ਅਮਨ ਦਾ ਰਾਹ

ਅਮਨ ਦਾ ਰਾਹ

ਸ੍ਰੀ ਗੁਰੂ ਗਰੰਥ ਸਾਹਿਬ ਅੱਗੇ ਅਰਦਾਸ ਸਮੇਂ ਹਮੇਸ਼ਾ ਸਿੱਖ ਇਹ ਅਰਜ਼ੋਈ ਕਰਦੇ ਹਨ ਕਿ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਨਾਲੋਂ ਵਿਛੋੜਿਆ ਗਿਆ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਖ਼ਾਲਸਾ ਜੀ ਨੂੰ ਬਖਸ਼ੋ। 9 ਨਵੰਬਰ ਦੇ ਇਤਿਹਾਸਕ ਦਿਹਾੜੇ 'ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਨਾਲ ਜੋੜਨ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੌਮਾਂਤਰੀ ਲਾਂਘਾ ਖੁੱਲ੍ਹਣ ਨਾਲ ਪੰਥ ਦੀ ਚਿਰੋਕਣੀ ਅਰਦਾਸ ਪ੍ਰਵਾਨ ਹੋ ਗਈ ਹੈ। ਉਂਜ ਤਾਂ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਹਰ ਥਾਂ ਵਡਭਾਗੀ ਅਤੇ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ ਪਰ ਤਿੰਨ ਇਤਿਹਾਸਕ ਸਥਾਨ ਨਨਕਾਣਾ ਸਾਹਿਬ, ਸੁਲਤਾਨਪੁਰ, ਲੋਧੀ ਅਤੇ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਵਧੇਰੇ ਹੈ। ਨਨਕਾਣਾ ਸਾਹਿਬ ਦਾ ਗੁਰਦੁਆਰਾ ਜਨਮ ਅਸਥਾਨ ਸਾਹਿਬ, ਸੁਲਤਾਨਪੁਰ ਲੋਧੀ ਦਾ ਗੁਰਦੁਆਰਾ ਬੇਰ ਸਾਹਿਬ ਅਤੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਦਰਬਾਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸੱਚ ਉਪਰ ਪਹਿਰਾ ਦੇਣ ਦੀ ਉਨ੍ਹਾਂ ਦੀ ਵਿਚਾਰਧਾਰਾ ਦੇ ਸ਼ਾਖਸੀ ਹਨ।

ਕਰਤਾਰਪੁਰ ਸਾਹਿਬ ਲਾਂਘੇ ਨੂੰ ਭਾਵੇਂ ਬਹੁਤ ਸਾਰੇ ਰਾਜਨੀਤਕ, ਕੂਟਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਪੱਖਾਂ ਤੋਂ ਵਿਚਾਰਿਆ ਜਾ ਰਿਹਾ ਹੈ ਅਤੇ ਸਿਆਸੀ ਨੇਤਾ ਅਤੇ ਮਾਹਿਰ ਆਪੋ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਿਚਾਰ ਸਹੀ ਵੀ ਹੋ ਸਕਦੇ ਹਨ ਪਰ ਇਸ ਇਤਿਹਾਸਕ ਕਾਰਜ ਨੇ ਆਮ ਸਿੱਖ ਅਤੇ ਨਾਨਕ ਨਾਮ ਲੇਵਾ ਦੇ ਮਨ 'ਤੇ ਜੋ ਗਹਿਰੀ ਛਾਪ ਛੱਡੀ ਹੈ ਉਸ ਨੂੰ ਕਿਸੇ ਪੈਮਾਨੇ ਨਾਲ ਨਹੀਂ ਮਾਪਿਆ ਜਾ ਸਕਦਾ। ਇਹ ਲਾਂਘਾ ਠੀਕ ਉਸੇ ਰਸਤੇ 'ਤੇ ਬਣਿਆ ਹੈ ਜਿਥੇ ਸਿੱਖ ਸੰਗਤਾਂ ਹਰ ਮਹੀਨੇ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਤਾਂਘਦੀਆਂ ਸਨ ਅਤੇ ਸਰਹੱਦ ਉਪਰ ਜ਼ੀਰੋ ਲਾਈਨ ਨੇੜੇ ਬਣੇ ਥੜ੍ਹੇ 'ਤੇ ਖੜੋ ਕੇ ਅਰਦਾਸ ਬੇਨਤੀ ਕਰਦੀਆਂ ਸਨ। ਜਦ ਤੋਂ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਚੋਣਾਂ ਜਿੱਤਣ ਮਗਰੋਂ ਇਹ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਸੀ ਉਸੇ ਦਿਨ ਤੋਂ ਇਸ ਉਪਰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਸਿਆਸਤ ਸ਼ੁਰੂ ਹੋ ਗਈ ਸੀ। ਭਾਰਤ ਸਰਕਾਰ ਨੇ ਵੀ ਇਸ ਵਾਸਤੇ ਸੰਭਾਵਨਾਵਾਂ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਜ਼ਰਬਾਂ ਤਕਸੀਮਾਂ ਕਰ ਕੇ ਛੇਤੀ ਹੀ ਲਾਂਘੇ ਦਾ ਐਲਾਨ ਕਰ ਦਿੱਤਾ ਸੀ। ਉਸੇ ਦਿਨ ਤੋਂ ਹੀ ਇਸ ਪ੍ਰਾਜੈਕਟ ਨੂੰ ਰੋਕਣ ਦੀਆਂ ਸਰਗਰਮੀਆਂ ਵੀ ਸ਼ੁਰੂ ਹੋ ਗਈਆਂ ਸਨ। ਇਹ ਇਤਫ਼ਾਕ ਦੀ ਗੱਲ ਹੈ ਕਿ ਇਹ ਸਾਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਾ 550ਵਾਂ ਵਰ੍ਹਾ ਹੈ ਜਿਸ ਵਾਸਤੇ ਦੁਨੀਆਂ ਭਰ 'ਚ ਵਸਦੇ ਸਿੱਖ ਪਹਿਲਾਂ ਤੋਂ ਹੀ ਉਤਸ਼ਾਹਤ ਸਨ। ਇਸ ਤਰ੍ਹਾਂ ਦੇ ਰਾਜਨੀਤਕ, ਸਮਾਜਿਕ ਅਤੇ ਰੂਹਾਨੀਅਤ ਦਬਾਅ ਅੱਗੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਅਤੇ ਫੁੱਟਪਾਊ ਤਾਕਤਾਂ ਦੀ ਦਾਲ ਨਹੀਂ ਗਲੀ ਅਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਇਹ ਪ੍ਰਾਜੈਕਟ ਸਿਰੇ ਚੜ੍ਹ ਗਿਆ।

9 ਨਵੰਬਰ ਨੂੰ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਵਾਲੇ ਪਾਸੇ ਉਥੋਂ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਇਸ ਲਾਂਘੇ ਦਾ ਉਦਘਾਟਨ ਕੀਤਾ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ 1947 ਦੇ ਬਟਵਾਰੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਵੱਲੇ ਸਬੰਧ ਬਹੁਤੇ ਸੁਖਾਵੇਂ ਨਹੀਂ ਰਹੇ। ਦੋਵੇਂ ਦੇਸ਼ ਇਕ ਦੂਜੇ ਖਿਲਾਫ਼ ਆਪਣੀਆਂ ਕੂਟਨੀਤਕ ਚਾਲਾਂ ਚਲਦੇ ਆ ਰਹੇ ਹਨ ਇਹ ਸ਼ਾਹਿਦ ਦੋਹਾਂ ਮੁਲਕਾਂ ਦੀਆਂ ਸਿਆਸੀ ਪਾਰਟੀਆਂ ਜਾਂ ਆਹਲਾ ਅਫਸਰਸ਼ਾਹੀ ਦੀ ਕੋਈ ਮਜਬੂਰੀ ਹੋਵੇ। ਪਰ ਇਸ ਲਾਂਘੇ ਲਈ ਬਹੁਤ ਸਾਰੀਆਂ ਅੜਚਨਾ ਦੇ ਬਾਵਜੂਦ ਸਾਰੀਆਂ ਧਿਰਾਂ ਗੁਰੂ ਨਾਨਕ ਦੇ ਘਰ ਨੂੰ ਸਮਰਪਿਤ ਜਾਪੀਆਂ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ 'ਚ ਉਦਘਾਟਨ ਤੋਂ ਪਹਿਲਾਂ ਇਕ ਧਾਰਮਿਕ ਸਮਾਗਮ ਵਿਚ ਇਸ ਲਾਂਘੇ ਲਈ ਸਮੂਹ ਦੇਸ਼ ਵਾਸੀਆਂ ਅਤੇ ਵਿਸ਼ਵ ਭਰ 'ਚ ਵਸਦੇ ਸਿੱਖਾਂ ਨੂੰ ਵਧਾਈ ਦਿੱਤੀ ਅਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਤੇ ਇਸ ਕਾਰਜ ਵਿਚ ਲੱਗੇ ਉਥੋਂ ਦੇ ਕਿਰਤੀਆਂ, ਮਜ਼ਦੂਰਾਂ ਦਾ ਸ਼ੁਕਰੀਆ ਅਦਾ ਵੀ ਕੀਤਾ। ਦੂਜੇ ਪਾਸੇ ਇਮਰਾਨ ਖਾਨ ਨੇ ਇਸ ਨੂੰ 'ਅਮਨ ਦੀ ਰਾਹਦਾਰੀ' ਦਾ ਨਾਂ ਦਿੰਦਿਆਂ ਸਮੁੱਚੇ ਸਿੱਖ ਜਗਤ ਨੂੰ ਮੁਬਾਰਕਬਾਦ ਆਖੀ। ਉਹ ਇਸ ਲਾਂਘੇ ਰਾਹੀਂ ਗਏ ਪਹਿਲੇ ਜਥੇ ਦੇ ਸੁਆਗਤ ਲਈ ਖੁਲ੍ਹੀ ਬਸ 'ਚ ਖੜੋ ਕੇ ਜ਼ੀਰ ਲਾਈਨ ਤੱਕ ਆਏ ਅਤੇ ਭਾਰਤੀ ਸ਼ਖ਼ਸੀਅਤਾਂ ਨੂੰ ਲੈ ਕੇ ਗਏ। ਇਸ ਮੌਕੇ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੇ ਪੈਂਤੜੇ ਅਤੇ ਮਿਲਵੇਂ ਤੋਲਵੇਂ ਭਾਸ਼ਣਾਂ ਦੀ ਸਭ ਨੇ ਸ਼ਲਾਘਾ ਕੀਤੀ ਪਰ ਨਰਿੰਦਰ ਮੋਦੀ ਦੇ ਸੁਆਗਤ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਚੁਣੌਤੀਪੂਰਨ ਭਾਸ਼ਨ ਨੂੰ ਬਹੁਤੇ ਪਸੰਦ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਅਤੇ ਕਸ਼ਮੀਰ 'ਚ ਘੁਸਪੈਠ ਜਿਹੇ ਮੁੱਦੇ ਉਠਾਏ ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀ। ਇਸੇ ਤਰ੍ਹਾਂ ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਦਾ ਮੁੱਦਾ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਜੋ ਇਸ ਮੁਕੱਦਸ ਮੌਕੇ ਨਹੀਂ ਹੋਣੀ ਚਾਹੀਦੀ ਸੀ।

ਜਿਹੜੀਆਂ ਏਜੰਸੀਆਂ ਜਾਂ ਸਿਆਸੀ ਨੇਤਾ ਇਸ ਲਾਂਘੇ ਨੂੰ ਪਾਕਿਸਤਾਨ ਦੀ ਕਿਸੇ 'ਚਾਲ' ਵਜੋਂ ਵੇਖ ਰਹੇ ਹਨ ਉਹ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਸਿੱਖ ਸਿਧਾਂਤ ਤੋਂ ਕੋਰੇ ਹਨ ਕਿਉਂÎਕ ਗੁਰੂ ਜੀ ਨੇ ਅੱਜ ਤੋਂ ਕੋਈ 5 ਸਦੀਆਂ ਪਹਿਲਾਂ ਅਮਨ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ ਜੋ ਅੱਜ ਵੀ ਪੂਰੀ ਤਰ੍ਹਾਂ ਸਾਰਥਕ ਹੈ। ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਲਾਂਘਾ ਸੱਤ ਦਹਾਕੇ ਪਹਿਲਾਂ ਮਨਾਂ ਅਤੇ ਜ਼ਮੀਨ ਤੇ ਪਈਆਂ ਵੰਡੀਆਂ ਨੂੰ ਮਿਟਾਏਗਾ।