ਲੰਡਨ : ਕੇ.ਟੀ.ਵੀ. ਦੇ ਪੇਸ਼ਕਰਤਾ ਅਵਤਾਰ ਸਿੰਘ ਖੰਡਾ ‘ਤੇ ਹਮਲਾ

ਲੰਡਨ : ਕੇ.ਟੀ.ਵੀ. ਦੇ ਪੇਸ਼ਕਰਤਾ ਅਵਤਾਰ ਸਿੰਘ ਖੰਡਾ ‘ਤੇ ਹਮਲਾ

ਲੰਡਨ/ਬਿਊਰੋ ਨਿਊਜ਼ :
ਯੂ. ਕੇ. ਦੇ ਖਾਲਸਾ ਟੀ. ਵੀ. (ਕੇ.ਟੀ.ਵੀ.) ਦੇ ਪੇਸ਼ਕਰਤਾ ਅਵਤਾਰ ਸਿੰਘ ਖੰਡਾ ‘ਤੇ ਵੈਸਟ ਬ੍ਰਾਮਿਚ ਦੇ ਇਕ ਸ਼ਾਪਿੰਗ ਸੈਂਟਰ ਵਿਚ ਹਮਲਾ ਹੋ ਗਿਆ। ਕੇ.ਟੀ.ਵੀ. ਅਨੁਸਾਰ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਨਾਂਅ ਗੁਰਮਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਵਲੋਂ ਹਮਲੇ ਦੇ ਕਾਰਨਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਖੰਡਾ ਟੀ. ਵੀ. ਸਟੇਸ਼ਨ ਤੋਂ ਬਾਅਦ ਕੁਝ ਖ਼ਰੀਦੋ-ਫਰੋਖਤ ਕਰਨ ਲਈ ਸ਼ਾਪਿੰਗ ਸੈਂਟਰ ਗਏ ਸਨ, ਜਿੱਥੇ ਕੁਝ ਸਮਾਂ ਬਹਿਸ ਕਰਨ ਉਪਰੰਤ ਹਮਲਾਵਰ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਯੂ.ਕੇ. ਫੇਰੀ ਦੌਰਾਨ ਅਵਤਾਰ ਸਿੰਘ ਖੰਡਾ ਨੂੰ ਭਾਰਤ ਸੌਂਪਣ ਦੀ ਮੰਗ ਕੀਤੀ ਸੀ ਅਤੇ ਉਸ ‘ਤੇ ਭਾਰਤੀ ਏਜੰਸੀਆਂ ਵਲੋਂ ਸਿੱਖ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦਾ ਦੋਸ਼ ਵੀ ਲਗਾਇਆ ਸੀ। ਭਾਂਵੇਂ ਕਿ ਇਨ੍ਹਾਂ ਖ਼ਬਰਾਂ ਨੂੰ ਅਵਤਾਰ ਸਿੰਘ ਖੰਡਾ ਨੇ ਮੁੱਢੋਂ ਹੀ ਰੱਦ ਕਰਦਿਆਂ ਇਨ੍ਹਾਂ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਕਿਹਾ ਸੀ। ਅਵਤਾਰ ਸਿੰਘ ਖੰਡਾ ‘ਤੇ ਹੋਏ ਹਮਲੇ ਦੀ ਇੰਗਲੈਂਡ ਦੀਆਂ ਪੰਥਕ ਜੱਥੇਬੰਦੀਆਂ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ।