ਜੱਜ ਦੀ ਸਿਆਣਪ ਨੇ ਬਾਬ ਦੀ ਚਲਾਕੀ ਨੂੰ ਮਾਰਿਆ ਮੂਧੇ ਮੂੰਹ

ਜੱਜ ਦੀ ਸਿਆਣਪ ਨੇ ਬਾਬ ਦੀ ਚਲਾਕੀ ਨੂੰ ਮਾਰਿਆ ਮੂਧੇ ਮੂੰਹ

ਸੈਨਹੋਜੇ/ਏ.ਟੀ. ਨਿਊਜ਼ :
ਬਾਬ ਢਿੱਲੋਂ ਐਂਡ ਕੰਪਨੀ ਵੱਲੋਂ ਸੈਨਹੋਜੇ ਗੁਰਦੁਆਰਾ ਸਾਹਿਬ ਦੇ ਰਿਕਾਰਡ ਸੰਗਤ ਨੂੰ ਦੇਣ ਸਬੰਧੀ ਚੱਲ ਰਹੇ ਕੇਸ ਵਿੱਚ ਬਾਬ ਦੀਆਂ ਚਲਾਕੀਆਂ ਧਰੀਆਂ ਧਰਾਈਆਂ ਰਹਿ ਗਈਆਂ, ਜਦੋਂ ਜੱਜ ਨੇ ਕਿਹਾ ਕਿ 30 ਦਿਨਾਂ ਅੰਦਰ ਸਾਰੇ ਰਿਕਾਰਡ ਦੀ ਲਿਸਟ ਬਣਾ ਕੇ ਕਚਹਿਰੀ ਅੱਗੇ ਪੇਸ਼ ਕਰੇ। ਜੇ ਕਮੇਟੀ ਜਾਂ ਸਬੰਧਤ ਬੰਦੇ ਕਚਹਿਰੀ ਦੇ ਹੁਕਮ ਦੀ ਪਾਲਣਾ ਨਹੀਂ ਕਰਦੇ ਤਾਂ 5 ਦਿਨ ਦੀ ਜੇਲ੍ਹ ਅਤੇ 1000 ਡਾਲਰ ਜੁਰਮਾਨਾ ਹੋ ਸਕਦਾ ਹੈ।
ਯਾਦ ਰਹੇ ਬਾਬ ਢਿੱਲੋਂ ਐਂਡ ਕੰਪਨੀ ਇਹ ਕਹਿ ਰਹੇ ਸਨ ਕਿ ਵਿਰੋਧੀਆਂ ਨੂੰ ਰਿਕਾਰਡ ਨਹੀਂ ਦਿੱਤਾ ਜਾ ਸਕਦਾ ਕਿਉਂ ਕਿ ਉਸ ਵਿੱਚ ਮੈਂਬਰਾਂ ਦੀ ਅਜਿਹੇ ਵੇਰਵੇ ਹੁੰਦੇ ਹਨ, ਜਿਵੇਂ ਕਿ ਜਨਮ ਤਰੀਕ ਅਤੇ ਫੋਟੋਆਂ ਜਿਨ੍ਹਾਂ ਦੀ ਦੁਰਵਰਤੋਂ ਹੋ ਸਕਦੀ ਹੈ। ਹਾਲਾਂ ਕਿ ਬਾਬ ਢਿੱਲੋਂ ਦੀ ਪਾਰਟੀ ਨੂੰ ਉਹ ਵੇਰਵੇ ਉਪਲਬਧ ਹਨ।
ਇੱਥੇ ਸੰਗਤ ਗੋਚਰੇ ਇੱਕ ਗੱਲ ਰੱਖਣੀ ਚਾਹੁੰਦੇ ਹਾਂ ਕਿ ਬਾਬ ਢਿੱਲੋਂ ਨੇ ਚੋਣਾਂ ਵਿੱਚ ਗੁਰਦੁਆਰਾ ਸਾਹਿਬ ਦੇ ਸੰਵਿਧਾਨ ਵਿੱਚ ਇੱਕ ਸੋਧ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਕਿਹਾ ਸੀ ਕਿ ਕੋਈ ਵੀ ਸੰਗਤ ਮੈਂਬਰ ਕਦੇ ਵੀ ਕੋਈ ਵੀ ਰਿਕਾਰਡ ਨਹੀਂ ਮੰਗ ਸਕਦਾ ਅਤੇ ਕੋਈ ਕਚਹਿਰੀ ਵੀ ਰਿਕਾਰਡ ਨਹੀਂ ਲੈ ਸਕਦੀ। ਇਸ ਬਦਨੀਤੀ ਨੂੰ ਜੱਜ ਪਹਿਲਾਂ ਹੀ ਸਮਝ ਗਈ ਸੀ ਤੇ ਉਸਨੇ ਇਹ ਧਾਰਾ ਮੁੱਢੋਂ ਹੀ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ ਸਨ।
ਬਾਬ ਢਿੱਲੋਂ ਆਪਣੀ ਹੈਂਕੜ ਅਤੇ ਪੈਸੇ ਦੇ ਜ਼ੋਰ ਨਾਲ ਸੰਗਤ ਨੂੰ ਖੱਜਲ-ਖ਼ੁਆਰ ਕਰ ਰਿਹਾ ਹੈ। ਸਾਧ ਸੰਗਤ ਸਲੇਟ ਵਾਲੇ ਗਰੀਬ ਕਿਰਤੀ ਪੈਸਾ ਆਪਣੀਆਂ ਜੇਬਾਂ ਵਿੱਚੋਂ ਲਾ ਰਹੇ ਹਨ ਪਰ ਇਹ ਗੁਰੂ ਦੀ ਗੋਲਕ ਦਾ ਹੁਣ ਤੱਕ 1 ਮਿਲੀਅਨ ਡਾਲਰ ਤੋਂ ਉੱਪਰ ਉਜਾੜਾ ਕਰ ਚੁੱਕਾ ਹੈ। ਇਸ ਵੱਲੋਂ ਵੋਟਰ ਲਿਸਟ ਵਿੱਚ ਧਾਂਦਲੀਆਂ ਕਰਕੇ ਕਚਹਿਰੀ ਨੇ ਵੋਟਾਂ ਤੋਂ ਸਿਰਫ ਤਿੰਨ ਦਿਨ ਪਹਿਲਾਂ ਵੋਟਾਂ ਕੈਂਸਲ ਕਰ ਦਿੱਤੀਆਂ ਸਨ। ਮੈਂਬਰਸ਼ਿਪ ਲਿਸਟ ਵਿੱਚ ਕੋਈ ਹੇਰਾ-ਫੇਰੀ ਨਾ ਹੋਵੇ ਅਤੇ ਜਾਅਲੀ ਵੋਟਾਂ ਕੈਂਸਲ ਕਰਨ ਲਈ ਜੱਜ ਨੇ ਕੇਸ ਦੀ ਸੁਣਵਾਈ ਕਰਨ ਤੋਂ ਬਾਅਦ ਹੀ ਵੋਟਾਂ ਹੋਣ ਦਾ ਕੰਮ ਸ਼ੁਰੂ ਕਰਨਾ ਹੈ। ਸੈਨਹੋਜੇ ਦੀ ਸੰਗਤ ਬਾਬ ਢਿੱਲੋਂ ਅਤੇ ਗਰੁੱਪ ਵੱਲੋਂ ਕੀਤੀਆਂ ਅਜਿਹੀਆਂ ਹਰਕਤਾਂ ਦੀ ਬਹੁਤ ਨਿਖੇਧੀ ਕਰ ਰਹੀ ਹੈ, ਜਿਸ ਕਾਰਨ ਸੰਗਤ ਦੀ ਹੱਕੀ ਕਮਾਈ ਕਚਹਿਰੀਆਂ ਵਿੱਚ ਰੋੜੀ ਜਾ ਰਹੀ ਹੈ।