ਹਿੰਦ-ਪਾਕਿ ਜੰਗ ਦਾ ਸਥਾਈ ਹੱਲ

ਹਿੰਦ-ਪਾਕਿ ਜੰਗ ਦਾ ਸਥਾਈ ਹੱਲ

ਪੰਜਾਬ ਨੂੰ ਮਿਲੇ ਬਫਰ ਸਟੇਟ ਦਾ ਰੁਤਬਾ 
ਸ. ਕਰਮਜੀਤ ਸਿੰਘ (9915091063)


ਬਫਰ ਸਟੇਟ ਦੋ ਜਾਂ ਵਧੇਰੇ ਦੁਸ਼ਮਣ ਮੁਲਕਾਂ ਦਰਮਿਆਨ ਕੁੜੱਤਣ ਦੂਰ ਕਰਕੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਾਲੀ ਧਿਰ ਹੁੰਦੀ ਹੈ। ਪਰਮਾਣੂ ਤਾਕਤਾਂ ਵਾਲੇ ਮੁਲਕ ਭਾਰਤ ਤੇ ਪਾਕਿਸਤਾਨ ਦੀ ਤਿਕੋਣ ਦੇ ਵਿਚਕਾਰ ਜਮਹੂਰੀਅਤ ਅਤੇ ਅਮਨ-ਪੂਰਬਕ ਢੰਗ ਰਾਹੀਂ ਕੌਮਾਂਤਰੀ ਪੱਧਰ ਉੱਤੇ 'ਬਫ਼ਰ ਸਟੇਟ' ਕਾਇਮ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠ ਰਹੀ ਹੈ। ਇਸ ਨਾਲ ਇਨ੍ਹਾਂ ਪਰਮਾਣੂ ਤਾਕਤਾਂ ਨੂੰ ਜਿੱਥੇ ਕਿਸੇ ਆਪਸੀ ਜੰਗ ਤੋਂ ਦੂਰ ਰੱਖਿਆ ਜਾ ਸਕੇਗਾ, ਉਥੇ ਪੰਜਾਬੀਆਂ ਉਤੇ ਪਰਮਾਣੂ ਜੰਗ ਹੋਣ ਦੇ ਸੰਭਾਵਿਤ ਖ਼ਤਰੇ ਨੂੰ ਵੀ ਸਦਾ ਲਈ ਦੂਰ ਕੀਤਾ ਜਾ ਸਕੇਗਾ। ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਲਈ, ਮੁਸਲਿਮ ਅਤੇ ਹਿੰਦੂ ਕੌਮ ਦੀ ਦੁਸ਼ਮਣੀ ਨੂੰ ਖਤਮ ਕਰਨ ਅਤੇ ਏਸ਼ੀਆ ਖਿੱਤੇ ਵਿਚ ਸਥਾਈ ਤੌਰ ਉਤੇ ਅਮਨ-ਚੈਨ ਕਾਇਮ ਕਰਨ ਲਈ ਕਸ਼ਮੀਰ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਹਿੰਦ ਅਤੇ ਪਾਕਿ ਦੋਵਾਂ ਦੁਸ਼ਮਣ ਤਾਕਤਾਂ ਵਿਚਕਾਰ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ ਨੂੰ ਬਫਰ ਸਟੇਟ ਦਾ ਰੁਤਬਾ ਦਿੱਤਾ ਜਾਵੇ । ਤਦ ਹੀ ਇਹਨਾਂ ਤਿੰਨੇ ਕੌਮਾਂ ਵਿਚਕਾਰ ਸੰਤੁਲਨ ਕਾਇਮ ਰਹਿ ਸਕੇਗਾ ਅਤੇ ਏਸ਼ੀਆਈ ਖਿੱਤੇ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਜਾ ਸਕੇਗਾ। 
ਖ਼ਾਲਸਾ ਪੰਥ ਇਕ ਸੌਵਰਨ ਨੇਸ਼ਨ ਹੈ ਅਤੇ ਪੰਜਾਬ ਉਸ ਦੀ ਸਰਜ਼ਮੀਨ ਹੈ। ਸਿੱਖ ਸੌਵਰਨਿਟੀ ਦੇ ਸੰਕਲਪ ਵਿਚ ਅਜ਼ਾਦੀ, ਸਵੈ-ਰਾਜ, ਪੂਰਣ ਅਜ਼ਾਦੀ, ਖੁਦਮੁਖਤਿਆਰੀ, ਅੰਮ੍ਰਿਤਸਰ ਐਲਾਨਨਾਮਾ, ਕਨਫੈਡਰੇਸ਼ਨ, ਖਾਲਿਸਤਾਨ ਅਤੇ ਅਨੰਦਪੁਰ ਸਾਹਿਬ ਦਾ ਮਤਾ ਵਗੈਰਾ ਬਹੁਤ ਕੁਝ ਸਾਡੇ ਸਾਹਮਣੇ ਸਮੇਂ-ਸਮੇਂ ਮੁਤਾਬਕ ਆਇਆ ਹੈ। ਕਈ ਵਾਰ ਇੰਨੀਆਂ ਸਾਰੀਆਂ ਟਰਮਜ਼ ਭੁਲੇਖਾ ਵੀ ਪਾ ਸਕਦੀਆਂ ਹਨ ਪਰ ਬਫਰ ਸਟੇਟ ਇਕ ਅਜਿਹਾ ਮੁਲਕ ਹੁੰਦਾ ਹੈ ਜਿਸ ਦਾ ਇਲਾਕਾ ਦੋ ਜਾਂ ਕਈ ਵਿਰੋਧੀ ਮੁਲਕਾਂ ਵਿਚ ਪੈਂਦਾ ਹੈ। ਇਸ ਦਾ ਮੁੱਖ ਮਨੋਰਥ ਆਪਣੀ ਅਜ਼ਾਦ ਹਸਤੀ ਨੂੰ ਕਾਇਮ ਰੱਖਦਿਆਂ ਵਿਰੋਧੀ ਮੁਲਕਾਂ ਵਿਚ ਟਕਰਾਓ ਜਾਂ ਲੜਾਈ ਨੂੰ ਖਤਮ ਕਰਨਾ ਹੁੰਦਾ ਹੈ। ਬਫਰ ਸਟੇਟ ਜੰਗ ਨੂੰ ਰੋਕਦਾ ਹੈ ਅਤੇ ਦੋਵਾਂ ਧਿਰਾਂ ਨੂੰ ਪੁਰਅਮਨ ਢੰਗ ਨਾਲ਼ ਮਸਲੇ ਹੱਲ ਕਰਨ ਦੀ ਪ੍ਰੇਰਨਾ ਦਿੰਦਾ ਹੈ। ਵਿਰੋਧੀ ਮੁਲਕਾਂ ਵਲੋਂ ਬਫਰ ਸਟੇਟ ਨੂੰ ਮਾਨਤਾ ਹਾਸਿਲ ਹੁੰਦੀ ਹੈ, ਹਾਲਾਂਕਿ ਕਈ ਵਾਰ ਦੋਵਾਂ ਦਾ ਇਹ ਯਤਨ ਵੀ ਹੁੰਦਾ ਹੈ ਕਿ ਬਫਰ ਸਟੇਟ ਉਤੇ ਕਬਜ਼ਾ ਕਰ ਲਿਆ ਜਾਵੇ।
ਬਫਰ ਸਟੇਟ ਕੋਲ ਆਪਣੀ ਫੌਜ ਅਤੇ ਆਪਣੀ ਸੁਤੰਤਰ ਵਿਦੇਸ਼ ਨੀਤੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਉਰੂਗਵੇ ਦੇਸ਼ ਅਰਜਨਟੀਨਾ ਤੇ ਬਰਾਜ਼ੀਲ ਵਿਚਕਾਰ ਬਫਰ ਸਟੇਟ ਦੇ ਤੌਰ 'ਤੇ ਹੈ। ਇਸੇ ਤਰ੍ਹਾਂ ਜੌਰਜੀਆ ਦੀ ਬਸਤੀ ੧੮ਵੀਂ ਸਦੀ ਵਿਚ ਫਲੋਰੀਡਾ ਅਤੇ ਅਮਰੀਕਾ ਵਿਚਕਾਰ ਬਫਰ ਸਟੇਟ ਰਹੀ ਹੈ। ਉਤਰੀ ਕੋਰੀਆ ਵੀ ਠੰਡੀ ਜੰਗ ਦੌਰਾਨ ਅਤੇ ਉਸ ਤੋਂ ਪਿਛੋਂ ਚੀਨ ਅਤੇ ਸਾਊਥ ਕੋਰੀਆ ਵਿਚਕਾਰ ਬਫਰ ਸਟੇਟ ਰਿਹਾ ਹੈ। ਚੀਨ ਅਤੇ ਭਾਰਤ ਵਿਚ ਨੇਪਾਲ ਵੀ ਇੱਕ ਬਫਰ ਸਟੇਟ ਹੈ। ਅਫ਼ਗ਼ਾਨਿਸਤਾਨ ਰੂਸ ਅਤੇ ਪਾਕਿਸਤਾਨ ਵਿਚ ਇੱਕ ਬਫਰ ਸਟੇਟ ਹੈ। ਪੋਲੈਂਡ ਤੇ ਹੋਰ ਪੂਰਬੀ ਯੂਰਪ ਦੇ ਮੁਲਕ ਰੂਸ ਅਤੇ ਪੱਛਮੀ ਯੂਰਪ ਦੇ ਮੁਲਕਾਂ ਵਿਚ ਬਫਰ ਸਟੇਟ ਹਨ। ਯੂਕਰੇਨ ਰੂਸ ਅਤੇ ਨਾਟੋ ਬਲਾਕ ਵਿਚ ਬਫਰ ਸਟੇਟ ਹੈ ।
ਇੰਜ ਪੰਜਾਬ ਇੱਕ ਅਜਿਹਾ ਖਿੱਤਾ ਹੈ ਜਿਸ ਨੂੰ ਸਟ੍ਰੈਟੇਜਿਕ ਜਾਂ ਰਣਨੀਤਕ ਮੁਹਾਵਰੇ ਵਿਚ ਬਫਰ ਸਟੇਟ ਕਿਹਾ ਜਾਂਦਾ ਹੈ। ਸਾਡੀ ਰੋਜ਼ਾਨਾ ਅਰਦਾਸ ਵਿਚ ਗੁਰੂ ਸਾਹਿਬਾਨ ਨੇ ਜ਼ਿੰਦਗੀ ਦੇ ਤਮਾਮ ਵਰਤਾਰਿਆਂ ਨੂੰ ਧਿਆਨ ਦੀ ਅੱਖ ਨਾਲ ਵੇਖਣ ਦੀ ਤਾਗੀਦ ਕੀਤੀ ਹੈ। ਹੁਣ ਇਸ ਅੱਖ ਨਾਲ ਵੇਖਣ ਵਾਲੀ ਜਗਿਆਸਾ, ਦਿਲਚਸਪੀ ਅਤੇ ਸ਼ੌਕ ਪੈਦਾ ਕਰੋ ਜਿਸ ਵਿਚ ਦੋ ਮੁਲਕ ਜੰਗ ਦਾ ਮਾਹੌਲ ਸਿਰਜ ਰਹੇ ਹਨ। ਇਹ ਸੱਚੇ ਪਾਤਸ਼ਾਹ ਦੀ ਕੋਈ ਮਹਾਨ ਬਖਸ਼ਿਸ਼ ਹੀ ਹੈ ਕਿ ਅਸੀਂ ਉਸ ਖਿੱਤੇ ਵਿਚ ਵਿਚਰ ਰਹੇ ਹਾਂ ਜੋ ਰਣਨੀਤਕ ਅਤੇ ਰਾਜਨੀਤਕ ਪੱਖ ਤੋਂ ਬੇਹੱਦ ਮਹੱਤਵਪੂਰਨ ਹੈ। ਸਾਡੇ ਇੱਕ ਪਾਸੇ ਭਾਰਤ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਹੈ ਅਤੇ ਸਾਡੀਆਂ ਗੂੜ੍ਹੀਆਂ ਅਤੇ ਪਿਆਰ ਭਰੀਆਂ ਹਕੀਕੀ ਅਤੇ ਇਤਿਹਾਸਕ ਸਾਂਝਾਂ ਦੋਵੇਂ ਪਾਸੇ ਹੀ ਹਨ। ਇਸ ਹਕੀਕਤ ਦੇ ਡੂੰਘੇ ਅਰਥ ਹਨ ਜੋ ਸਾਨੂੰ ਕੂਟਨੀਤਕ ਕਲਾ ਨੂੰ ਸਮਝਣ ਤੇ ਵਰਤਣ ਦੀ ਪ੍ਰੇਰਨਾ ਦਿੰਦੀ ਹੈ। ਇਹ ਇਤਫ਼ਾਕ ਹੀ ਹੈ ਕਿ ਇੱਕ ਮੁਲਕ ਵਿਚ ਸਾਡੇ ਪਹਿਲੇ ਪੈਗੰਬਰ ਦਾ ਜਨਮ ਅਸਥਾਨ ਅਤੇ ਜੋਤੀ ਜੋਤ ਸਮਾਉਣ ਦਾ ਅਸਥਾਨ ਹੈ ਜਦਕਿ ਦੂਜੇ ਮੁਲਕ ਵਿਚ ਸਾਡੇ ਆਖ਼ਰੀ ਪੈਗ਼ੰਬਰ ਦਾ ਜਨਮ ਅਸਥਾਨ ਤੇ ਜੋਤੀ ਜੋਤ ਸਮਾਉਣ ਦਾ ਅਸਥਾਨ ਹੈ। ਇਹ ਵੀ ਇੱਕ ਚਮਤਕਾਰ ਹੀ ਹੈ ਕਿ ਪੰਜਾਬ ਖ਼ਾਲਸੇ ਦੀ ਜਨਮ ਭੂਮੀ ਹੈ ਅਤੇ ਇੱਥੇ ਹਰਿਮੰਦਰ ਸਾਹਿਬ ਮੌਜੂਦ ਹੈ ਜਿਸ ਵਿਚ ਅਕਾਲ ਦਾ ਤਖਤ ਸੁਭਾਏਮਾਨ ਹੈ। ਇਸ ਪਾਵਨ ਅਸਥਾਨ ਦੇ ਦਰਸ਼ਨਾਂ ਦੀ ਤਾਂਘ ਅਸੀਂ ਹਰ ਰੋਜ਼ ਅਰਦਾਸ ਵਿਚ ਕਰਦੇ ਹਾਂ। ਇਸ ਅਸਥਾਨ ਦੀ ਰਾਖੀ ਦੀ ਪਵਿੱਤਰ ਜ਼ਿੰਮੇਵਾਰੀ ਵੀ ਸਾਡੇ ਉਤੇ ਹੀ ਹੈ ।ਵੀਹਵੀਂ ਸਦੀ ਵਿਚ ਸੰਤ ਜਰਨੈਲ ਸਿੰਘ ਦੀ ਅਗਵਾਈ ਵਿਚ ਸਾਡੇ ਜੁਝਾਰੂ ਸਿੰਘ ਇਸ ਅਸਥਾਨ ਦੀ ਰਾਖੀ ਦੇ ਚਸ਼ਮਦੀਦ ਗਵਾਹ ਬਣੇ ਅਤੇ ਸ਼ਹਾਦਤਾਂ ਦੇ ਜਾਮ ਪੀਤੇ ।
ਅਫਸੋਸ ਦੀ ਗੱਲ ਇਹ ਹੈ ਕਿ ਕੁਦਰਤ ਨੇ ਸਾਨੂੰ ਜਿਸ ਤੋਹਫ਼ੇ ਨਾਲ ਨਿਵਾਜਿਆ ਹੈ ਉਸ ਦੀ ਅਹਿਮੀਅਤ ਤੇ ਮਹਾਨਤਾ ਦੀ ਸਾਨੂੰ ਸਮਝ ਹੀ ਨਹੀਂ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਬਫਰ ਸਟੇਟ ਦੀ ਮਹਾਨਤਾ ਨੂੰ ਲੋਕਾਂ ਦੇ ਦਿਲਾਂ ਵਿਚ ਵਸਾਇਆ ਜਾਵੇ। ਇਸ ਸਮੇਂ ਅਜਿਹੇ ਬੁੱਧੀਜੀਵੀਆਂ ਦੀ ਲੋੜ ਹੈ ਜਿਨ੍ਹਾਂ ਨੂੰ ਇਤਿਹਾਸ, ਰਾਜਨੀਤੀ, ਵਿਗਿਆਨ, ਧਰਮ, ਅਰਥ ਸ਼ਾਸਤਰ ਤੇ ਸਮਾਜ ਵਿਗਿਆਨਾਂ ਦੀ ਡੂੰਘੀ ਸਮਝ ਹੋਵੇ ਅਤੇ ਜੋ ਅੰਤਰਰਾਸ਼ਟਰੀ ਰੁਝਾਨਾਂ ਨੂੰ ਸਮਝਦੇ ਹੋਣ। ਨਾਲ ਹੀ ਉਹ ਆਪਣੇ ਗਿਆਨ ਤੇ ਜਾਣਕਾਰੀ ਨੂੰ ਬਫਰ ਸਟੇਟ ਦੇ ਸੰਕਲਪ ਨਾਲ ਜੋੜ ਕੇ ਜਿੱਥੇ ਇੱਕ ਪਾਸੇ ਅੰਤਰਰਾਸ਼ਟਰੀ ਰਾਜਨੀਤੀ ਵਿਚ ਅਹਿਮ ਰੋਲ ਅਦਾ ਕਰਨ, ਦੂਜੇ ਪਾਸੇ ਪੰਜਾਬੀਆਂ ਵਿਚ ਅੰਤਰਰਾਸ਼ਟਰੀ ਸਮਝ ਦੀ ਇੱਕ ਵੱਡੀ ਲਹਿਰ ਨੂੰ ਜਨਮ ਦੇਣ। ਮੁਲਕ ਦੀ ਸੰਨ 1947 ਦੀ ਵੰਡ ਸਮਂੇ ਅੰਗਰੇਜ਼ਾਂ ਵੱਲੋਂ ਮੁਸਲਿਮ ਕੌਮ ਨੂੰ ਉਹਨਾਂ ਦਾ ਵੱਖਰਾ ਮੁਲਕ ਪਾਕਿਸਤਾਨ ਦਿੱਤਾ ਗਿਆ ਅਤੇ ਹਿੰਦੂ ਕੌਮ ਨੂੰ ਵੱਖਰਾ ਮੁਲਕ ਹਿੰਦੁਸਤਾਨ ਮਿਲ ਗਿਆ, ਜਿਥੇ ਉਨ੍ਹਾਂ ਦੀ ਬਹੁਗਿਣਤੀ ਸਰਦਾਰੀ ਹੈ। ਤੀਜੀ ਧਿਰ ਸਿੱਖ ਕੌਮ ਨੂੰ ਉਹਨਾਂ ਦਾ ਘਰ ਪ੍ਰਾਪਤ ਨਹੀ ਹੋਇਆ। ਵੰਡ ਸਮੇਂ ਸਿੱਖ ਕੌਮ ਨੂੰ ਹਿੰਦੂਆਂ ਨਾਲ ਜੋੜਨ ਦੀ ਗੁਸਤਾਖੀ ਕੀਤੀ ਗਈ ਸੀ। ਸਿੱਖ ਕੌਮ ਨਾ ਕਦੇ ਗੁਲਾਮ ਰਹੀ ਹੈ ਅਤੇ ਨਾ ਰਹੇਗੀ। ਬਫਰ ਸਟੇਟ ਨੂੰ ਕਾਇਮ ਕਰਨ ਤੋ ਬਿਨਾ ਇਥੇ ਸਥਾਈ ਅਮਨ-ਚੈਨ ਨੂੰ ਕਾਇਮ ਨਹੀਂ ਕੀਤਾ ਜਾ ਸਕਦਾ ।