ਦੇਸ਼ ਵੰਡ ਨੇ ਵੰਡੀ ਤੇ ਤਬਾਹ ਕੀਤੀ ਪੰਜਾਬੀ ਫਿਲਮ ਸਨਅਤ

ਦੇਸ਼ ਵੰਡ ਨੇ ਵੰਡੀ ਤੇ ਤਬਾਹ ਕੀਤੀ ਪੰਜਾਬੀ ਫਿਲਮ ਸਨਅਤ

ਫਿਲਮ ਸੰਸਾਰ 

ਲਾਹੌਰ ਪੰਜਾਬ ਦਾ ਦਿਲ ਸੀ। ਬਾਕੀ ਕਲਾਵਾਂ ਵਾਂਗ ਪੰਜਾਬੀ ਫਿਲਮਕਾਰੀ ਵੀ ਲਾਹੌਰ ਵਿਚ ਜਨਮੀ, ਪਣਪੀ ਅਤੇ ਜਵਾਨ ਹੋਈ। ਪੰਜਾਬ ਦੀ ਵੰਡ ਨੇ ਇਸ ਨੂੰ ਡੂੰਘੀ ਸੱਟ ਮਾਰੀ। ਉੱਘੇ ਪੰਜਾਬੀ ਫਿਲਮਸਾਜ਼, ਹਦਾਇਤਕਾਰ, ਕਲਾਕਾਰ, ਲੇਖਕ, ਗਾਇਕ ਆਦਿ ਲਾਹੌਰ ਤੋਂ ਉੱਜੜ ਕੇ ਮੁੰਬਈ ਪਹੁੰਚੇ ਅਤੇ ਨੂਰਜਹਾਂ ਜਿਹੀ ਗਾਇਕਾ ਤੇ ਅਦਾਕਾਰਾ ਅਤੇ ਸਾਅਦਤ ਹਸਨ ਮੰਟੋ ਜਿਹੇ ਸੰਵਾਦ ਤੇ ਪਟਕਥਾ ਲੇਖਕ ਆਦਿ ਲਹਿੰਦੇ ਪੰਜਾਬ ਚਲੇ ਗਏ।

ਜੂਨ-ਜੁਲਾਈ 1947 ਵਿਚ ਲਾਹੌਰ ਵਿਚ ਫ਼ਿਰਕੂ-ਫਸਾਦਾਂ ਕਾਰਨ ਕਰਫ਼ਿਊ ਲੱਗਣਾ ਸ਼ੁਰੂ ਗਿਆ। ਸਿੱਟੇ ਵਜੋਂ ਸਿਨਮਾ ਘਰ ਬੰਦ ਹੋਣ ਲੱਗੇ। ਪੰਜਾਬ ਦੀ ਪੰਜਾਬੀ ਫਿਲਮ ਸਨਅਤ ਜੋ ਉਸ ਵਕਤ ਆਪਣੇ ਉਰੂਜ਼ ’ਤੇ ਸੀ, ਦਾ ਕਾਰੋਬਾਰ ਠੱਪ ਹੋ ਗਿਆ। ਪੰਦਰਾਂ ਅਗਸਤ 1947 ਨੂੰ ਮੁਲਕ ਦੋ ਹਿੱਸਿਆਂ ਵਿਚ ਤਕਸੀਮ ਹੋ ਗਿਆ ਤੇ ਇਕ ਨਵਾਂ ਮੁਲਕ ਪਾਕਿਸਤਾਨ ਬਣ ਗਿਆ। ਲਾਹੌਰ ਉਸ ਵੇਲੇ ਫਿਲਮਾਂ ਦਾ ਤੀਜਾ ਵੱਡਾ ਮਰਕਜ਼ ਸੀ। ਪੰਜਾਬ ਚੜ੍ਹਦੇ ਤੇ ਲਹਿੰਦੇ ਦੋ ਹਿੱਸਿਆਂ ਵਿਚ ਬਦਲ ਗਿਆ। ਫਿਲਮਾਂ ਵਿਚ ਕੰਮ ਕਰਨ ਵਾਲੇ ਮੁਸਲਿਮ ਪੰਜਾਬੀ ਜਿਨ੍ਹਾਂ ਦੀ ਉਸ ਵੇਲੇ ਬੰਬਈ ਫਿਲਮ ਸਨਅਤ ਵਿਚ ਤੂਤੀ ਬੋਲਦੀ ਸੀ, ਪਾਕਿਸਤਾਨ ਨੂੰ ਹਿਜਰਤ ਗਏ। ਇਨ੍ਹਾਂ ਵਿਚ ਮਾਰੂਫ਼ ਫ਼ਿਲਮਸਾਜ਼, ਹਦਾਇਤਕਾਰ, ਮੌਸੀਕੀਕਾਰ, ਨਗ਼ਮਾਨਿਗਾਰ, ਅਦਾਕਾਰ, ਗੁਲੂਕਾਰ ਸ਼ਾਮਿਲ ਸਨ ਜਿਨ੍ਹਾਂ ਵਿਚ ਭਾਈ ਦੇਸਾ, ਭਾਈ ਛੈਲਾ, ਨੂਰਜਹਾਂ, ਖ਼ੁਰਸ਼ੀਦ ਬਾਨੋ, ਮੁਮਤਾਜ਼ ਸ਼ਾਂਤੀ, ਰਾਗਿਨੀ, ਐਮ.ਡੀ. ਕੰਵਰ, ਗੁਲ ਜ਼ਮਾਨ, ਮੁਬਾਰਕ ਅਲੀ ਖ਼ਾਨ, ਮੁਖ਼ਤਾਰ ਬੇਗਮ (ਬੁਲਬੁਲ-ਏ-ਪੰਜਾਬ), ਨਜ਼ੀਰ, ਖ਼ੁਰਸ਼ੀਦ ਬਾਨੋ, ਸਵਰਨ ਲਤਾ, ਆਸ਼ਾ ਪੋਸਲੇ, ਰਾਣੀ ਕਿਰਨ, ਖਵਾਜ਼ਾ ਖੁਰਸ਼ੀਦ ਅਨਵਰ, ਲਾਲਾ ਯਾਕੂਬ, ਹਸਨਦੀਨ, ਗ਼ੁਲਾਮ ਮੁਹੰਮਦ, ਮੁਹੰਮਦ ਇਸਮਾਈਲ, ਭਾਈ ਗ਼ੁਲਾਮ ਹੈਦਰ ਅੰਮ੍ਰਿਤਸਰੀ, ਜ਼ਹੂਰ ਰਾਜਾ, ਮਾਸਟਰ ਗ਼ੁਲਾਮ ਕਾਦਰ, ਹਿਮਾਲਿਆ ਵਾਲਾ, ਮਸੂਦ, ਅਲਾਊਦੀਨ, ਵਲੀ ਸਾਹਿਬ, ਏ. ਸ਼ਾਹ ਸ਼ਿਕਾਰਪੁਰੀ, ਅਨੂਪ ਜਾਨ, ਦਾਊਦ ਚਾਂਦ, ਬਾਬਾ ਜੀ.ਏ. ਚਿਸ਼ਤੀ, ਗੌਰੀ ਉਰਫ਼ ਨਜ਼ੀਰ ਅਹਿਮਦ ਗੌਰੀ, ਹਮੀਦਾ ਬਾਨੋ, ਗੀਤਾ ਨਿਜ਼ਾਮੀ, ਮਸੂਦ ਪਰਵੇਜ਼, ਫ਼ਿਰੋਜ਼ ਨਿਜ਼ਾਮੀ, ਨੁਸਰਤ ਕਾਰਦਾਰ, ਸਾਅਦਤ ਹਸਨ ਮੰਟੋ, ਰਸ਼ੀਦ ਅੱਤਰੇ, ਜ਼ੁਬੈਦਾ ਖ਼ਾਨਮ, ਮੁਨੱਵਰ ਸੁਲਤਾਨਾ, ਰਫ਼ੀਕ ਗ਼ਜ਼ਨਵੀ, ਉਸਤਾਦ ਝੰਡੇ ਖ਼ਾਨ ਆਦਿ ਫ਼ਨਕਾਰਾਂ ਦੀ ਲੰਮੀ ਫ਼ਹਿਰਿਸਤ ਹੈ।

ਲਾਹੌਰ ਤੋਂ ਹਿਜਰਤ ਕਰ ਕੇ ਭਾਰਤ ਵਿਚ ਆਉਣ ਵਾਲੇ ਫਿਲਮਸਾਜ਼ਾਂ, ਹਦਾਇਤਕਾਰਾਂ, ਨਗ਼ਮਾਨਿਗਾਰਾਂ, ਮੌਸੀਕੀਕਾਰਾਂ, ਅਦਾਕਾਰਾਂ, ਗੁਲੂਕਾਰਾਂ, ਵਿਚ ਅਬਦੁੱਲ ਰਸ਼ੀਦ ਕਾਰਦਾਰ, ਹੀਰਾ ਲਾਲ, ਸ਼ਿਆਮ, ਖ਼ਰੈਤੀ ਭੈਂਗਾ, ਓ.ਪੀ. ਨਈਅਰ, ਓਮ ਪ੍ਰਕਾਸ਼, ਦੁਰਗਾ ਮੋਟਾ, ਪ੍ਰਾਣ, ਆਰ.ਸੀ. ਤਲਵਾਰ, ਕੁਲਦੀਪ ਕੌਰ, ਕਰਨ ਦੀਵਾਨ, ਬਲਰਾਜ ਮਹਿਤਾ, ਸੁਰੱਈਆ, ਜਗਦੀਸ਼ ਸੇਠੀ, ਸਤੀਸ਼ ਬੱਤਰਾ, ਭਾਗ ਸਿੰਘ, ਰਾਮ ਅਵਤਾਰ, ਵਾਸਤੀ, ਮਨੋਰਮਾ, ਪੰਡਤ ਦੀਨਾ ਨਾਥ ਮਧੋਕ, ਪੰਡਤ ਗੋਬਿੰਦਰਾਮ, ਮੁਮਤਾਜ਼ ਬੇਗਮ, ਸ਼ਾਂਤੀ ਮਧੋਕ, ਜੇ.ਕੇ. ਨੰਦਾ, ਰਮੇਸ਼ ਠਾਕੁਰ, ਉਰਮਿਲਾ, ਰਜਿੰਦਰ ਸਿੰਘ, ਸ਼ਾਂਤੀ ਪ੍ਰਕਾਸ਼ ਬਖ਼ਸ਼ੀ, ਸ਼ਿਆਮ ਸੁੰਦਰ, ਰਾਮ ਲਾਲ, ਅਰੁਣ ਅਹੂਜਾ, ਆਈ.ਐੱਸ. ਜੌਹਰ, ਮਨਮੋਹਨ ਕ੍ਰਿਸ਼ਨ, ਕਮਲ ਕਪੂਰ, ਕਾਮਿਨੀ ਕੌਸ਼ਲ, ਵੀਨਾ, ਮਿਹਰ ਬਾਨੋ, ਜੀ.ਐੱਮ. ਦੁੱਰਾਨੀ, ਸੁੰਦਰ ਸਿੰਘ, ਐੱਸ.ਡੀ. ਨਾਰੰਗ, ਅਮਰਨਾਥ, ਸ਼ਿਆਮਾ, ਕੇਦਾਰ ਸ਼ਰਮਾ, ਹਿੰਮਤ ਰਾਏ ਸ਼ਰਮਾ, ਇੰਦਰਾ ਬਿੱਲੀ, ਇੰਦਰਾ ਬਾਂਸਲ, ਨਿਸ਼ੀ, ਜਾਨਕੀ ਦਾਸ, ਸੁਨੀਲ ਦੱਤ, ਗੋਪਾਲ ਸਹਿਗਲ, ਮੁਲਕ ਰਾਜ ਭਾਖੜੀ, ਐੱਸ. ਮੋਹਿੰਦਰ, ਸਰਦੂਲ ਕਵਾਤੜਾ, ਵਿਨੋਦ, ਗੁਲਸ਼ਨ ਬਾਵਰਾ, ਆਨੰਦ ਬਖ਼ਸ਼ੀ, ਚਮਨ ਲਾਲ ਸ਼ੁਗਲ, ਦੇਵ ਕੁਮਾਰ ਆਦਿ ਵਰਗੇ ਨਾਮ ਕਾਬਿਲ-ਏ-ਗ਼ੌਰ ਹਨ।

ਲਾਹੌਰ ਵਿਚ ਸਥਾਪਤ ਵੱਡੇ ਤੇ ਨਾਮੀ ਫਿਲਮ ਸਟੂਡੀਓਜ਼ ਦੇ ਫਿਲਮਸਾਜ਼ਾਂ ਅਤੇ ਹਦਾਇਤਕਾਰਾਂ ਦੀ ਕਰੀਏ ਤਾਂ ਸੇਠ ਦਲਸੁਖ ਐੱਮ. ਪੰਚੋਲੀ ਦਾ ਪੰਚੋਲੀ ਸਟੂਡੀਓ, ਆਰ.ਐੱਲ. ਸ਼ੋਰੀ (ਰੌਸ਼ਨ ਲਾਲ ਸ਼ੋਰੀ) ਤੇ ਰੂਪ ਕੇ. ਸ਼ੋਰੀ (ਰੂਪ ਕਿਸ਼ੋਰ ਸ਼ੋਰੀ) ਦਾ ਕਮਲਾ ਮੂਵੀਟੋਨ ਤੇ ਸ਼ੋਰੀ ਸਟੂਡੀਓ, ਠਾਕੁਰ ਰਜਿੰਦਰ ਸਿੰਘ ਦਾ ਨੌਰਦਰਨ ਇੰਦਰਾ ਸਟੂਡੀਓਜ਼, ਪੰਡਤ ਨਰਿੰਦਰ ਨਾਥ ਦਾ ਸਿਨੇ ਸਟੂਡੀਓ, ਸੇਠ ਜਗਨ ਨਾਥ ਮਹੇਸ਼ਵਰੀ ਦਾ ਏ.ਜੇ.ਐੱਨ. ਮਹੇਸ਼ਵਰੀ ਸਟੂਡੀਓ, ਗੁਲ ਜ਼ਮਾਨ ਦਾ ਜ਼ਮਾਨ ਪ੍ਰੋਡਕਸ਼ਨ ਤੇ ਠਾਕੁਰ ਹਿੰਮਤ ਸਿੰਘ ਦਾ ਲੀਲਾ ਮੰਦਰ ਸਟੂਡੀਓ, ਸਤੀਸ਼ ਬੱਤਰਾ ਦਾ ਬੱਤਰਾ ਸਟੂਡੀਓ - ਸਭ ਲਾਹੌਰ ਵਿਚ ਰਹਿ ਗਏ। ਆਪਣੀ ਤਮਾਮ ਜਾਇਦਾਦ ਅਤੇ ਧਨ-ਦੌਲਤ ਲਾਹੌਰ ਵਿਚ ਛੱਡ ਕੇ ਵਕਤ ਦੇ ਇਹ ਅਜ਼ੀਮ ਲੋਕ ਪਨਾਹਗ਼ੀਰ ਬਣ ਕੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿਣ ਤੋਂ ਥੋੜ੍ਹੇ ਚਿਰ ਬਾਅਦ ਬੰਬਈ ਚਲੇ ਗਏ। ਇੱਥੇ ਲਾਹੌਰ ’ਚੋਂ ਆਏ ਸਥਾਪਿਤ ਬੰਦਿਆਂ ਦੇ ਪੈਰ ਤਾਂ ਜੰਮ ਗਏ ਪਰ ਕਈ ਫ਼ਨਕਾਰਾਂ ਨੂੰ ਪੈਰ ਜਮਾਉਣ ਲਈ ਖ਼ਾਸਾ ਸੰਘਰਸ਼ ਕਰਨਾ ਪਿਆ। ਇਸੇ ਤਰ੍ਹਾਂ ਭਾਰਤ ਵਿਚੋਂ ਲਾਹੌਰ ਗਏ ਫ਼ਨਕਾਰਾਂ ਨਾਲ ਵੀ ਹੋਇਆ। ਸਭ ਸੋਚਦੇ ਸਨ ਕਿ ਸ਼ਾਇਦ ਮੁਲਕ ਦੁਬਾਰਾ ਇਕ ਹੋ ਜਾਵੇ ਪਰ ਅਫ਼ਸੋਸ! ਅਜਿਹਾ ਨਾ ਹੋ ਸਕਿਆ।

ਸਾਲ 1946-47 ਵਿਚ ਕੁਝ ਪੰਜਾਬੀ ਫਿਲਮਾਂ ਲਾਹੌਰ ’ਚ ਸ਼ੁਰੂ ਹੋਈਆਂ ਜੋ ਵੰਡ ਤੋਂ ਬਾਅਦ ਬੰਬਈ ਜਾ ਕੇ ਪੂਰੀਆਂ ਹੋਈਆਂ। ਕੁਝ ਫਿਲਮਾਂ ਬੰਬਈ ਵਿਚ ਸ਼ੁਰੂ ਹੋਈਆਂ ਪਰ ਵੰਡ ਦੇ ਚੱਲਦਿਆਂ ਮੁਸਲਿਮ ਪੰਜਾਬੀ ਫ਼ਨਕਾਰਾਂ ਦੇ ਲਾਹੌਰ (ਪਾਕਿਸਤਾਨ) ਚਲੇ ਜਾਣ ਕਰਕੇ ਉਹ ਦੁਬਾਰਾ ਨਾ ਬਣ ਸਕੀਆਂ। ਇੰਝ ਹੀ 1940ਵਿਆਂ ’ਚ ਕੁਝ ਪੰਜਾਬੀ ਫਿਲਮਾਂ ਲਾਹੌਰ ਵਿਚ ਸ਼ੁਰੂ ਹੋਈਆਂ ਤੇ ਕੁਝ ਨੂੰ ਬਣਾਉਣ ਦੇ ਐਲਾਨ ਕੀਤੇ ਗਏ ਪਰ ਕਿਸੇ ਸਬੱਬ ਵੱਸ ਉਹ ਵੀ ਨਾ ਬਣੀਆਂ। ਇੱਥੇ ਅਜਿਹੀਆਂ ਹੀ ਕੁਝ ਫਿਲਮਾਂ ਦਾ ਜ਼ਿਕਰ ਕਰ ਰਿਹਾ ਹਾਂ।

1947 ਵਿਚ ਹਦਾਇਤਕਾਰ ਰੂਪ ਕੇ. ਸ਼ੋਰੀ ਨੇ ਲਾਹੌਰ ਵਿਚ ‘ਡਾਕਟਰ ਚਮਨ’ ਦੇ ਨਾਮ ਨਾਲ ਇਕ ਪੰਜਾਬੀ ਫਿਲਮ ਸ਼ੁਰੂ ਕੀਤੀ। ਇਸ ਫਿਲਮ ਦੀ ਤਕਮੀਲ ਦੌਰਾਨ ਪੰਜਾਬ ਦੀ ਵੰਡ ਹੋ ਗਈ। ਰੂਪ ਕੇ. ਸ਼ੋਰੀ ਇਸ ਦੇ ਤਮਾਮ ਨੈਗੇਟਿਵ ਲੈ ਕੇ ਬੰਬਈ ਟੁਰ ਗਏ। ਬੰਬਈ ਵਿਚ ਇਹ ਫਿਲਮ ਜੈਮਿਨੀ ਦੀਵਾਨ ਪ੍ਰੋਡਕਸ਼ਨਸ, ਬੌਂਬੇ ਦੇ ਬੈਨਰ ਹੇਠ ਰੂਪ ਕੇ. ਸ਼ੋਰੀ ਦੀ ਹਦਾਇਤਕਾਰੀ ਵਿਚ ‘ਚਮਨ’ (3 ਅਗਸਤ 1948 ਨੂੰ ਸੈਂਸਰ) ਦੇ ਨਾਮ ਨਾਲ ਮੁਕੰਮਲ ਹੋਈ। ਇਸ ਫਿਲਮ ਵਿਚ ਹੀਰੋ ਦਾ ਕਿਰਦਾਰ ਗੁੱਜਰਾਂਵਾਲੇ ਦੇ ਗੱਭਰੂ ਕਰਨ ਦੀਵਾਨ ਨੇ ਨਿਭਾਇਆ ਜਿਸਦੇ ਰੂ-ਬ-ਰੂ ਰਾਏਵਿੰਡ ਦੀ ਪੰਜਾਬਣ ਮੁਟਿਆਰ ਮੀਨਾ ਸ਼ੋਰੀ (ਪਤਨੀ ਰੂਪ ਕਿਸ਼ੋਰ ਸ਼ੋਰੀ) ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਇਸ ਫਿਲਮ ਵਿਚ ਪਹਿਲੀ ਵਾਰ ਭਰਤਗੜ੍ਹ (ਅੰਬਾਲਾ) ਦੀ ਪੰਜਾਬਣ ਮੁਟਿਆਰ ਕੁਲਦੀਪ ਕੌਰ ਨਵੇਂ ਚਿਹਰੇ ਵਜੋਂ ਪੇਸ਼ ਹੋਈ। ਬਾਕੀ ਅਦਾਕਾਰਾਂ ਵਿਚ ਓਮ ਪ੍ਰਕਾਸ਼ (ਭਾਈਆ ਜੀ), ਮਜਨੂੰ ਉਰਫ਼ ਹੈਰੋਲਡ ਲੂਈਸ (ਭੋਲਾ), ਸੁਰੱਈਆ ਚੌਧਰੀ (ਰਾਜ), ਗੁਲਾਬ (ਭਾਬੋ), ਰਮੇਸ਼ ਠਾਕੁਰ (ਰਿਟਾਇਰ ਫੌਜੀ), ਅਜ਼ੀਜ਼ ਕਸ਼ਮੀਰੀ (ਹਕੀਮ), ਕਥਾਨਾ (ਇਲਮਦੀਨ) ਆਦਿ ਨੁਮਾਇਆ ਸਨ। ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਨੇ ਤੇ ਸੰਗੀਤ ਵਿਨੋਦ ਨੇ ਤਾਮੀਰ ਕੀਤਾ। ਇਸ ਫਿਲਮ ਦੇ ਗੀਤ ਫ਼ਾਜ਼ਿਲਕਾ ਦੀ ਪੁਸ਼ਪਾ ਚੋਪੜਾ (ਬਾਅਦ ’ਚ ਪੁਸ਼ਪਾ ਹੰਸ), ਹਮੀਦਾ ਬਾਨੋ, ਪ੍ਰੇਮ ਲਤਾ, ਮੀਨਾ ਸ਼ੋਰੀ, ਰਣਧੀਰ, ਐੱਸ. ਗੁਲਰਜ਼ਾ ਨੇ ਗਾਏ ਸਨ। ਵੈਸੇ ਤਾਂ ਫਿਲਮ ਦੇ ਸਾਰੇ ਗੀਤ ਬੇਹੱਦ ਮਕਬੂਲ ਹੋਏ ਪਰ ਇਸ ਦਾ ਇਕ ਗੀਤ ‘ਸਾਰੀ ਰਾਤ ਤੇਰਾ ਤੱਕਣੀ ਆਂ ਰਾਹ ਤਾਰਿਆਂ ਨੂੰ ਪੁੱਛ ਚੰਨ ਵੇ’ (ਪੁਸ਼ਪਾ ਚੋਪੜਾ) ਅਮਰ ਗੀਤ ਦਾ ਦਰਜਾ ਰੱਖਦਾ ਹੈ। ਇਸ ਫਿਲਮ ਦੇ ਤਿੰਨ ਗੀਤ ‘ਚਮਨ’ ਦੇ ਨਾਮ ਹੇਠ ਵਿਨੋਦ ਨੇ ਲਤਾ ਮੰਗੇਸ਼ਕਰ ਕੋਲੋਂ ਵੀ ਗਵਾਏ। ਇਹ ਸਨ: ‘ਰਾਹੇ-ਰਾਹੇ ਜਾਂਦਿਆਂ ਅੱਖੀਆਂ ਮਿਲਾਂਦਿਆਂ’, ‘ਗਲੀਆਂ ’ਚ ਫਿਰਦੇ ਢੋਲਾ ਨਿੱਕੇ-ਨਿੱਕੇ ਬਾਲ ਵੇ’ (ਐੱਨ 29300) ਅਤੇ ‘ਅਸਾਂ ਬੇਕਦਰਾਂ ਨਾਲ ਲਾਈਆਂ ਅੱਖੀਆਂ ਦੁੱਖ ਭਰੀਆਂ’। ਲਤਾ ਦੇ ਗਾਏ ਇਹ ਗੀਤ ਫਿਲਮ ਵਿਚ ਸ਼ਾਮਿਲ ਨਹੀਂ ਕੀਤੇ ਗਏ ਸਨ ਸਗੋਂ ਫਿਲਮ ਵਿਚ ਪੁਸ਼ਪਾ ਚੋਪੜਾ ਦੇ ਗਾਏ ਗੀਤ ਹੀ ਮੀਨਾ ਸ਼ੋਰੀ ’ਤੇ ਫਿਲਮਾਏ ਗਏ ਸਨ। ਇਕ ਹਵਾਲੇ ਮੁਤਾਬਿਕ ‘ਚਮਨ’ ਦੇ ਦੋ ਗੀਤ ਵਿਨੋਦ ਦੇ ਹੀ ਸੰਗੀਤ ’ਚ ਬੀਬੀ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਵੀ ਗਾਏ ਸਨ ਪਰ ਇਨ੍ਹਾਂ ਦੇ ਪੱਥਰ ਦੇ ਰਿਕਾਰਡਾਂ ਦਾ ਹਵਾਲਾ ਨਹੀਂ ਮਿਲ ਸਕਿਆ। ਇਹ ਫਿਲਮ 6 ਅਗਸਤ 1948 ਨੂੰ ਰਤਨ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਕਰਾਰ ਪਾਈ।

1947 ਵਿਚ ਕਾਹਨ ਆਰਟ ਪ੍ਰੋਡਕਸ਼ਨ, ਬੌਂਬੇ ਨੇ ‘ਬਾਲੋ-ਮਾਹੀਆ’ ਇਸ਼ਕ ’ਤੇ ਪੰਜਾਬੀ ਫਿਲਮ ‘ਮਾਹੀਆ’ ਬਣਾਉਣ ਦਾ ਐਲਾਨ ਕੀਤਾ ਜਿਸਦੇ ਫਿਲਮਸਾਜ਼ ਤੇ ਹਦਾਇਤਕਾਰ ਕੇ.ਐੱਲ. ਕਾਹਨ ਅਤੇ ਮੌਸੀਕੀਕਾਰ ਨਿਸਾਰ ਬਜ਼ਮੀ ਸਨ। ਬਾਲੋ ਦੇ ਕਿਰਦਾਰ ਲਈ ਰਾਜ ਰਾਣੀ ਅਤੇ ਮਾਹੀਏ ਦੀ ਭੂਮਿਕਾ ਲਈ ਗੁੱਜਰਾਂਵਾਲਾ ਦੇ ਗੱਭਰੂ ਕੁੰਦਨਲਾਲ ਰਾਜਪਾਲ ਨੂੰ ਹੀਰੋ ਲਿਆ ਗਿਆ। ਹੋਰਨਾਂ ਫ਼ਨਕਾਰਾਂ ’ਚ ਨਵਾਜ਼, ਸਬਤਾਨ ਅਲਤਾਫ਼, ਧਵਨ, ਗ਼ੁਲਜ਼ਾਰ ਆਦਿ ਸ਼ਾਮਿਲ ਸਨ ਪਰ ਇਹ ਮੁਲਕ ਵਿਚ ਫ਼ਿਰਕੂ ਫ਼ਸਾਦ ਦੇ ਚੱਲਦਿਆਂ ਪੂਰੀ ਨਹੀਂ ਹੋ ਸਕੀ ਸੀ। ਇਹ ਮੌਸੀਕੀਕਾਰ ਨਿਸਾਰ ਬਜ਼ਮੀ ਉਰਫ਼ ਸੱਈਅਦ ਨਿਸਾਰ ਅਹਿਮਦ ਦੀ ਪਹਿਲੀ ਤੇ ਆਖ਼ਰੀ ਪੰਜਾਬੀ ਫਿਲਮ ਸੀ। ਇਸ ਤੋਂ ਬਾਅਦ ਬਜ਼ਮੀ ਹੋਰੀਂ ਤੇ ਫਿਲਮ ਦੇ ਹੋਰ ਮੁਸਲਿਮ ਫ਼ਨਕਾਰ ਪਾਕਿਸਤਾਨ ਚਲੇ ਗਏ।

ਵੰਡ ਤੋਂ ਪਹਿਲਾਂ ਅਲਾਊਦੀਨ ਨੇ ਬੰਬਈ ਵਿਚ ਪੰਜਾਬੀ ਫਿਲਮ ‘ਕਾਲੀਆਂ ਰਾਤਾਂ’ (1947) ਵਿਚ ਵੀ ਹੀਰੋ ਦੀ ਭੂਮਿਕਾ ਨਿਭਾਈ ਸੀ ਜਿਸ ਦਾ ਸੰਗੀਤ ਏ.ਆਰ. ਕੁਰੈਸ਼ੀ ਉਰਫ਼ ਉਸਤਾਦ ਅੱਲਾ ਰੱਖਾ ਕੁਰੈਸ਼ੀ ਤਬਲਾਵਾਦਕ ਨੇ ਤਿਆਰ ਕੀਤਾ ਤੇ ਗੀਤ ਤਨਵੀਰ ਨਕਵੀ ਲਿਖੇ ਸਨ। ਪਰ ਅਫ਼ਸੋਸ! ਪੰਜਾਬ ਵੰਡ ਦੇ ਚੱਲਦਿਆਂ ਇਹ ਫਿਲਮ ਵੀ ਪੂਰੀ ਨਾ ਹੋ ਸਕੀ ਕਿਉਂਕਿ ਵੰਡ ਤੋਂ ਬਾਅਦ ਰਾਵਲਪਿੰਡੀ ਦਾ ਗੱਭਰੂ ਅਲਾਊਦੀਨ ਵੀ ਲਾਹੌਰ ਚਲਾ ਗਿਆ ਸੀ ਜੋ ਬਾਅਦ ਵਿਚ ਪਾਕਿਸਤਾਨੀ ਪੰਜਾਬੀ ਤੇ ਉਰਦੂ ਫਿਲਮਾਂ ਦਾ ਵੱਡੇ ਕੱਦ ਵਾਲਾ ਅਦਾਕਾਰ ਤੇ ਖਲਨਾਇਕ ਬਣਿਆ ਤੇ ਕੁਝ ਫਿਲਮਾਂ ’ਵਿਚ ਉਸ ਨੇ ਗੀਤ ਵੀ ਗਾਏ ਸਨ।

1946-47 ਵਿਚ ਫਿਲਮਸਾਜ਼ ਕ੍ਰਿਸ਼ਨ ਕੁਮਾਰ ਨੇ ਕਾਰਵਾਂ ਪਿਕਚਰਸ, ਲਾਹੌਰ ਦੇ ਬੈਨਰ ਹੇਠ ਐੱਮ.ਐੱਮ. ਮਹਿਰਾ (ਕੇ.ਡੀ. ਮਹਿਰਾ ਦਾ ਭਰਾ) ਦੀ ਹਦਾਇਤਕਾਰੀ ਵਿਚ ਪੰਜਾਬੀ ਫਿਲਮ ‘ਘਰ ਦੀ ਰਾਣੀ’ ਸ਼ੁਰੂ ਕੀਤੀ। ਇਸ ਦੇ ਗੀਤ ਕਤੀਲ ਸ਼ਿਫ਼ਾਈ, ਮੌਸੀਕੀ ਭਾਈ ਗ਼ੁਲਾਮ ਹੈਦਰ ‘ਅਮ੍ਰਿਤਸਰੀ’ ਤੇ ਮੁਕਾਲਮੇ ਬਾਬਾ ਆਲਮ ਸ਼ਿਆਹਪੋਸ਼ ਨੇ ਲਿਖੇ। ਗੁੱਜਰਾਂਵਾਲਾ ਦੀ ਮੁਟਿਆਰ ਅਖ਼ਤਰ ਉਰਫ਼ ਅਖ਼ਤਰੀ ਤੇ ਲਾਹੌਰ ਦੇ ਗੱਭਰੂ ਸਲੀਮ ਰਜ਼ਾ ਨੇ ਮਰਕਜ਼ੀ ਕਿਰਦਾਰ ਨਿਭਾਏ ਅਤੇ ਦੀਗ਼ਰ ਫ਼ਨਕਾਰਾਂ ਵਿਚ ਜੀ.ਐੱਨ. ਬੱਟ, ਗੁਲ ਜ਼ਮਾਨ, ਜ਼ਹੀਰ, ਉਰਮਿਲਾ ਤੇ ਦੋ ਨਵੇਂ ਚਿਹਰੇ ਅਲਮਾਸ ਤੇ ਨਗੀਨਾ ਸ਼ਾਮਿਲ ਸਨ। ਇਸ ਫਿਲਮ ਦੀ ਸ਼ੂਟਿੰਗ ਲਾਹੌਰ ’ਚ ਸ਼ੁਰੂ ਹੋਈ ਪਰ ਇਸ ਦੌਰਾਨ ਲਾਹੌਰ ’ਚ ਦੰਗੇ-ਫ਼ਸਾਦ ਸ਼ੁਰੂ ਹੋ ਗਏ। ਫਿਲਮਸਾਜ਼ ਕ੍ਰਿਸ਼ਨ ਕੁਮਾਰ ਇਸ ਅਧੂਰੀ ਫਿਲਮ ਦਾ ਪ੍ਰਿੰਟ ਬੌਂਬੇ ਚੁੱਕ ਲਿਆਏ। ਅੱਠ ਅਪਰੈਲ 1950 ਨੂੰ ਅਤਾਉੱਲਾ ਹਾਸ਼ਮੀ ਦੇ ਬੰਬਈ ਤੋਂ ਉਰਦੂ ’ਚ ਛਪਦੇ ਮਸ਼ਹੂਰ ਫਿਲਮੀ ਹਫ਼ਤਾਵਾਰੀ ਰਸਾਲੇ ‘ਅਦਾਕਾਰ’ ਵਿਚ ਇਸ ਫਿਲਮ ਦਾ ਇਸ਼ਤਿਹਾਰ ਦਿੱਤਾ ਜਿਸ ਉੱਤੇ ਇਹ ਇਬਾਰਤ ਦਰਜ ਸੀ: ਪੰਜਾਬ ਦੀ ਸਨਅਤ ਫਿਲਮਸਾਜ਼ੀ ਦੇ ਨਵੇਂ ਦੌਰ ਦਾ ਆਗ਼ਾਜ਼ ਕਰਦੀ ਹਿੰਦੀ ਫਿਲਮ ‘ਕਨੀਜ਼’ (1949) ਦੇ ਪ੍ਰੋਡਿਊਸਰ ਕ੍ਰਿਸ਼ਨ ਕੁਮਾਰ ਦੀ ਹੁਸੀਨ ਤਖ਼ਲੀਕ ‘ਘਰ ਦੀ ਰਾਣੀ’ ਇਕ ਅਜਿਹੀ ਤਸਵੀਰ ਹੈ ਜਿਸ ਵਿਚ ਤੁਹਾਨੂੰ ਆਪਣੀ ਤਸਵੀਰ ਨਜ਼ਰ ਆਵੇਗੀ। ਇਕ ਅਜਿਹਾ ਰੂਮਾਨ ਜਿਸ ਦੀ ਯਾਦ ਤੁਸੀਂ ਵਰ੍ਹਿਆਂ ਤੱਕ ਦਿਲ ਤੋਂ ਨਹੀਂ ਭੁਲਾ ਸਕੋਗੇ। ਪੰਜਾਬ ਦੇ ਰਕਸ (ਨਾਚ), ਪੰਜਾਬ ਦੇ ਗੀਤ, ਪੰਜਾਬ ਦਾ ਮਜ਼ਾ, ਪੰਜਾਬ ਦਾ ਰੂਮਾਨ ਇਸ ਤਸਵੀਰ ਦਾ ਪੂਰਾ ਇਮਤਿਆਜ਼ ਹੋਵੇਗਾ। ਪਰ ਅਫ਼ਸੋਸ! ਲਾਹੌਰ ਵਿਚ ਸ਼ੁਰੂ ਹੋਈ ਇਹ ਫਿਲਮ ਬੰਬਈ ਆ ਕੇ ਵੀ ਪੂਰੀ ਨਾ ਹੋ ਸਕੀ।

1947 ਵਿਚ ਪੰਜਾਬੀ ਹਦਾਇਤਕਾਰ ਕੈਲਾਸ਼ ਭੰਡਾਰੀ ਨੇ ਅੱਪਰ ਇੰਡੀਆ ਸਟੂਡੀਓ, ਲਾਹੌਰ ਵਿਚ ਪੰਜਾਬੀ ਫਿਲਮ ‘ਵਸਾਖੀ’ ਸ਼ੁਰੂ ਕੀਤੀ। ਇਸ ਫਿਲਮ ਦੇ ਅਦਾਕਾਰਾਂ ਵਿਚ ਰਾਣੀ ਕਿਰਨ ਤੇ ਆਸ਼ਾ ਪੋਸਲੇ (ਦੋਵੇਂ ਭੈਣਾਂ ਅਤੇ ਭਾਈ ਇਨਾਇਤ ਅਲੀ ਨਾਥ ਦੀਆਂ ਧੀਆਂ), ਕੇ. ਅਮਰਨਾਥ (ਬਾਅਦ ’ਚ ਹਦਾਇਤਕਾਰ) ਅਤੇ ਕਲਾਵਤੀ (ਡਾਂਸਰ) ਨੁਮਾਇਆ ਸਨ। ਪੰਜਾਬ ਵੰਡ ਤੋਂ ਬਾਅਦ ਵਕਤ ਹੱਥੋਂ ਨਿਰਾਸ਼ ਹੋਇਆ ਕੈਲਾਸ਼ ਭੰਡਾਰੀ ਫਿਲਮ ਦੇ ਨੈਗੇਟਿਵ ਤੇ ਸਕਰਿਪਟ ਲੈ ਕੇ ਬੰਬਈ ਆ ਗਿਆ। ਫਿਲਮਸਾਜ਼ ਕੈਲਾਸ਼ ਭੰਡਾਰੀ ਤੇ ਜਗਦੀਸ਼ ਦੇ ਫਿਲਮਸਾਜ਼ ਅਦਾਰੇ ਦੀ ਇਹ ਫਿਲਮ ਬੰਬਈ ਵਿਚ ਚਿੱਤਰ ਭੂਮੀ ਲਿਮਿਟਡ, ਬੌਂਬੇ ਦੇ ਬੈਨਰ ਹੇਠ ਰਜਿੰਦਰ ਸ਼ਰਮਾ ਦੀ ਹਦਾਇਤਕਾਰੀ ਵਿਚ ‘ਵਸਾਖੀ’ ਦੇ ਨਾਮ ਨਾਲ (ਸੈਂਸਰ 14 ਫਰਵਰੀ 1951) ਦੁਬਾਰਾ ਮੁਕੰਮਲ ਹੋਈ। ਫਿਲਮ ਦੇ ਮੁਸੱਨਫ਼ ਤੇ ਨਗ਼ਮਾਨਿਗਾਰ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਹਰਬੰਸ ਲਾਲ ਸ਼ਰਮਾ ਨੇ ਤਾਮੀਰ ਕੀਤਾ। ਹੁਣ ਫਿਲਮ ਦੇ ਨਵੇਂ ਅਦਾਕਾਰਾਂ ਵਿਚ ਪੁਸ਼ਪਾ ਹੰਸ, ਵਾਸਤੀ, ਮਨੋਰਮਾ, ਪ੍ਰਾਣ, ਮਜਨੂੰ, ਸੁੰਦਰ, ਅਚਲਾ ਸਚਦੇਵ ਉਰਫ਼ ਰਜਿੰਦਰ ਕੌਰ (ਪਹਿਲੀ ਪੰਜਾਬੀ ਫਿਲਮ), ਰਾਜਨ ਹਕਸਰ, ਉਮਾ ਦੱਤ, ਕੁਲਦੀਪ ਕੌਰ, ਚੰਦਰ ਕੁਮਾਰੀ, ਸੱਤਯਾਪਾਲ ਨੁਮਾਇਆ ਸਨ। ਇਹ ਫਿਲਮ 9 ਮਾਰਚ 1951 ਨੂੰ ਰੀਜੈਂਟ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।

ਸਾਲ 1940 ਵਿਚ ਆਰ.ਐੱਲ. ਸ਼ੋਰੀ (ਸੀਨੀਅਰ) ਤੇ ਉਨ੍ਹਾਂ ਦੇ ਪੁੱਤਰ ਰੂਪ ਕੇ. ਸ਼ੋਰੀ ਨੇ ਆਪਣੇ ਫਿਲਮਸਾਜ਼ ਅਦਾਰੇ ਕਮਲਾ ਮੂਵੀਟੋਨ ਲਿਮਿਟਡ, ਲਾਹੌਰ ਦੇ ਬੈਨਰ ਹੇਠ ਪੰਜਾਬੀ ਫਿਲਮ ‘ਅਨਾਰ ਦੀ ਕਲੀ’ (1940) ਸ਼ੁਰੂ ਕੀਤੀ। ਅੱਠ ਸਤੰਬਰ 1940 ਦੇ ਰੋਜ਼ਾਨਾ ਇਨਕਲਾਬ, ਲਾਹੌਰ ਅਖ਼ਬਾਰ ਵਿਚ ਛਪੇ ਇਸ਼ਤਿਹਾਰ ’ਤੇ ਦਰਜ ਇਬਾਰਤ ਸੀ: ਪੰਜਾਬ ਵਿਚ ਪੰਜਾਬੀਆਂ ਦੀ ਵਾਹਿਦ ਫਿਲਮ ਕੰਪਨੀ ਕਮਲਾ ਮੂਵੀਟੋਨ ਦੀ ਦਸਵੀਂ ਸ਼ਾਨਦਾਰ ਪੇਸ਼ਕਸ਼। ਥੱਲੇ ਲਿਖਿਆ ਸੀ: ਪੰਜਾਬੀ ਜ਼ੁਬਾਨ ਦਾ ਲਾਜਵਾਲ ਕਾਰਨਾਮਾ ਇੰਤਜ਼ਾਰ ਕਰੋ। ਖ਼ੈਰ! ਪੰਜਾਬੀ ਫਿਲਮ-ਮੱਦਾਹ ਇਸ ਫਿਲਮ ਦਾ ਇੰਤਜ਼ਾਰ ਕਰਦੇ ਰਹਿ ਗਏ ਪਰ ਕਿਸੇ ਸਬੱਬ ਵੱਸ ਇਸ ਦੀ ਨੁਮਾਇਸ਼ ਵੀ ਸੰਭਵ ਨਹੀਂ ਹੋ ਸਕੀ।

ਸਾਲ 1941 ਵਿਚ ਫਿਲਮਸਾਜ਼ ਟੀ. ਸਚਦੇਹ ਨੇ ਵਿਨੋਦ ਪਿਕਚਰਸ, ਲਾਹੌਰ ਦੇ ਬੈਨਰ ਹੇਠ ਭਾਟੀ ਗੇਟ ਦੇ ਐੱਮ. ਇਸਮਾਈਲ ਉਰਫ਼ ਮੁਹੰਮਦ ਇਸਮਾਈਲ ਦੀ ਹਦਾਇਤਕਾਰੀ ਵਿਚ ਪੰਜਾਬੀ ਫਿਲਮ ‘ਜਵਾਨੀ’ ਸ਼ੁਰੂ ਕੀਤੀ। ਫਿਲਮ ਵਿਚ ਐੱਮ. ਇਸਮਾਈਲ, ਖ਼ੁਰਸ਼ੀਦ, ਨਿਜਾਤ, ਸ਼ਹਿਨਾਜ਼, ਪ੍ਰੇਮੀ, ਜਾਫ਼ਰ, ਫ਼ਜ਼ਲ ਸ਼ਾਹ, ਐੱਸ.ਡੀ. ਨਾਰੰਗ ਆਦਿ ਮੌਜੂਦ ਸਨ। ਫਿਲਮ ਦੇ ਗੀਤ ਅਤੇ ਮੁਕਾਲਮੇ ਮਨੋਹਰ ਸਿੰਘ ਸਹਿਰਾਈ ਨੇ ਤਹਿਰੀਰ ਕੀਤੇ। ਐੱਮ. ਇਸਮਾਈਲ ਜੋ ਦਲਸੁੱਖ ਐੱਮ. ਪੰਚੋਲੀ ਦੀ ਫਿਲਮ ਕੰਪਨੀ ਪੰਚੋਲੀ ਆਰਟ ਪ੍ਰੋਡਕਸ਼ਨਸ, ਲਾਹੌਰ ਦੇ ਪੱਕੇ ਮੁਲਾਜ਼ਮ ਸਨ ਅਤੇ ਇਕ ਇਕਰਾਰਨਾਮੇ ਵਿਚ ਬੱਝੇ ਹੋਏ ਸਨ। ਲਿਹਾਜ਼ਾ ਫ਼ਿਲਮ ਦੀ ਸ਼ੂਟਿੰਗ ਅੱਧ ਵਿਚਾਲੇ ਰੋਕਣੀ ਪਈ ਤੇ ਇਹ ਫਿਲਮ ਠੰਢੇ ਬਸਤੇ ਵਿਚ ਪੈ ਗਈ। ਇਸ ਫਿਲਮ ਦਾ ਇਸ਼ਤਿਹਾਰ ਲਾਹੌਰ ਤੋਂ ਛਪਦੇ ਰਸਾਲੇ ‘ਦਿ ਸਿਨੇਮਾ’ ਦੇ ਅਕਤਬੂਰ 1941 ਦੇ ਸ਼ੁਮਾਰੇ ਵਿਚ ਸ਼ਾਇਆ ਹੋਇਆ ਸੀ।

ਲਾਹੌਰ ਦੇ ਹੀ ਪੰਜਾਬੀ ਗੱਭਰੂ ਸਤੀਸ਼ ਬੱਤਰਾ ਦੀ ਆਪਣੇ ਫਿਲਮਸਾਜ਼ ਅਦਾਰੇ ਬੱਤਰਾ ਪ੍ਰੋਡਕਸ਼ਨਸ, ਲਾਹੌਰ ਦੀ ਪਹਿਲੀ ਹਿੰਦੀ ਫਿਲਮ ‘ਪਾਪੀ’ (1943) ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਆਪਣੇ ਅਦਾਰੇ ਹੇਠ ਅਗਲੀ ਪੰਜਾਬੀ ਫਿਲਮ ‘ਜਿੰਦੜੀ’ (1944) ਬਣਾਉਣ ਦਾ ਐਲਾਨ ਕੀਤਾ। ਇਹ ਵੀ ਸਿਰਫ਼ ਐਲਾਨ ਤੱਕ ਮਹਿਦੂਦ ਰਹਿ ਗਈ। 

 

ਮਨਦੀਪ ਸਿੰਘ ਸਿੱਧੂ