀ ਤਰ੍ਹਾਂ ਖੁੱਲ੍ਹੇ ਵਿਸ਼ਵ ਵਿੱਚ ਰਹਿ ਰਹੇ ਹਾਂ ਅਤੇ ਕਿਸੇ ਵੀ ਅਮਰੀਕੀ ਦੀ ਥਾਂ ਵਿਸ਼ਵ ਵਿੱਚੋਂ ਕਿਸੇ ਨੂੰ ਵੀ ਘੱਟ ਤਨਖ਼ਾਹ ਦੇ ਕੇ ਨੌਕਰੀ ਉਤੇ ਰੱਖਿਆ ਜਾ ਸਕਦਾ ਹੈ। ਸੈਨੇਟ ਦੀ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਸੈਨੇਟਰ ਚਾਰਲਸ ਗ੍ਰੈਸਲੇ ਦੇ ਸਵਾਲ ਦੇ ਜਵਾਬ ਵਿੱਚ ਸੈਸ਼ਨਜ਼ ਨੇ ਕਿਹਾ ਕਿ ਸਾਡੀ ਆਪਣੇ ਨਾਗਰਿਕਾਂ ਪ੍ਰਤੀ ਵਚਨਬੱਧਤਾ ਹੈ ਅਤੇ ਤੁਸੀਂ ਇਸ ਵਚਨਬੱਧਤਾ ਦੇ ਪਹਿਰੇਦਾਰ ਹੋਣੇ ਚਾਹੀਦੇ ਹੋ।