ਕੋਵਿਡ ਰਾਹਤ ਕਾਰਨ ਸਿੱਕੇ ਦਾ ਫੈਲਾਅ ਦੇ ਦਾਅਵੇ ਗਲਤ-ਰਾਸ਼ਟਰਪਤੀ
* ਕਿਹਾ ਮਹਾਮਾਰੀ ਕਾਰਨ ਅਮਰੀਕੀਆਂ ਦੀ ਮਾਨਸਕ ਸਿਹਤ ਵਿਗੜੀ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 17 ਜੂਨ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋਅ ਬਾਈਡਨ ਨੇ ਉਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਜਿਨਾਂ ਵਿਚ ਕਿਹਾ ਗਿਆ ਹੈ ਕਿ ਅਮਰੀਕੀਆਂ ਨੂੰ ਦਿੱਤੀ ਗਈ ਕੋਵਿਡ ਰਾਹਤ ਕਾਰਨ ਸਿੱਕੇ ਦਾ ਫੈਲਾਅ ਹੋਇਆ ਹੈ। ਰਾਸ਼ਟਰਪਤੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਮਾਰੀ ਕਾਰਨ ਅਮਰੀਕੀਆਂ ਦੀ ਮਾਨਸਕ ਹਾਲਤ ਵਿਚ ਗੜਬੜ ਹੋਈ ਹੈ। ਇਹ ਬਹੁਤ ਵੱਡੀ ਸਮੱਸਿਆ ਹੈ ਜਿਸ ਨਾਲ ਖੁਦ ਅਮਰੀਕੀਆਂ ਨੂੰ ਨਜਿੱਠਣਾ ਪਵੇਗਾ। ਇਹ ਅਮਰੀਕੀਆਂ ਉਪਰ ਨਿਰਭਰ ਹੈ ਕਿ ਉਨਾਂ ਨੇ ਇਸ ਹਾਲਾਤ ਵਿਚੋਂ ਬਾਹਰ ਆਉਣਾ ਹੈ ਜਾਂ ਨਹੀਂ। ਉਨਾਂ ਕਿਹਾ ਅਮਰੀਕੀਆਂ ਦੀ ਮਾਨਸਕ ਹਾਲਤ ਵਿਚ ਸੁਧਾਰ ਦੀ ਲੋੜ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਕਿਹਾ ਕਿ ਅਰਥਵਿਵਸਥਾ ਵਿਚ ਸੁਧਾਰ ਹੋਇਆ ਹੈ। ਇਥੇ ਜਿਕਰਯੋਗ ਹੈ ਕਿ ਆਪਣੇ ਕਾਰਜਕਾਲ ਦੇ ਦੂਸਰੇ ਸਾਲ ਵਿੱਚ ਗੈਸ, ਖੁਰਾਕੀ ਪਦਾਰਥ ਤੇ ਹੋਰ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਦਰਮਿਆਨ ਬਾਈਡਨ ਨੂੰ ਆਪਣੇ ਰਾਜਸੀ ਜੀਵਨ ਨੂੰ ਬਚਾਉਣ ਵਾਸਤੇ ਜਦਜਹਿਦ ਕਰਨੀ ਪੈ ਰਹੀ ਹੈ। ਉਸ ਦੇ ਪ੍ਰਸ਼ਾਸਨ ਦੁਆਰਾ ਕੋਸ਼ਿਸ਼ਾਂ ਦੇ ਬਾਵਜੂਦ ਕੋਵਿਡ ਮਹਾਮਾਰੀ ਅਜੇ ਕਾਬੂ ਵਿਚ ਨਹੀਂ ਆ ਰਹੀ ਤੇ ਜਨ-ਜੀਵਨ ਉਪਰ ਅਸਰ ਪਾ ਰਹੀ ਹੈ। ਇਸ ਦੇ ਨਾਲ ਹੀ ਰੂਸ ਦੇ ਯੁਕਰੇਨ ਨਾਲ ਯੁੱਧ ਕਾਰਨ ਗੈਸ ਤੇ ਹੋਰ ਵਸਤਾਂ ਦੀ ਸਪਲਾਈ ਵਿਚ ਆਈ ਖੜੋਤ ਕਾਰਨ ਕੀਮਤਾਂ ਵਧੀਆਂ ਹਨ ਤੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਪੈ ਰਹੀ ਹੈ।
Comments (0)