ਜਲੰਧਰੀਆਂ ਦੀ ਸ਼ਾਨ ਵੱਖਰੀ

ਜਲੰਧਰੀਆਂ ਦੀ ਸ਼ਾਨ ਵੱਖਰੀ

ਜਲੰਧਰ ਸ਼ਹਿਰ ਆਪਣੇ ਵਪਾਰਕ ਕਿੱਤਿਆ ਕਾਰਨ ਦੁਨੀਆ ਭਰ ਵਿੱਚ ਪ੍ਰਸਿੱਧ ਹੈ

 ਅਸੀ ਦੁਆਬੇ ਦੇ ਪ੍ਰਸਿੱਧ ਸ਼ਹਿਰ ਜਲੰਧਰ ਬਾਰੇ ਗੱਲ ਕਰਾਂਗੇ। ਇਸ ਸ਼ਹਿਰ ਬਾਰੇ ਇੱਕ ਕਹਾਵਤ ਵੀ ਮਸ਼ਹੂਰ ਹੈ ਜਲੰਧਰੀਆਂ ਦੀ ਸ਼ਾਨ ਵੱਖਰੀ। ਜਲੰਧਰ ਜਿਲੇ ਦੇ ਇਤਿਹਾਸ ਬਾਰੇ ਤਿੰਨ ਦੌਰ ਸ਼ਾਮਲ ਹਨ- ਜਲੰਧਰ ਦਾ ਅਰਥ ਹੈ ਪਾਣੀ ਦੇ ਅੰਦਰ ਵਾਲਾ ਖੇਤਰ ਕਿਉਂਕਿ ਇਹ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਹੈ। ਜਲੰਧਰ ਪੰਜਾਬ ਰਾਜ ਦਾ ਆਬਾਦੀ ਪੱਖੋਂ ਤੀਸਰਾ ਵੱਡਾ ਸ਼ਹਿਰ ਹੈ। 

ਜਲੰਧਰ ਦਾ ਕੁੱਲ ਖੇਤਰਫਲ 3,401 ਸੁਕੇਅਰ ਮੀਟਰ ਹੈ, ਜਲੰਧਰ ਦੀ ਆਬਾਦੀ ਲੱਗਭਗ 10,74,000 ਹੈ। ਇੱਥੋਂ ਦੀ ਸਿੱਖਿਅਤ ਦਰ 88 ਪ੍ਰਤੀਸ਼ਤ ਹੈ। ਜਲੰਧਰ ਬੱਸ ਅਤੇ ਰੇਲਵੇ ਸਟੇਸ਼ਨ ਦੇ ਸਾਧਨ ਨਾਲ ਬਾਕੀ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਆਦਮਪੁਰ ਸ਼ਹਿਰ ਵਿੱਚ ਹਵਾਈ ਅੱਡਾ ਵੀ ਮੌਜੂਦ ਹੈ। ਫਿਲੌਰ, ਆਦਮਪੁਰ, ਭੋਗਪੁਰ, ਨਕੋਦਰ, ਨੂਰਮਹਿਲ, ਰੁੜਕਾ ਕਲਾਂ, ਮਹਿਤਪੁਰ, ਲੋਹੀਆ ਆਦਿ ਸਭ ਸ਼ਹਿਰ ਜਲੰਧਰ ਦਾ ਹੀ ਹਿੱਸਾ ਹਨ। 

ਜਲੰਧਰ ਸ਼ਹਿਰ ਆਪਣੇ ਵਪਾਰਕ ਕਿੱਤਿਆ ਕਾਰਨ ਦੁਨੀਆ ਭਰ ਵਿੱਚ ਪ੍ਰਸਿੱਧ ਹੈ, ਜਲੰਧਰ ਵਿਚ ਖੇਡਾਂ ਦਾ ਸਾਮਾਨ ਤਿਆਰ ਕੀਤਾ ਜਾਂਦਾ ਹੈ ਜੋ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ। ਪ੍ਰਸਿੱਧ ਖੇਡ ਕ੍ਰਿਕੇਟ ਲਈ ਖੇਡਣ ਵਾਲੇ ਬੈਟ ਇੱਥੇ ਹੀ ਤਿਆਰ ਕੀਤੇ ਜਾਂਦੇ ਹਨ। ਦੁਨੀਆਂ ਭਰ ਵਿੱਚ ਸਭ ਤੋਂ ਵੱਧ ਵਿਕਣ ਅਤੇ ਪੜ੍ਹਿਆ ਜਾਣ ਵਾਲਾ ਅਜੀਤ ਅਖਬਾਰ ਇੱਥੇ ਹੀ ਛਪਦਾ ਹੈ। ਇਸ ਤੋਂ ਇਲਾਵਾ ਆਟੋ ਪਾਰਟਸ ਅਤੇ ਸਰਜੀਕਲ ਸਾਮਾਨ ਆਦਿ ਲਈ ਜਲੰਧਰ ਵਿਸ਼ਵ ਵਿੱਚ ਪ੍ਰਸਿੱਧ ਹੈ। ਜਲੰਧਰ ਸ਼ਹਿਰ ਖੇਡਾਂ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ, ਪ੍ਰਸਿੱਧ ਖਿਡਾਰੀ ਹਰਭਜਨ ਸਿੰਘ ਵੀ ਜਲੰਧਰ ਨਾਲ ਸੰਬੰਧ ਰੱਖਦੇ ਹਨ। ਜਲੰਧਰ ਵਿੱਚ ਸੁਰਜੀਤ ਹਾਕੀ ਸਟੇਡੀਅਮ ਹੈ ਜੋ ਕਿ ਮਿੱਠਾਪੁਰ ਏਰੀਆ ਵਿੱਚ ਸਥਿਤ ਹੈ, ਜੋ ਕਿ ਸੁਰਜੀਤ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੀ ਜਲੰਧਰ ਸ਼ਹਿਰ ਦਾ ਪ੍ਰਸਿੱਧ ਗਰਾਉਂਡ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਜਲੰਧਰ ਸ਼ਹਿਰ ਵਿਸ਼ੇਸ਼ ਸਥਾਨ ਰੱਖਦਾ ਹੈ, ਇੱਥੋਂ ਦਾ ਲਾਇਲਪੁਰ ਖਾਲਸਾ ਕਾਲਜ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਸਥਿਤ ਹੈ ਜਿਥੇ ਪੂਰੀ ਦੁਨੀਆ ਤੋਂ ਵਿਦਿਆਰਥੀ ਚੰਗੀ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ। ਇਹ ਯੂਨੀਵਰਸਿਟੀ ਆਪਣੇ ਆਪ ਵਿੱਚ ਇੱਕ ਪੂਰਾ ਸ਼ਹਿਰ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੀ ਜਲੰਧਰ ਕਪੂਰਥਲਾ ਰੋਡ ਤੇ ਸਥਿਤ ਹੈ। ਜਿੱਥੇ ਸਕੂਲੀ ਬੱਚਿਆਂ ਨੂੰ ਸਾਇੰਸ ਅਤੇ ਟੈਕਨੌਲੋਜੀ ਦੀਆਂ ਨਵੀਆਂ ਤਕਨੀਕਾਂ ਬਾਰੇ ਦੱਸਿਆ ਜਾਂਦਾ ਹੈ। ਜਲੰਧਰ ਸ਼ਹਿਰ ਦੀ ਸੰਗੀਤਕ ਅਤੇ ਫਿਲਮ ਇੰਡਸਟਰੀ ਨੂੰ ਵੀ ਬਹੁਤ ਵੱਡੀ ਦੇਣ ਹੈ। ਪਦਮਸ਼੍ਰੀ ਰਾਜ ਗਾਇਕ ਹੰਸ ਰਾਜ ਹੰਸ, ਗੈਰੀ ਸੰਧੂ, ਕੇ ਐਸ ਮੱਖਣ, ਮਾਸਟਰ ਸਲੀਮ, ਸਰਬਜੀਤ ਚੀਮਾ, ਦਲਜੀਤ ਦੁਸਾਂਝ ਨੂਰਾ ਸਿਸਟਰਜ, ਜੈਜ਼ੀ ਬੈਂਸ, ਵਰਣ ਸ਼ਰਮਾ ਆਦਿ ਸਭ ਜਲੰਧਰ ਸ਼ਹਿਰ ਨਾਲ ਸੰਬੰਧ ਰੱਖਦੇ ਹਨ। ਜਲੰਧਰ ਸ਼ਹਿਰ ਧਾਰਮਿਕ ਪੱਖੋਂ ਵੀ ਬਹੁਤ ਮਹੱਤਵ ਰੱਖਦਾ ਹੈ। ਇੱਥੇ ਵੱਖ-ਵੱਖ ਧਰਮਾ ਨਾਲ ਸੰਬਧਤ ਧਾਰਮੀਕ ਸਥਾਨ ਹਨ ਜਿਵੇਂ ਕੀ ਗੁਰੂਦੁਆਰਾ ਤੱਲਣ ਸਾਹਿਬ ਜੋ ਕਿ ਪਿੰਡ ਤੱਲਣ ਵਿੱਚ ਮੌਜੂਦ ਹੈ ਜਿਥੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋ ਆ ਕੇ ਹਾਜ਼ਰੀਆਂ ਭਰਦੀਆਂ ਹਨ, ਡੇਰਾ ਬਾਬਾ ਮੁਰਾਦ ਸ਼ਾਹ, ਅਤੇ ਲਾਲ ਬਾਦਸ਼ਾਹ ਜੀ ਜੋ ਕਿ ਨਕੋਦਰ ਸ਼ਹਿਰ ਵਿੱਚ ਮੌਜੂਦ ਹੈ ਭਾਰੀ ਗਿਣਤੀ ਵਿੱਚ ਸੰਗਤਾਂ ਆ ਕੇ ਸਰਧਾ ਪ੍ਰਗਟ ਕਰਦੀਆਂ ਹਨ। ਦੇਵੀ ਤਲਾਬ ਮੰਦਰ ਅਤੇ ਬਾਬਾ ਸੋਢਲ ਮੰਦਰ ਵੀ ਜਲੰਧਰ ਦੇ ਪ੍ਰਸਿੱਧ ਮੰਦਰ ਹਨ। ਜਲੰਧਰ ਵਿੱਚ ਘੁੰਮਣ ਫਿਰਨ ਲਈ ਕਾਫੀ ਸਥਾਨ ਹਨ, ਹਵੇਲੀ ਟੂਰਿਸਟਾਂ ਦਾ ਪਹਿਲਾ ਆਕਰਸ਼ਣ ਦਾ ਕੇਂਦਰ ਹੈ ਜਿੱਥੇ ਕਿ ਪੁਰਾਤਨ ਪੰਜਾਬੀ ਵਿਰਸੇ ਦੀ ਝਲਕ ਦੇਖੀ ਜਾ ਸਕਦੀ ਹੈ। ਵੰਡਰਲੈਂਡ ਥੀਮ ਪਾਰਕ ਵੀ ਟੂਰਿਸਟਾਂ ਦਾ ਪ੍ਰਮੁੱਖ ਕੇਂਦਰ ਹੈ। ਦੂਰ-ਦਰਾਡੇ ਤੋਂ ਲੋਕ ਇੱਥੇ ਪਰਿਵਾਰ ਸਮੇਤ ਆਉਂਦੇ ਹਨ। ਇਸ ਤੋਂ ਇਲਾਵਾ ਜੰਗ-ਏ ਆਜ਼ਾਦੀ ਮੈਮੋਰੀਅਲ, ਨਿੱਕੂ-ਪਾਰਕ, ਸਹੀਦ ਏ ਆਜਮ ਮਿਊਜ਼ੀਅਮ, ਸੇਂਟ-ਮੇਰੀ ਚਰਚ, ਵੀਵਾ ਕਾਲਾਜ ਦੇਖਣ ਯੋਗ ਸਥਾਨ ਹਨ। ਕੁੱਲ ਮਿਲਾ ਕੇ ਜਲੰਧਰ ਇੱਕ ਅਜਿਹਾ ਵਿਰਾਸਤੀ ਸ਼ਹਿਰ ਹੈ ਜੋ ਕਿ ਆਪਣੇ-ਆਪ ਵਿੱਚ ਬਹੁਤ ਕੁੱਝ ਸਮੋਈ ਬੈਠਾ ਹੈ।

 

ਜਸਪ੍ਰੀਤ ਸਿੰਘ ਮਾਂਗਟ

ਪਿੰਡ ਕੁੱਬਾ, ਲੁਧਿਆਣਾ

9915220486