ਜੇਕਰ ਜੇ.ਐਨ.ਯੂ. ਵਰਗੀ ਵਿਵਸਥਾ ਨਾ ਹੁੰਦੀ ਤਾਂ…

ਜੇਕਰ ਜੇ.ਐਨ.ਯੂ. ਵਰਗੀ ਵਿਵਸਥਾ ਨਾ ਹੁੰਦੀ ਤਾਂ…

ਕਿਸੇ ਵੀ ਸਿਆਸੀ ਦਲ ਲਈ ਦੂਸਰੇ ਦਲ ਦੀ ਵਿਚਾਰਧਾਰਾ ਨੂੰ ਖ਼ਤਮ ਕਰਨਾ ਇਕ ਚੁਣੌਤੀ ਹੁੰਦਾ ਹੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦੱਖਣਪੰਥੀ ਮੰਨੀ ਜਾਣ ਵਾਲੀ ਭਾਜਪਾ ਲਈ ਧਰਮ ਨਿਰਪੱਖ ਦਲ ਤੇ ਖ਼ਾਸ ਕਰਕੇ ਖੱਬੇਪੱਖੀ ਵਿਚਾਰਧਾਰਾ ਇਕ ਚੁਣੌਤੀ ਰਹੀ ਹੈ। ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਜੇ.ਐਨ.ਯੂ. ਉਸ ਖੱਬੇਪੱਖੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਉਭਰੀ ਹੈ, ਜਿੱਥੇ ਹਰ ਉਸ ਗੱਲ ਦੀ ਆਲੋਚਨਾ ਸੰਭਵ ਹੈ ਜੋ ਦੱਖਣਪੰਥੀ ਦਲਾਂ ਲਈ ਪਵਿੱਤਰ ਹੈ-ਮਸਲਨ, ਕਸ਼ਮੀਰ, ਗਾਂ, ਦੇਸ਼ ਭਗਤੀ, ਰਾਸ਼ਟਰਵਾਦ…।

ਸੁਸ਼ੀਲ ਕੁਮਾਰ ਝਾਅ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੀ ਦਾਖ਼ਲਾ ਨੀਤੀ ਜਿਹੋ ਜਿਹੀ ਹੈ, ਵੈਸੀ ਨਾ ਹੁੰਦੀ ਤਾਂ ਮੇਰੇ ਵਰਗੇ ਹੇਠਲੇ ਮੱਧ ਵਰਗੀ ਪਰਿਵਾਰ ਦੇ ਵਿਦਿਆਰਥੀ ਦਾ ਝਾਰਖੰਡ ਦੇ ਜਾਦੂਗੋਡਾ ਤੋਂ ਦਿੱਲੀ ਪਹੁੰਚਣਾ ਆਸਾਨ ਨਹੀਂ ਹੁੰਦਾ। ਦਾਖ਼ਲਾ ਮਿਲ ਵੀ ਜਾਂਦਾ ਤਾਂ ਮੈਂ ਸ਼ਾਇਦ ਪੜ੍ਹਾਈ ਦਾ ਖ਼ਰਚ ਨਾ ਚੁੱਕ ਸਕਦਾ ਜੇਕਰ ਜੇ.ਐਨ.ਯੂ. ਵਰਗੀ ਵਿਵਸਥਾ ਨਾ ਹੁੰਦੀ।
ਪਹਿਲਾਂ ਤਾਂ ਕੁਝ ਤੱਥਾਂ ਦੀ ਗੱਲ ਹੋ ਜਾਵੇ, ਫੇਰ ਮੁੱਲਾਂ ਦੀ ਗੱਲ ਕਰਦੇ ਹਾਂ।
ਜੇ.ਐਨ.ਯੂ. ਦੀ ਸਥਾਪਨਾ ਸੰਸਦ ਦੇ ਇਕ ਐਕਟ ਨਾਲ ਹੋਈ ਸੀ।
ਸਿਰਫ਼ ਜੇ.ਐਨ.ਯੂ. ਵਿਚ ਹੀ ਦਾਖ਼ਲੇ ਦੀ ਅਜਿਹੀ ਨੀਤੀ ਰਹੀ ਹੈ, ਜਿਸ ਵਿਚ ਪੱਛੜੇ ਜ਼ਿਲ੍ਹਿਆਂ ਤੋਂ ਆਉਣ ਵਾਲਿਆਂ ਨੂੰ ਇਸ ਲਈ ਵਾਧੂ ਨੰਬਰ ਦਿੱਤੇ ਜਾਂਦੇ ਹਨ। ਭਾਵ, ਤੁਸੀਂ ਉਡੀਸਾ ਦੇ ਕਾਲਾਹਾਂਡੀ ਜ਼ਿਲ੍ਹੇ ਤੋਂ ਹੋ ਤਾਂ ਤੁਹਾਨੂੰ 5 ਨੰਬਰ ਮਿਲਣਗੇ ਕਿਉਂਕਿ ਉਹ ਇਲਾਕਾ ਪੱਛੜਿਆ ਹੈ।
ਜੇ.ਐਨ.ਯੂ. ਵਿਚ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਾਰਤ ਦੇ ਸਾਰੇ ਸੂਬਿਆਂ ਤੋਂ ਵਿਦਿਆਰਥੀ ਪੜ੍ਹਨ ਆ ਸਕਣ, ਹਾਲਾਂਕਿ ਬਿਹਾਰ ਤੇ ਉਡੀਸਾ ਵਰਗੇ ਪੱਛੜੇ ਸੂਬਿਆਂ ਦੇ ਵਿਦਿਆਰਥੀਆਂ ਦੀ ਸੰਖਿਆ ਜ਼ਿਆਦਾ ਹੈ।
ਜੇ.ਐਨ.ਯੂ. ਸੰਭਾਵੀ ਤੌਰ ‘ਤੇ ਪੂਰੇ ਭਾਰਤ ਵਿਚ ਸੋਸ਼ਲ ਸਾਇੰਸ ਦੇ ਮਲਟੀ ਡਿਸੀਪਲਨਰੀ ਰਿਸਰਚ ਦੀ ਇਕੋ-ਇਕ ਸੰਸਥਾ ਹਨ।
ਯੂਨੀਵਰਸਿਟੀ ਵਿਚ ਅਨੇਕਾਂ ਵਿਦੇਸ਼ੀ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ, ਅੰਡਰ ਗਰੈਜੁਏਟ ਕੋਰਸ ਸਿਰਫ਼ ਵਿਦੇਸ਼ੀ ਭਾਸ਼ਾਵਾਂ ਵਿਚ ਹੁੰਦੇ ਹਨ, ਬਾਕੀ ਸਾਰੇ ਕੋਰਸ ਮਾਸਟਰਸ ਤੋਂ ਸ਼ੁਰੂ ਹੁੰਦੇ ਹਨ।

ਹੁਣ ਜੇ.ਐਨ.ਯੂ ਦੇ ਮੁੱਲ
ਇਨ੍ਹਾਂ ‘ਤੇ ਲੰਬੀ ਬਹਿਸ ਦੀ ਸੰਭਾਵਨਾ ਹੈ। ਖ਼ਾਸ ਕਰਕੇ ਕਨੱ੍ਹਈਆ, ਉਮਰ ਖਾਲਿਦ ਮਾਮਲੇ ਤੋਂ ਬਾਅਦ। ਉਂਜ ਤਾਂ ਕਾਂਗਰਸ ਦੇ ਸ਼ਾਸਨ ਕਾਲ ਵਿਚ ਜੇ.ਐਨ.ਯੂ. ਦੀ ਸਥਾਪਨਾ ਹੋਈ ਸੀ ਤੇ ਨਾਂ ਵੀ ਕਾਂਗਰਸੀ ਨੇਤਾ ‘ਤੇ ਰੱਖਿਆ ਗਿਆ ਸੀ ਪਰ ਜੇ.ਐਨ.ਯੂ. ਕਦੇ ਵੀ ਸਿਆਸੀ ਤੌਰ ‘ਤੇ ਕਾਂਗਰਸੀ ਨਹੀਂ ਰਿਹਾ।
ਸ਼ੁਰੂਆਤੀ ਦੌਰ ਵਿਚ ਵੀ ਜੇ.ਐਨ.ਯੂ. ਦੇ ਵਿਦਿਆਰਥੀਆਂ ਦਾ ਝੁਕਾਅ ਖੱਬੇਪੱਖੀ ਸਿਆਸਤ ਵੱਲ ਰਿਹਾ। 70ਵੇਂ ਦਹਾਕੇ ਵਿਚ ਐਮਰਜੈਂਸੀ ਦੌਰਾਨ ਜੇ.ਐਨ.ਯੂ. ਸਰਕਾਰੀ ਦਮਨ ਦੇ ਵਿਰੋਧ ਵਿਚ ਅੱਗੇ ਰਿਹਾ ਤੇ ਬਾਅਦ ਵਿਚ ਇਸੇ ਕੈਂਪਸ ਤੋਂ ਨਿਕਲੇ ਸੀਤਾਰਾਮ ਯੇਚੁਰੀ ਤੇ ਪ੍ਰਕਾਸ਼ ਕਰਾਤ ਨੇ ਖੱਬੇਪੱਖੀ ਸਿਆਸਤ ਵਿਚ ਨਾਂ ਕਮਾਇਆ।
ਐਮਰਜੈਂਸੀ ਦਾ ਮਸ਼ਹੂਰ ਕਿੱਸਾ ਹੈ ਕਿ ਜਦੋਂ ਇੰਦਰਾ ਗਾਂਧੀ ਚੋਣ ਹਾਰ ਗਈ ਤਾਂ ਜੇ.ਐਨ.ਯੂ. ਤੋਂ ਵਿਦਿਆਰਥੀਆਂ ਦਾ ਇਕ ਵਫ਼ਦ ਸੀਤਾਰਾਮ ਯੇਚੁਰੀ ਦੀ ਅਗਵਾਈ ਵਿਚ ਇੰਦਰਾ ਗਾਂਧੀ ਕੋਲ ਗਿਆ ਤੇ ਇਕ ਪਰਚਾ ਪੜ੍ਹਿਆ ਜਿਸ ਵਿਚ ਵਰਣਨ ਸੀ ਕਿ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਐਮਰਜੈਂਸੀ ਦੌਰਾਨ ਕੀ ਕੀ ਗ਼ਲਤ ਹੋਇਆ।
ਵਿਦਿਆਰਥੀਆਂ ਦੀ ਮੰਗ ਸੀ ਕਿ ਉਹ ਜੇ.ਐਨ.ਯੂ. ਦੇ ਚਾਂਸਲਰ ਦੇ ਉਹਦੇ ਤੋਂ ਅਸਤੀਫ਼ਾ ਦੇਣ ਤੇ ਇੰਦਰਾ ਗਾਂਧੀ ਨੇ ਬਾਅਦ ਵਿਚ ਅਸਤੀਫ਼ਾ ਦੇ ਦਿੱਤਾ। ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਜੇ.ਐਨ.ਯੂ. ਵਿਚ ਰਾਖਵਾਂਕਰਨ ਦੇ ਵਿਰੋਧ ਵਿਚ ਅਤੇ ਸਮਰਥਨ ਵਿਚ ਅੰਦੋਲਨ ਚੱਲੇ ਪਰ ਬਾਅਦ ਵਿਚ ਯੂਨੀਵਰਸਿਟੀ ਦੀ ਦਿਖ ਮੂਲ ਰੂਪ ਨਾਲ ਰਾਖਵਾਂ ਸਮਰਥਕ ਯੂਨੀਵਰਸਿਟੀ ਵਜੋਂ ਹੀ ਬਣੀ। ਜੇ.ਐਨ.ਯੂ. ਦੇ ਵਿਦਿਆਰਥੀ ਚੋਣ ਕਈ ਵਰ੍ਹਿਆਂ ਤੋਂ ਆਪਣੇ ਆਪ ਵਿਚ ਵਿਲੱਖਣ ਰਹੀ ਹੈ। ਕਾਰਨ ਇਹ ਹੈ ਕਿ ਇਹ ਚੋਣ ਵਿਦਿਆਰਥੀ ਹੀ ਕਰਵਾਉਂਦੇ ਹਨ ਤੇ ਇਨ੍ਹਾਂ ਚੋਣਾਂ ਵਿਚ ਕਦੇ ਕਿਸੇ ਹਿੰਸਾ ਜਾਂ ਗੜਬੜੀਆਂ ਦੀ ਖ਼ਬਰ ਨਹੀਂ ਆਈ ਹੈ।
ਕੈਂਪਸ ਦੇ ਵਿਦਿਆਰਥੀ ਹੀ ਇਕ ਚੋਣ ਕਮੇਟੀ ਬਣਾਉਂਦੇ ਹਨ ਤੇ ਉਹੀ ਕਮੇਟੀ ਚੋਣ ਪ੍ਰਕਿਰਿਆ ਨੂੰ ਪੂਰਾ ਕਰਦੀ ਹੈ। ਚੋਣਾਂ ਦੌਰਾਨ ਹਰ ਦਲ ਨੂੰ ਪੂਰੇ ਕੈਂਪਸ ਵਿਚ ਥਾਂ ਦਿੱਤੀ ਜਾਂਦੀ ਹੈ, ਜਿੱਥੇ ਉਹ ਆਪਣੇ ਪੋਸਟਰ ਬਣਾ ਕੇ ਲਗਾ ਸਕਣ। ਕੈਂਪਸ ਵਿਚ ਛਪਵਾ ਕੇ ਪੋਸਟਰ ਬੈਨਰ ਲਗਾਉਣ ਦਾ ਚਲਣ ਨਹੀਂ ਹੈ, ਸਾਰੇ ਬੈਨਰ ਪੋਸਟਰ ਹੱਥ ਨਾਲ ਬਣਾਏ ਜਾਂਦੇ ਹਨ ਤੇ ਜੇਕਰ ਕੋਈ ਦਲ ਅਜਿਹਾ ਕਰਦਾ ਹੈ ਤਾਂ ਇਸ ਨੂੰ ਬੁਰਾ ਮੰਨਿਆ ਜਾਂਦਾ ਹੈ।

ਵਿਦਿਆਰਥੀ ਚੋਣਾਂ ‘ਚ ਜਿੱਤੇ ਕਈ ਵਿਦਿਆਰਥੀ ਸਿਆਸੀ ਦਲਾਂ ‘ਚ ਵੀ ਸਰਗਰਮ ਰਹੇ :
ਜੇ.ਐਨ.ਯੂ. ਨੂੰ ਧੁਰ ਖੱਬੇਪੱਖੀ ਮੰਨਣ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਕੈਂਪਸ ਵਿਚ 2001 ਵਿਚ ਹੋਈਆਂ ਚੋਣਾਂ ਵਿਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ੱਦ ਦੇ ਸੰਦੀਪ ਮਹਾਂਪਾਤਰ ਨੇ ਇਕ ਵੋਟ ਨਾਲ ਚੋਣ ਜਿੱਤੀ ਸੀ। ਕੈਂਪਸ ਵਿਚ ਵਿਦਿਆਰਥੀਆਂ ਨੂੰ ਬੋਲਣ ਦੀ ਆਜ਼ਾਦੀ ਦਾ ਆਲਮ ਕੁਝ-ਕੁਝ ਆਕਸਫੋਰਡ ਤੇ ਕੈਂਬਰਿਜ ਵਰਗਾ ਹੈ, ਜਿੱਥੇ ਸਰਕਾਰ ਦੀ, ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਦੀ ਪੂਰੀ ਛੋਟ ਹੈ।
ਫ਼ੌਜ, ਰਾਸ਼ਟਰ, ਰਾਸ਼ਟਰਵਾਦ, ਲੋਕਤੰਤਰ ਦੀਆਂ ਧਾਰਨਾਵਾਂ ‘ਤੇ ਸਿਹਤਮੰਦ ਬਹਿਸ ਨੂੰ ਚੰਗਾ ਮੰਨਿਆ ਜਾਂਦਾ ਹੈ ਤੇ ਵਿਦਿਆਰਥੀਆਂ ਨੂੰ ਅਜਿਹੀਆਂ ਬਹਿਸਾਂ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ। ਇਨ੍ਹਾਂ ਵਿਸ਼ਿਆਂ ‘ਤੇ ਜੇ.ਐਨ.ਯੂ. ਵਿਚ ਆਏ ਦਿਨ ਪਰਚੇ ਛਪਦੇ ਹਨ ਤੇ ਕਈ ਵਾਰ ਦੂਸਰੇ ਨੂੰ ਇਤਰਾਜ਼ਯੋਗ ਲੱਗਣ ਵਾਲੀ ਸਮੱਗਰੀ ਵੀ ਛਪਦੀ ਹੈ, ਜਿਸ ਦਾ ਜਵਾਬ ਲੋਕ ਆਪਣੇ ਪਰਚਿਆਂ ਨਾਲ ਦੇ ਸਕਦੇ ਹਨ।

ਲੜਕੀਆਂ ਲਈ ਸਾਜ਼ਗਾਰ ਮਾਹੌਲ :
ਭਾਜਪਾ ਦੇ ਵਿਧਾਇਕ ਗਿਆਨ ਅਹੁਜਾ ਦੇ ਉਸ ਵਿਵਾਦਤ ਬਿਆਨ ਦੀ ਲੋਕ ਅਕਸਰ ਚਰਚਾ ਕਰਦੇ ਹਨ ਕਿ ਜੇ.ਐਨ.ਯੂ. ਵਿਚ ਕੰਡੋਮ ਸੁੱਟੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਜੇ.ਐਨ.ਯੂ. ਪਹਿਲੀ ਯੂਨੀਵਰਸਿਟੀ ਸੀ, ਜਿੱਥੇ ਕੰਡੋਮ ਦੀ ਵੈਂਡਿੰਗ ਮਸ਼ੀਨ ਲਾਈ ਗਈ ਸੀ। ਹਾਲਾਂਕਿ ਇਸਤੇਮਾਲ ਨਾ ਹੋਣ ਕਾਰਨ ਉਹ ਹਟਾ ਲਈ ਗਈ ਸੀ।
ਜੇ.ਐਨ.ਯੂ. ਦਾ ਮਾਹੌਲ ਅਜਿਹਾ ਹੈ ਕਿ ਰਾਤ ਦੇ 12 ਵਜੇ ਤਕ ਕੁੜੀਆਂ ਆਰਾਮ ਨਾਲ ਘੁੰਮਦੀਆਂ ਰਹਿੰਦੀਆਂ ਹਨ। ਛੇੜਛਾੜ ਦੀ ਘਟਨਾ ਸ਼ਾਇਦ ਹੀ ਕਦੇ ਹੋਈ ਹੋਵੇ ਰਾਤ ਨੂੰ। ਹਾਂ, ਪਰ ਜਿਵੇਂ ਕਿ ਯੌਨ ਸੋਸ਼ਨ ਦੀਆਂ ਘਟਨਾਵਾਂ ਹਰ ਥਾਂ ਹੁੰਦੀਆਂ ਹਨ, ਉਵੇਂ ਹੀ ਜੇ.ਐਨ.ਯੂ. ਵਿਚ ਵੀ ਹੁੰਦੀਆਂ ਹਨ ਤੇ ਇਨ੍ਹਾਂ ਨਾਲ ਨਜਿੱਠਣ ਦਾ ਜੇ.ਐਨ.ਯੂ. ਦਾ ਆਪਣਾ ਤਰੀਕਾ ਹੈ। ਜੀ.ਐਸ.ਕੈਸ਼ ਨਾਂ ਦਾ ਇਕ ਕਮਿਸ਼ਨ ਜੇ.ਐਨ.ਯੂ. ਵਿਚ ਹੀ ਸਭ ਤੋਂ ਪਹਿਲਾਂ ਬਣਿਆ ਸੀ, ਜਿੱਥੇ ਕੋਈ ਵੀ ਕੁੜੀ ਯੌਨ ਸੋਸ਼ਨ ਜਾਂ ਛੇੜਛਾੜ ਦੀ ਸ਼ਿਕਾਇਤ ਕਰ ਸਕਦੀ ਹੈ। ਇਸ ਕਮਿਸ਼ਨ ਵਿਚ ਅਧਿਆਪਕ, ਵਿਦਿਆਰਥੀ ਤੇ ਪ੍ਰਸ਼ਾਸਨ ਦੇ ਲੋਕ ਹੁੰਦੇ ਹਨ ਤੇ ਸ਼ਿਕਾਇਤਾਂ ਦੀ ਬਾਕਾਇਦਾ ਸੁਣਵਾਈ ਕਰਕੇ ਸਜ਼ਾ ਦੀ ਵਿਵਸਥਾ ਹੁੰਦੀ ਹੈ। ਇਹ ਆਪਣੇ ਆਪ ਵਿਚ ਅਨੋਖਾ ਕਿਹਾ ਜਾ ਸਕਦਾ ਹੈ।
ਜੇ.ਐਨ.ਯੂ. ਦੇ ਮਾਹੌਲ ਵਿਚ ਲੜਕੀਆਂ ਨਾਲ ਛੇੜਛਾੜ ‘ਤੇ ਅਣਕਹੀ ਪਾਬੰਦੀ ਹੈ ਤੇ ਸ਼ਾਇਦ ਇਹੀ ਕਾਰਨ ਹੈ ਕਿ ਇਥੇ ਪੜ੍ਹਨ ਵਾਲੀਆਂ ਕੁੜੀਆਂ ਦਾ ਪ੍ਰਤੀਸ਼ਤ ਕਿਸੇ ਵੀ ਹੋਰ ਯੂਨੀਵਰਸਿਟੀ ਦੇ ਮੁਕਾਬਲੇ ਜ਼ਿਆਦਾ ਹੀ ਹੋਵੇਗਾ, ਘੱਟ ਨਹੀਂ।
ਯੂਨੀਵਰਸਿਟੀ ਦੇ ਲੋਕਪ੍ਰਿਯ ਗੰਗਾ ਢਾਬੇ ‘ਤੇ ਰਾਤ ਦੇ 2 ਵਜੇ ਵੀ ਮੁੰਡੇ-ਕੁੜੀਆਂ ਨੂੰ ਗੰਭੀਰ ਵਿਸ਼ਿਆਂ ‘ਤੇ ਬਹਿਸ ਕਰਦਿਆਂ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਕਈ ਲੋਕ ਇਹ ਪੁਛਦੇ ਹਨ ਕਿ ਜਦੋਂ ਖੱਬੇਪੱਖੀ ਪੂਰੇ ਦੇਸ਼ ਵਿਚ ਢਲਾਣ ‘ਤੇ ਹਨ ਤਾਂ ਫਿਰ ਜੇ.ਐਨ.ਯੂ. ਵਿਚ ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਵੱਧ ਕਿਉਂ ਰਹੇ ਹਨ?

ਇਸ ਦੇ ਕਈ ਜਵਾਬ ਹੋ ਸਕਦੇ ਹਨ, ਮਸਲਨ-
ਪੱਛੜੇ ਇਲਾਕਿਆਂ ਤੋਂ ਆਉਣ ਵਾਲੇ ਗ਼ਰੀਬ ਵਿਦਿਆਰਥੀਆਂ ਨੂੰ ਖੱਬੇਪੱਖੀ ਨਾਅਰੇ ਚੰਗੇ ਲਗਣਾ ਸੁਭਾਵਕ ਹੈ ਜੋ ਗ਼ਰੀਬ-ਗੁਰਬਿਆਂ ਦੀ ਗੱਲ ਕਰਦੇ ਹਨ। ਉਨ੍ਹਾਂ ਦੀ ਸਿਆਸਤ ਕਿੰਨੀ ਗੈਰ ਵਿਹਾਰਕ ਹੈ, ਇਹ ਵਿਦਿਆਰਥੀਆਂ ਨੂੰ 2-4 ਵਰ੍ਹਿਆਂ ਵਿਚ ਸਮਝ ਆ ਜਾਂਦੀ ਹੈ ਤੇ ਇਹੀ ਕਾਰਨ ਹੈ ਕਿ ਕੈਂਪਸ ਵਿਚੋਂ ਨਿਕਲ ਕੇ ਜ਼ਿਆਦਾਤਰ ਵਿਦਿਆਰਥੀ ਖੱਬੇਪੱਖੀ ਸਿਆਸਤ ਵਿਚ ਸਰਗਰਮ ਨਹੀਂ ਹੁੰਦੇ।
ਅਕਾਦਮਿਕ ਤੌਰ ‘ਤੇ ਦੇਖੀਏ ਤਾਂ ਪੂਰੀ ਦੁਨੀਆ ਦੀ ਅਕਾਦਮੀ ਵਿਚ ਖੱਬੇਪੱਖੀ ਵਿਚਾਰਧਾਰਾ ਦਾ ਅਸਰ ਹੈ। ਅਮਰੀਕਾ ਵਿਚ ਬਾਜ਼ਾਰਵਾਦੀ ਵਿਵਸਥਾ ਨੂੰ ਲੈ ਕੇ ਅਕਾਦਮਿਕ ਲੇਖਣੀਆਂ ਵੱਧ ਹਨ। ਪਰ ਪਿਛਲੇ ਕਈ ਦਹਾਕਿਆਂ ਤੋਂ ਖੱਬੇਪੱਖੀ ਵਿਚਾਰਧਾਰਾ ਹਾਵੀ ਹੋ ਰਹੀ ਹੈ ਤਾਂ ਜੇ.ਐਨ.ਯੂ. ਵਿਚ ਵੀ ਇਸ ਦਾ ਹਾਵੀ ਹੋਣਾ ਆਸਾਨ ਲਗਦਾ ਹੈ।
ਖੱਬੇਪੱਖੀ ਵਿਚਾਰਧਾਰਾ ਦਾ ਅਰਥ ਜੇ.ਐਨ.ਯੂ. ਵਿਚ ਵਿਆਪਕ ਹੈ। ਚੀਨ ਤੇ ਰੂਸ ਦੇ ਉਲਟ ਜੇ.ਐਨ.ਯੂ. ਵਿਚ ਖੱਬੇਪੱਖੀ ਦਰਅਸਲ ਵਿਵਸਥਾ ਵਿਰੋਧੀ ਸੋਚ ਹੈ। ਇਸ ਹਿਸਾਬ ਨਾਲ ਹਰ ਵਿਦਿਆਰਥੀ ਕਦੇ ਨਾ ਕਦੇ ਖੱਬੇਪੱਖੀ ਹੋ ਜਾਂਦਾ ਹੈ।

ਮੌਜੂਦਾ ਸਰਕਾਰ ਚਿੜਦੀ ਕਿਉਂ ਹੈ ਜੇ.ਐਨ.ਯੂ. ਤੋਂ?
ਕਿਸੇ ਵੀ ਸਿਆਸੀ ਦਲ ਲਈ ਦੂਸਰੇ ਦਲ ਦੀ ਵਿਚਾਰਧਾਰਾ ਨੂੰ ਖ਼ਤਮ ਕਰਨਾ ਇਕ ਚੁਣੌਤੀ ਹੁੰਦਾ ਹੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦੱਖਣਪੰਥੀ ਮੰਨੀ ਜਾਣ ਵਾਲੀ ਭਾਜਪਾ ਲਈ ਧਰਮ ਨਿਰਪੱਖ ਦਲ ਤੇ ਖ਼ਾਸ ਕਰਕੇ ਖੱਬੇਪੱਖੀ ਵਿਚਾਰਧਾਰਾ ਇਕ ਚੁਣੌਤੀ ਰਹੀ ਹੈ। ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਜੇ.ਐਨ.ਯੂ. ਉਸ ਖੱਬੇਪੱਖੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਉਭਰੀ ਹੈ, ਜਿੱਥੇ ਹਰ ਉਸ ਗੱਲ ਦੀ ਆਲੋਚਨਾ ਸੰਭਵ ਹੈ ਜੋ ਦੱਖਣਪੰਥੀ ਦਲਾਂ ਲਈ ਪਵਿੱਤਰ ਹੈ-ਮਸਲਨ, ਕਸ਼ਮੀਰ, ਗਾਂ, ਦੇਸ਼ ਭਗਤੀ, ਰਾਸ਼ਟਰਵਾਦ…।
ਜਦੋਂ ਤੋਂ ਮੋਦੀ ਸਰਕਾਰ ਬਣੀ ਹੈ, ਉਦੋਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਜੇ.ਐਨ.ਯੂ. ਸਰਕਾਰ ਤੇ ਸਰਕਾਰ ਸਮਰਥਕਾਂ ਦੇ ਨਿਸ਼ਾਨੇ ‘ਤੇ ਰਹੀ ਹੈ। ਕਸ਼ਮੀਰ ਦੀ ਆਜ਼ਾਦੀ ਨੂੰ ਲੈ ਕੇ ਨਾਅਰੇਬਾਜ਼ੀ ਤੇ ਬਹਿਸਾਂ ਜੇ.ਐਨ.ਯੂ. ਵਿਚ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਤੇ ਇਸ ਨੂੰ ਕਿਸੇ ਸਰਕਾਰ ਨੇ ਏਨਾ ਤੂਲ ਨਹੀਂ ਦਿੱਤਾ, ਜਿੰਨਾ ਇਸ ਸਰਕਾਰ ਨੇ ਦਿੱਤਾ ਹੈ। ਹੁਣ ਜੇ.ਐਨ.ਯੂ. ਦੀਆਂ ਦਾਖ਼ਲਾ ਨੀਤੀਆਂ ਵਿਚ ਬਦਲਾਅ ਦੀਆਂ ਕੋਸ਼ਿਸ਼ਾਂ ਚੱਲ ਹੀ ਰਹੀਆਂ ਹਨ ਤੇ ਇਸ ਦੀ ਆਲੋਚਨਾ ਵੀ ਹੋ ਰਹੀ ਹੈ। ਪਰ ਇਹ ਤਾਂ ਕਿਹਾ ਹੀ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਜੇ.ਐਨ.ਯੂ. ‘ਤੇ ਦਬਾਅ ਵਧੇਗਾ ਤੇ ਡਰ ਹੈ ਕਿ ਦੇਸ਼ ਦੀ ਸਭ ਤੋਂ ਬਿਹਤਰੀਨ ਯੂਨੀਵਰਸਿਟੀਆਂ ਵਿਚੋਂ ਇਕ ਗਿਣਿਆ ਜਾਣ ਵਾਲਾ ਜੇ.ਐਨ.ਯੂ. ਪਹਿਲਾਂ ਵਰਗਾ ਆਜ਼ਾਦ ਤੇ ਪ੍ਰਗਤੀਸ਼ੀਲ ਨਾ ਰਹਿ ਜਾਵੇ।
ਵਰਤਮਾਨ ਸਰਕਾਰ ਦੀਆਂ ਹੀ ਕਈ ਰਿਪੋਰਟਾਂ ਵਿਚ ਜੇ.ਐਨ.ਯੂ. ਨੂੰ ਬਿਹਤਰੀਨ ਖੋਜ ਸੰਸਥਾ ਮੰਨਿਆ ਗਿਆ ਹੈ ਤੇ ਜੇ.ਐਨ.ਯੂ. ਸਿਰਫ਼ ਕਿਤਾਬਾਂ ਪੜ੍ਹਨ ਨਾਲ ਬਿਹਤਰੀਨ ਨਹੀਂ ਬਣਿਆ ਹੈ, ਉਥੋਂ ਦਾ ਬੌਧਿਕ ਖੁੱਲ੍ਹਾਪਣ ਵਿਦਿਆਰਥੀਆਂ ਨੂੰ ਵੱਖਰੇ ਢੰਗ ਨਾਲ ਘੜਦਾ ਹੈ ਜੋ ਅਕਸਰ ਦੱਖਣਪੰਥੀ ਸਿਆਸਤ ਨੂੰ ਚੁਣੌਤੀ ਦਿੰਦੇ ਹਨ।