ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 4)

ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 4)

(ਲੜੀ ਜੋੜਨ ਲਈ ਪਿਛਲੇ ਅੰਕ ਦੇਖੋ) 

(ਲੜੀ ਨੰਬਰ 4)

ਰੂਸੀ ਇਨਕਲਾਬ ਅਤੇ ਪਹਿਲਾ ਵਿਸ਼ਵ ਯੁੱਧ:

20ਵੀਂ ਸਦੀ ਦੇ ਸ਼ੁਰੂ ਵਿਚ ਹੀ ਰੂਸ ਨੂੰ ਕੌਮਨਿਸਟ ਰੰਗ ਦੇ ਇਨਕਲਾਬ ਨੇ ਆਪਣੀ ਜਕੜਬੰਦੀ 'ਚ ਲੈ ਲਿਆ ਸੀ। ਇਸ ਨਾਲ ਸੰਸਾਰ ਭਰ 'ਚ ਸਿਆਸੀ ਉਥਲ-ਪੁਥਲ ਹੋ ਗਈ। ਨਿਰਸੰਦੇਹ ਇਸ ਦਾ ਅਸਰ ਭਾਰਤ ਅਤੇ ਬਰਤਾਨਵੀ ਭਾਰਤ 'ਤੇ ਵੀ ਪੈਣਾ ਯਕੀਨੀ ਸੀ। 1920 ਵਿੱਚ ਰੂਸ ਦੀ ਸੱਤਾ ਤੇ ਕਾਬਿਜ਼ ਹੋਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਜੋ ਲੈਨਿਨ ਦੀ ਕਮਿਊਨਿਸਟ ਸਰਕਾਰ ਨੇ ਕੀਤਾ ਓਹ ਸੀ ਬਾਕੂ ਵਿੱਚ 'ਕਾਂਗਰਸ ਆਫ ਈਸਟਰਨ ਪੀਪਲ' ਦੀ ਸਭ ਬੁਲਾਉਣੀ। ਇਸ ਸਭ ਦਾ ਭਾਵ ਦੁਨੀਆ ਨੂੰ ਇਹ ਦਿਖਾਉਣਾ ਸੀ ਕਿ ਨਵੀਂ ਰੂਸੀ ਸਿਆਸੀ ਤਾਕਤ ਏਸ਼ਿਆਈ ਖਿੱਤੇ 'ਚ ਆਪਣੀ ਖੁਦਮੁਖਤਾਰ ਸਰਦਾਰੀ ਦਾ ਝੰਡਾ ਝੁਲਾਉਣਾ ਚਾਹੁੰਦੀ ਹੈ। ਇਥੇ ਓਹਨਾ ਨੇ ਗੈਰ-ਯੂਰੋਪੀ ਲੋਕਾਂ ਪ੍ਰਤੀ ਇੱਕ ਮਜ਼ਬੂਤ ਭਾਈਚਾਰਾ ਸਥਾਪਤ ਕਰਨ ਬਾਰੇ ਤਕਰੀਰਾਂ ਕੀਤੀਆਂ | ਖ਼ਾਸ ਕਰ ਕੇ ਤੁਰਕੀ, ਫਾਰਸ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਪ੍ਰਤੀਨਿਧੀਆਂ ਨੂੰ ਮੂਹਰੇ ਰੱਖ ਕੇ ਉਹਨਾਂ ਨੇ ਯੂਰੋਪ ਨੂੰ ਇੱਕ ਵੰਗਾਰ ਖੜ੍ਹੀ ਕਰ ਦਿਤੀ ਸੀ। ਮਾਸਕੋ ਨੇ ਇਹਨਾਂ ਮੁਲਕਾਂ ਨਾਲ ਆਰਥਿਕ ਸਹਾਇਤਾ ਅਤੇ ਆਪਸੀ ਦੋਸਤੀ ਬਾਰੇ ਵੱਖ ਵੱਖ ਤਰਾਂ ਦੇ ਕੂਟਨੀਤਕ ਸਮਝੌਤੇ ਕੀਤੇ। ਰੂਸ ਦੀ ਅਜਿਹੀ ਪਾਲਿਸੀ ਵਿਚ ਸਭ ਤੋਂ ਵੱਧ ਕੇ ਉਤਸ਼ਾਹ ਅਫ਼ਗ਼ਾਨਿਸਤਾਨ ਦੇ ਰਾਜੇ ਅਮਨੁੱਲਾਹ ਨੇ ਵਿਖਾਇਆ ਅਤੇ ਇਸੇ ਲਈ ਅਫਗਾਨਿਸਤਾਨ ਦੀ ਸਮਾਜਿਕ ਵਰਤੋਂ-ਵਿਹਾਰ ਅਤੇ ਸਭਿਆਚਾਰਕ ਦਿੱਖ 'ਚ ਕੀਤੇ ਨਾ ਕੀਤੇ ਸੋਵੀਅਤ (ਰੂਸੀ) ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਹੈ। 1927 ਵਿੱਚ ਤਾਸ਼ਕੰਦ ਅਤੇ ਕਾਬੁਲ ਵਿਚਕਾਰ ਪਹਿਲੀ ਹਵਾਈ ਯਾਤਰਾ ਸ਼ੁਰੂ ਕਰ ਦਿਤੀ ਗਈ ਸੀ। ਜਦੋਂ ਰੂਸ ਨੂੰ ਅਫਗਾਨਿਸਤਾਨ ਦੇ ਹੁਕਮਰਾਨ ਦਾ ਝੁਕਾਅ ਕੁਝ ਸ਼ੱਕੀ ਜਾਪਿਆ ਤਾਂ 1929 ਵਿੱਚ ਅਮਨੁੱਲਾਹ ਦੀ ਹਕੂਮਤ ਦੀਆਂ ਨੀਹਾਂ ਹਿਲਾ ਦਿੱਤੀਆਂ ਗਈਆਂ। ਇਹ ਉਦੋਂ ਹੋਇਆ ਜਦੋਂ ਅਮਨੁੱਲਾਹ ਨੇ ਤੁਰਕੀ ਦੇ ਕਮਾਲ ਅਤਾਤੁਰਕ ਦੇ ਸਮਾਜਿਕ ਨਵੀਨੀਕਰਨ ਦੀ ਤਰਜ਼ ਉੱਤੇ, ਅਫ਼ਗ਼ਾਨਿਸਤਾਨ ਦੇ ਰੂੜੀਵਾਦੀ ਇਸਲਾਮਿਕ ਸਮਾਜ ਨੂੰ ਢਾਲਣ ਦੀ ਕੋਸ਼ਿਸ਼ ਕੀਤੀ। ਇਸਲਾਮਿਕ ਕੱਟੜਪੰਥੀ ਸਮਾਜੀ ਤੱਤਾਂ ਅਤੇ ਰੂੜੀਵਾਦੀ ਉਲੇਮਾ ਨੂੰ ਬਰਤਾਨਵੀ ਹੁਕੂਮਤ ਦਾ ਇਸ ਮਾਮਲੇ ਵਿੱਚ ਭਰਪੂਰ ਯੋਗਦਾਨ ਮਿਲਿਆ।

ਪਹਿਲੀ ਸੰਸਾਰ ਜੰਗ (1914-18) ਵਿੱਚ ਓਟੋਮੈਨ ਸਾਮਰਾਜ, ਜਿਹਨਾਂ ਦੇ ਕੋਲ ਦੁਨੀਆਂ ਭਰ ਦੇ ਮੁਸਲਮਾਨਾਂ ਦੀ ਖ਼ਲੀਫ਼ੇ ਦੀ ਗੱਦੀ ਸੀ, ਨੂੰ ਬਰਤਾਨੀਆ ਦੀ ਅਗਵਾਈ ਵਾਲ਼ੀਆਂ ਸਾਂਝੀਆਂ ਫੌਜਾਂ ਨੇ ਤਬਾਹ ਕਰ ਦਿੱਤਾ। 1400 ਸਾਲ ਦੇ ਇਸਲਾਮਿਕ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਸੀ ਜਦੋ ਖ਼ਲੀਫ਼ੇ ਦੀ ਸਰਦਾਰੀ ਖ਼ਤਮ ਕਰ ਦਿੱਤੀ ਗਈ ਸੀ। ਦੁਨੀਆਂ ਭਰ ਦੇ ਮੁਸਲਮਾਨ ਇਸ ਝਟਕੇ ਤੋਂ ਆਪਣੇ ਆਪ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ। ਕਿਉਂਕਿ ਖ਼ਲੀਫ਼ੇ ਦੀ ਜਥੇਦਾਰੀ ਅਮਰ ਸੀ ਅਤੇ ਅਖੀਰ ਤੱਕ ਸਥਾਈ ਰਹਿਣ ਲਈ ਬਣਾਈ ਗਈ ਸੀ ਇਸ ਲਈ ਬਰਤਾਨਵੀ ਗਠਜੋੜ ਇਸ ਨੂੰ ਮਾਨਸਿਕ ਤੌਰ 'ਤੇ ਮੰਨਦਾ ਨਹੀਂ ਸੀ। ਇਸ ਲਈ ਐਂਗਲੋ-ਫਰੈਂਚ ਫੌਜਾਂ ਨੇ ਇਸ ਨੂੰ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਈ। ਇਸ ਨਾਲ ਮਿਡਲ ਈਸਟ ਖਿਤੇ 'ਚ ਇੱਕ ਪਾਵਰ ਵੈਕਯੂਮ ਬਣ ਗਿਆ। ਜਿਸ ਓਟੋਮੈਨ ਸਾਮਰਾਜ ਨੇ ਰੂਸ ਨੂੰ ਅੰਗੜਾਈਆਂ ਲੈ ਕੇ ਆਪਣਾ ਫੈਲਾਅ ਕਰਨ ਤੋਂ ਅੱਜਤਕ ਰੋਕ ਕੇ ਰੱਖਿਆ ਸੀ ਮਿਡਲ ਈਸਟ 'ਚ ਬਣੇ ਪਾਵਰ ਵੈਕਿਉਮ ਨੇ ਉਸਨੂੰ ਦੱਖਣ ਵੱਲ ਆਪਣੀ ਤਾਕਤ ਵਧਾਉਣ ਲਈ ਹੌਸਲਾ ਅਤੇ ਰਾਹ ਦੇ ਦਿੱਤਾ। ਪਰ ਹੁਣ ਇੱਕ ਨਵਾਂ ਸਵਾਲ ਖੜ੍ਹਾ ਹੋ ਗਿਆ। ਉਹ ਸਵਾਲ ਇਹ ਸੀ ਕਿ ਨਵੇਂ -ਨਵੇਂ ਸੱਤਾਧਾਰੀ ਬਣੇ ਕੌਮਨਿਸਟਾਂ ਨੂੰ ਮੱਧ ਏਸ਼ੀਆ ਵਿਚ ਆਪਣੇ ਪੈਰ ਜਮਾਉਣ ਤੋਂ ਕੌਣ ਰੋਕੇਗਾ?

ਰੂਸ ਨੂੰ ਮੱਧ-ਏਸ਼ੀਆ 'ਚ ਵਧਣ ਤੋਂ ਰੋਕਣ ਲਈ ਬ੍ਰਿਟਿਸ਼ ਕਮਾਂਡਰਾਂ ਨੇ ਇੱਕ ਬਹੁਤ ਵਧੀਆ ਚਾਲ ਚੱਲੀ। ਓਹਨਾ ਨੇ ਰੂਸੀਆਂ ਨਾਲ ਲੜਨ ਮਰਨ ਲਈ ਓਟੋਮੈਨ ਸ਼ਾਸਨ ਤੋਂ ਮੁਕਤ ਹੋਏ ਅਰਬ ਕਬੀਲਿਆਂ ਦੇ ਲੋਕਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਕੰਮ ਲਈ ਸਭ ਤੋਂ ਮਸ਼ਹੂਰ ਅਫ਼ਸਰ ਟੀ. ਈ. ਲੌਰੈਂਸ (ਜਿਸਨੂੰ ਲੌਰੈਂਸ ਆਫ ਅਰੇਬੀਆ ਵੀ ਕਿਹਾ ਜਾਂਦਾ ਸੀ) ਨੂੰ ਚੁਣਿਆ ਗਿਆ। ਲਾਰੈਂਸ ਨੇ ਸਾਬਿਤ ਕਰ ਦਿੱਤਾ ਕੇ ਕਿੰਨੇ ਸੁਚੱਜੇ ਢੰਗ ਨਾਲ ਅਰਬੀ ਕਬੀਲਿਆਂ ਨੂੰ ਬ੍ਰਿਟਿਸ਼ ਅਜੇਂਟਾਂ ਵੱਲੋਂ ਆਪਣੇ ਕਾਬੂ 'ਚ ਕੀਤਾ ਅਤੇ ਕਿਵੇਂ ਉਹਨਾਂ ਨੂੰ ਆਪਣੇ ਮਨਸੂਬੇ ਪੂਰੇ ਕਰਨ ਲਈ ਇਸਤੇਮਾਲ ਵੀ ਕੀਤਾ। ਓਟੋਮੈਨ ਸਾਮਰਾਜ ਦੀ ਲਾਸ਼ ਨੂੰ ਕੱਟ ਕੇ ਅੰਗਰੇਜ਼ (ਬਰਤਾਨੀਆ) ਨੇ ਅੱਜ ਦਾ ਸਾਊਦੀ ਅਰਬ, ਇਰਾਕ ਅਤੇ ਜਾਰਡਨ ਬਣਾਏ ਅਤੇ ਪਰਸੀਅਨ ਖਾੜੀ ਵਿਚ ਆਪਣੀ ਪ੍ਰਭੂਸੱਤਾ ਕਾਇਮ ਕਰ ਲਈ। ਇਹਨਾਂ ਸਾਰੀ ਸਿਆਸੀ ਸਰਗਰਮੀਆਂ ਨੂੰ ਬ੍ਰਿਟਿਸ਼ ਇੰਡੀਆ ਤੋਂ ਫੰਡਿੰਗ ਮਿਲ ਰਹੀ ਸੀ। ਇੱਕ ਹੋਰ ਖਾਸ ਗੱਲ ਇਹ ਹੈ ਕਿ ਮੱਧ ਏਸ਼ੀਆ ਵਿੱਚ ਬਰਤਾਨੀਆ ਦੇ ਸਾਰੇ ਸਿਆਸੀ ਏਜੰਟ ਸਿੱਧਾ ਭਾਰਤ ਵਿੱਚ ਬ੍ਰਿਟਿਸ਼ ਗੌਵਰਨਮੈਂਟ ਆਫ ਇੰਡੀਆ ਨੂੰ ਰਿਪੋਰਟ ਕਰਦੇ ਸਨ। ਮੁਸਲਮਾਨਾਂ ਦੀ ਸਭ ਤੋਂ ਪਵਿੱਤਰ ਮੰਨੀ ਜਾਂਦੀ ਇਬਾਦਤਗਾਹ ਮੱਕੇ ਦੇ ਸ਼ੇਖ ਦੇ ਦੋ ਪੁੱਤਰਾਂ, ਫ਼ੈਸਲ ਨੂੰ ਇਰਾਕ ਅਤੇ ਅਬਦੁੱਲਾਹ ਨੂੰ ਜਾਰਡਨ ਦੇ ਦਿੱਤਾ ਗਿਆ। ਇਰਾਕ ਦੀ ਗੱਦੀ ਮਿਲਦੇ ਹੀ ਫ਼ੈਸਲ ਨੇ ਇਰਾਕ ਪੈਟਰੋਲੀਅਮ ਕੰਪਨੀ ਬਣਾ ਲਈ ਅਤੇ ਇਸ ਦੀ ਸਾਂਝ ਅੰਗਰੇਜ਼ਾਂ ਪਾ ਕੇ ਅੰਗਰੇਜ਼ੀ ਲਾਹੇ ਵਾਲਾ ਵਪਾਰ ਵੀ ਸ਼ੁਰੂ ਕਰ ਦਿੱਤਾ। ਇਸੇ ਹੀ ਕੰਪਨੀ ਤੋਂ ਬਾਅਦ ਵਿੱਚ ਐਕਸਨ ਐਂਡ ਮੋਬਾਈਲ (Exxon & ਮੋਬਾਈਲ), ਬੀ.ਪੀ. (ਭਾਰਤ ਪੈਟਰੋਲੀਅਮ), ਸ਼ੈੱਲ (ਸ਼ੈੱਲ) ਅਤੇ ਫਰੈਂਚ ਤੇਲ ਕੰਪਨੀ ਟੀ.ਓ.ਟੀ.ਏ.ਐਲ. (TOTAL) ਬਣਿਆ। ਇਸ ਤਰ੍ਹਾਂ ਮਿਡਲ ਈਸਟ ਦੇ ਕਾਲੇ ਸੋਨੇ 'ਤੇ ਵੀ ਗੋਰੀ ਕੌਮ ਦਾ ਕਬਜ਼ਾ ਹੋ ਗਿਆ।

-ਬਾਕੀ ਅਗਲੇ ਹਫਤੇ