ਅਕਾਲ ਤਖ਼ਤ ਸਾਹਿਬ ਤੋਂ ਖ਼ਾਲਿਸਤਾਨ ਦੀ ਹਮਾਇਤ ਹੋਣ ਮਗਰੋਂ ਕਿਹੜੇ ਆਗੂ ਨੇ ਕੀ ਕਿਹਾ?

ਅਕਾਲ ਤਖ਼ਤ ਸਾਹਿਬ ਤੋਂ ਖ਼ਾਲਿਸਤਾਨ ਦੀ ਹਮਾਇਤ ਹੋਣ ਮਗਰੋਂ ਕਿਹੜੇ ਆਗੂ ਨੇ ਕੀ ਕਿਹਾ?

ਅੰਮ੍ਰਿਤਸਰ ਟਾਈਮਜ਼ ਬਿਊਰੋ

6 ਜੂਨ ਨੂੰ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸਮੇਤ ਪੰਜਾਬ 'ਤੇ ਕੀਤੇ ਫੌਜੀ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ ਭਾਰਤ ਖਿਲਾਫ ਜੰਗ ਲੜਦਿਆਂ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਅਜ਼ਾਦ ਸਿੱਖ ਦੇਸ਼ ਖਾਲਿਸਤਾਨ ਦੀ ਹਮਾਇਤ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਭੁਚਾਲ ਆ ਗਿਆ ਹੈ। ਦੱਸ ਦਈਏ ਕਿ ਇਸ ਬਿਆਨ ਤੋਂ ਕੁੱਝ ਘੰਟਿਆਂ ਬਾਅਦ ਹੀ ਗੋਬਿੰਦ ਸਿੰਘ ਲੋਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਦੇ ਮੈਂਬਰ ਵਜੋਂ ਵੀ ਨਿਯੁਕਤ ਕੀਤਾ ਗਿਆ। ਇਸ ਬਿਆਨ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਬਾਦਲ ਦਲ ਨੂੰ ਸਵਾਲ ਕੀਤੇ ਜਾ ਰਹੇ ਹਨ, ਉੱਥੇ ਭਾਜਪਾ ਵਿਰੋਧ ਕਰਦਿਆਂ ਵੀ ਆਪਣੇ ਭਾਈਵਾਲ ਨਾਲ ਫਿਲਹਾਲ ਲਗਾਤਾਰ ਕਦਮ ਦਰ ਕਦਮ ਚੱਲ ਰਹੀ ਹੈ। ਇਸ ਸਬੰਧੀ ਬੋਲਣ ਵਾਲੇ ਆਗੂਆਂ ਦੇ ਬਿਆਨਾਂ ਨੂੰ ਇੱਥੇ ਅਸੀਂ ਪਾਠਕਾਂ ਨਾਲ ਇਕ ਥਾਂ ਸਾਂਝਾ ਕਰ ਰਹੇ ਹਾਂ:

ਕਾਂਗਰਸੀ ਆਗੂਆਂ ਨੇ ਬਾਦਲ ਦਲ ਤੋਂ ਜਵਾਬ ਮੰਗਿਆ
ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ, ਦੱਖਣੀ ਹਲਕੇ ਤੋਂ ਇੰਦਰਬੀਰ ਸਿੰਘ ਬੁਲਾਰੀਆ ਅਤੇ ਉੱਤਰੀ ਹਲਕੇ ਤੋਂ ਸੁਨੀਲ ਦੱਤੀ ਨੇ ਇਕ ਸਾਂਝੇ ਬਿਆਨ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਖ਼ਾਲਿਸਤਾਨ ਸਬੰਧੀ ਬਿਆਨਾਂ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰ ਸਰਕਾਰ ਕੋਲੋਂ ਵੀ ਜਵਾਬ ਮੰਗਿਆ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖ਼ਾਲਿਸਤਾਨ ਸਬੰਧੀ ਦਿੱਤੇ ਬਿਆਨ ਬਾਰੇ ਉਨ੍ਹਾਂ ਦੇ ਕੀ ਵਿਚਾਰ ਹਨ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਵਿਧਾਨਕ ਸੰਸਥਾ ਹੈ, ਜੋ ਸੰਵਿਧਾਨ ਤਹਿਤ ਕੰਮ ਕਰਦੀ ਹੈ, ਪਰ ਉਸ ਦੇ ਪ੍ਰਧਾਨ ਵੱਲੋਂ ਗ਼ੈਰਸੰਵਿਧਾਨਕ ਬਿਆਨ ਦੇਣਾ ਕਿੱਥੋਂ ਤਕ ਠੀਕ ਹੈ? ਇਸ ਸਬੰਧੀ ਕੇਂਦਰੀ ਮੰਤਰੀ ਆਪਣਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ, ਜੋ ਇਸ ਵੇਲੇ ਕੇਂਦਰ ਸਰਕਾਰ ਵਿੱਚ ਪੰਜਾਬੀਆਂ ਦੀ ਪ੍ਰਤੀਨਿਧ ਵਜੋਂ ਸ਼ਾਮਲ ਹਨ, ਕੀ ਉਹ ਇਸ ਮੰਗ ਨਾਲ ਸਹਿਮਤ ਹਨ ਅਤੇ ਇਸ ਨੂੰ ਮੰਤਰੀ ਮੰਡਲ ਵਿਚ ਰੱਖਣਗੇ? 

ਕਾਂਗਰਸੀ ਵਿਧਾਇਕਾਂ ਨੇ ਆਖਿਆ ਕਿ ਜਥੇਦਾਰ ਵਲੋਂ ਦੋਸ਼ ਲਾਇਆ ਗਿਆ ਹੈ ਕਿ ਸਰਕਾਰਾਂ ਦੇ ਵਤੀਰੇ ਸਿੱਖ ਵਿਰੋਧੀ ਰਹੇ ਹਨ। ਕੀ ਹਰਸਿਮਰਤ ਕੌਰ ਬਾਦਲ ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਸਿੱਖ ਵਿਰੋਧੀ ਸਰਕਾਰ ਵਿੱਚੋਂ ਅਸਤੀਫਾ ਦੇਣਗੇ? ਕੀ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਸਿੱਖ ਹਿੱਤਾਂ ਲਈ ਭਾਜਪਾ ਸਰਕਾਰ ਨਾਲੋਂ ਨਾਤਾ ਤੋੜਨਗੇ। ਉਨ੍ਹਾਂ ਪੁੱਛਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇਸ਼ ਵਿਚ ਵੱਖਵਾਦੀ ਏਜੰਡੇ ਦੀ ਹਮਾਇਤ ਕਰਦਾ ਹੈ? ਇਸ ਸਬੰਧੀ ਭਾਜਪਾ ਵਲੋਂ ਦਿੱਤੇ ਬਿਆਨ ਬਾਰੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਿਤੀ ਸਪੱਸ਼ਟ ਕਰੇ।

ਬੇਅੰਤ ਸਿੰਘ ਦੇ ਪੋਤੇ ਬਿੱਟੂ ਨੇ ਕਿਹਾ ਕਿ ਹਰਸਿਮਰਤ ਕੇਂਦਰ ਤੋਂ ਖਾਲਿਸਤਾਨ ਮੰਗੇ
ਸਿੱਖ ਹੱਕਾਂ ਲਈ ਚੱਲੀ ਜੁਝਾਰੂ ਲਹਿਰ ਨੂੰ ਕੁੱਝ ਪ੍ਰਤੀਸ਼ਤ ਵੋਟਾਂ ਨਾਲ ਮੁੱਖ ਮੰਤਰੀ ਬਣ ਕੇ ਗੈਰਕਾਨੂੰਨੀ ਅਮਲਾਂ ਨਾਲ ਖਤਮ ਕਰਨ ਦੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਕਾਂਗਰਸ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ 1984 ਵਿੱਚ ਵਾਪਰੇ ਦੁਖਾਂਤ ਨੂੰ ਦੁਨੀਆ ਭਰ ਵਿੱਚ ਵਸਦਾ ਕੋਈ ਵੀ ਸਿੱਖ ਭੁਲਾ ਨਹੀਂ ਸਕਦਾ, ਪਰ ਇਸ ਦੁਖਾਂਤ ਨੂੰ ਖ਼ਾਲਿਸਤਾਨ ਨਾਲ ਜੋੜਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦੇਸ਼ ਅੰਦਰ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਕਰਕੇ ਖ਼ਾਲਿਸਤਾਨ ਬਣਾਉਣ ਬਾਰੇ ਦਿੱਤੇ ਗਏ ਬਿਆਨ ਬਾਰੇ ਸਥਿਤੀ ਸਪਸ਼ਟ ਕਰੇ।

ਬਿੱਟੂ ਨੇ ਕਿਹਾ ਕਿ ਖ਼ੁਦ ਨੂੰ ਸਿੱਖ ਕੌਮ ਦੇ ਹਿਤੈਸ਼ੀ ਦੱਸਣ ਵਾਲੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਬਤੌਰ ਸਿੱਖ ਤੇ ਕੇਂਦਰੀ ਕੈਬਨਿਟ ਮੰਤਰੀ, ਜਥੇਦਾਰ ਤੇ ਪ੍ਰਧਾਨ ਦੇ ਮੂੰਹੋਂ ਨਿਕਲੇ ਸ਼ਬਦਾਂ ਨੂੰ ਅਮਲੀ ਰੂਪ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਰਸਾਈ ਕਰਨ।

ਭਗਵੰਤ ਮਾਨ ਨੇ ਬਾਦਲ ਤੋਂ ਜਵਾਬ ਮੰਗਿਆ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਖ਼ਾਲਿਸਤਾਨ ਦੀ ਮੰਗ ਬਾਰੇ ਦਿੱਤੇ ਬਿਆਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਨੂੰ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਵਿਚਾਰ ਦੱਸ ਕੇ ਮਾਮਲੇ ਤੋਂ ਪਾਸਾ ਨਹੀਂ ਵੱਟ ਸਕਦਾ। 

ਮਾਨ ਨੇ ਕਿਹਾ ਕਿ ਜਦੋਂ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਸੱਤਾ ’ਤੇ ਕਾਬਜ਼ ਸੀ ਤਾਂ ਉਦੋਂ ਦਸ ਸਾਲਾ ਦੇ ਸਮੇਂ ਦੌਰਾਨ ਅਕਾਲ ਤਖ਼ਤ ਦੇ ਕਿਸੇ ਵੀ ਜਥੇਦਾਰ ਨੇ ਖ਼ਾਲਿਸਤਾਨ ਦੀ ਮੰਗ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਪੰਥ ਖ਼ਤਰੇ ’ਚ ਨਹੀਂ, ਸਗੋਂ ਬਾਦਲ ਦਲ ਖ਼ਤਰੇ ’ਚ ਹੈ। ਮਾਨ ਨੇ ਕਿਹਾ ਕਿ ਜਦੋਂ ਜਥੇਦਾਰ ਤੇ ਐੱਸਜੀਪੀਸੀ ਦੇ ਪ੍ਰਧਾਨ ਬਾਦਲ ਦੀਆਂ ਜੇਬਾਂ ’ਚੋਂ ਨਿਕਲਦੇ ਹੋਣ ਤਾਂ ਅਕਾਲੀ ਦਲ ਨੂੰ ਖ਼ਾਲਿਸਤਾਨ ਦੀ ਮੰਗ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਅਕਾਲੀ ਦਲ ਨੂੰ ਭਾਈਵਾਲ ਪਾਰਟੀ ਵਜੋਂ ਨਾਲ ਰੱਖਣਗੇ ਜਾਂ ਨਹੀਂ।

ਖਾਲਿਸਤਾਨੀ ਪਿਛੋਕੜ 'ਤੇ ਪਛਤਾਉਣ ਲੱਗੀ ਆਪ ਵਿਧਾਇਕਾ
ਖਾਲਿਸਤਾਨ ਦੀ ਜੁਝਾਰੂ ਲਹਿਰ ਵਿਚ ਸ਼ਹੀਦ ਹੋਣ ਵਾਲੇ ਭਾਈ ਸੁਖਪਾਲ ਸਿੰਘ ਪਾਲਾ ਬੱਬਰ ਦੀ ਭਤੀਜੀ ਅਤੇ ਇਲਾਕੇ ਵਿਚ ਖਾਲਿਸਤਾਨੀ ਪਰਿਵਾਰ ਵਜੋਂ ਜਾਣੇ ਜਾਂਦੇ ਪਰਿਵਾਰ ਦੀ ਧੀ ਬਲਜਿੰਦਰ ਕੌਰ ਜੋ ਹੁਣ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਹਨ, ਉਨ੍ਹਾਂ ਇਕ ਪੱਤਰਕਾਰ ਮਿਲਣੀ ਦੌਰਾਨ ਸਵਾਲ ਦਾ ਜਵਾਬ ਦਿੰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜੇ ਉਹ ਖਾਲਿਸਤਾਨੀ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧਿਤ ਹਨ ਤਾਂ ਉਨ੍ਹਾਂ ਦਾ ਇਸ ਵਿਚ ਕੀ ਕਸੂਰ ਹੈ।

ਦੱਸ ਦਈਏ ਕਿ ਬਲਜਿੰਦਰ ਕੌਰ ਨੂੰ ਮਸ਼ਹੂਰ ਗਾਇਕ ਬਲਕਾਰ ਸਿੱਧੂ ਦੀ ਟਿਕਟ ਕੱਟ ਕੇ ਟਿਕਟ ਦਿੱਤੀ ਗਈ ਸੀ ਅਤੇ ਉਹਨਾਂ ਨੂੰ ਟਿਕਟ ਮਿਲਣ ਦਾ ਵੱਡਾ ਕਾਰਨ ਸਿੱਖ ਸਮਾਜ ਵਿਚ ਉਹਨਾਂ ਦੇ ਪਰਿਵਾਰ ਦਾ ਸਤਿਕਾਰ ਹੀ ਮੰਨਿਆ ਜਾਂਦਾ ਹੈ। ਹੁਣ ਬਲਜਿੰਦਰ ਕੌਰ ਦੇ ਇਸ ਬਿਆਨ ਦੀ ਸਿੱਖ ਜਗਤ ਵਿਚ ਕਾਫੀ ਨਿੰਦਾ ਹੋ ਰਹੀ ਹੈ।

ਸੀਪੀਆਈ (ਐਮ) ਨੇ ਬਿਆਨ ਨੂੰ ਮੰਦਭਾਗਾ ਦੱਸਿਆ
ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਅਤੇ ਐੱਸਜੀਪੀਸੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਗੋਵਾਲ ਵਲੋਂ ਇਹ ਕਹਿਣਾ ਕਿ ਸਾਰੇ ਸਿੱਖ ਖਾਲਿਸਤਾਨ ਚਾਹੁੰਦੇ ਹਨ ਇਹ ਬਹੁਤ ਹੀ ਮੰਦਭਾਗਾ ਹੈ।

ਆਰ.ਐਸ.ਐਸ ਨਾਲ ਜੁੜੇ ਸਿੱਖ ਚਿਹਰੇ ਤੜਫੇ
ਭਾਜਪਾ ਦੇ ਕੌਮੀ ਸਕੱਤਰ ਅਤੇ ਆਰ ਐਸ ਐਸ ਨਾਲ ਜੁੜੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਦੇ ਰਹਿ ਚੁੱਕੇ ਆਰ ਪੀ ਸਿੰਘ ਨੇ ਕੱਲ੍ਹ ਇੱਕ ਇੰਟਰਵਿਊ ਵਿੱਚ ਕਿਹਾ ਕਿ ਜਿਨ੍ਹਾਂ ਨੂੰ ਖਾਲਿਸਤਾਨ ਚਾਹੀਦਾ ਹੈ, ਲਾਹੌਰ ਜਾ ਕੇ ਮੰਗਣ।

ਦੂਸਰੇ ਪਾਸੇ ਹਿੰਦੂ ਰਾਸ਼ਟਰ ਜਾਂ ਰਾਮ ਰਾਜ ਬਾਰੇ ਆਰ ਪੀ ਸਿੰਘ ਨੇ ਕਿਹਾ ਕਿ ਰਾਮ ਰਾਜ ਇੱਕ ਸੰਯੁਕਤ ਰਾਜ ਦੀ ਕਲਪਨਾ ਹੈ। ਮਹਾਤਮਾ ਗਾਂਧੀ ਵੀ ਦੇਸ਼ ਵਿੱਚ ਰਾਮ ਰਾਜ ਦੀ ਗੱਲ ਕਹਿੰਦੇ ਸਨ। ਭਾਰਤ ਦੇ 1951 ਵਿੱਚ ਸਵੀਕਾਰ ਕੀਤੇ ਸੰਵਿਧਾਨ ਨਾਲ ਬੱਝੇ ਹੋਏ ਹਾਂ, ਇਸ ਦੇ ਦਾਇਰੇ 'ਚ ਹੀ ਰਹਿਣਾ ਹੋਵੇਗਾ।

ਬਾਦਲਾਂ ਤੋਂ ਵੱਖ ਹੋਏ ਟਕਸਾਲੀ ਵੀ ਦੁਵਿਧਾ ਵਿਚ
ਅਕਾਲੀ ਦਲ ਟਕਸਾਲੀ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਨੇ ਜਥੇਦਾਰ ਤੋਂ ਖਾਲਿਸਤਾਨ ਦੀ ਰੂਪ ਰੇਖਾ ਨੂੰ ਲੈ ਕੇ ਸਵਾਲ ਕੀਤੇ ਹਨ। ਸੇਖਵਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਬਿਆਨ ਨੇ ਕੌਮ 'ਚ ਦੁਵਿਧਾ ਪੈਦਾ ਕਰ ਦਿੱਤੀ ਹੈ। ਸੰਗਤ ਜਾਨਣਾ ਚਾਹੁੰਦੀ ਹੈ ਕਿ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਆਖਿਰ ਲੜਾਈ ਕਿਸ ਨਾਲ ਲੜਨੀ ਹੈ ਅਤੇ ਲੜਾਈ ਕਿਵੇਂ ਹੋਵੇਗੀ? ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਇਹ ਬਿਆਨ ਭਾਰਤੀ ਜਨਤਾ ਪਾਰਟੀ ਨਾਲ ਖਟਾਸ ਦੇ ਚਲਦਿਆਂ ਅੱਖਾਂ ਦਿਖਾਉਣ ਲਈ ਦਵਾਇਆ ਗਿਆ ਹੈ। 

ਇਹਨਾਂ ਸਾਰੇ ਆਗੂਆਂ ਦੇ ਬਿਆਨਾਂ ਤੋਂ ਉਲਟ ਜਿੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਫਿਲਹਾਲ ਇਸ ਮਸਲੇ 'ਤੇ ਚੁੱਪ ਧਾਰੀ ਹੋਈ ਹੈ ਉੱਥੇ ਹੀ ਸਿੱਖ ਜਗਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ।