ਜਾਰਜੀਆ ਦੇ ਦੋ ਵਿਅਕਤੀ ਹੱਤਿਆ ਦੇ ਮਾਮਲੇ ਵਿਚ 25 ਸਾਲ ਜੇਲ ਕੱਟਣ ਉਪਰੰਤ ਹੋਏ ਬਰੀ

ਜਾਰਜੀਆ ਦੇ ਦੋ ਵਿਅਕਤੀ ਹੱਤਿਆ ਦੇ ਮਾਮਲੇ ਵਿਚ 25 ਸਾਲ ਜੇਲ ਕੱਟਣ ਉਪਰੰਤ ਹੋਏ ਬਰੀ
ਕੈਪਸ਼ਨ : ਰਿਹਾਈ ਸਮੇ ਡਾਰੇਲ ਲੀ ਕਲਾਰਕ ਦੀ ਹੱਥਕੜੀ ਖੋਲਦੇ ਹੋਏ ਪੁਲਿਸ ਅਫਸਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 13 ਦਸੰਬਰ (ਹੁਸਨ ਲੜੋਆ ਬੰਗਾ)-ਆਪਣੇ ਦੋਸਤ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਕਟ ਰਹੇ ਜਾਰਜੀਆ ਦੇ ਦੋ ਵਿਅਕਤੀ ਉਨਾਂ ਦੇ ਨਿਰਦੋਸ਼ ਹੋਣ ਸਬੰਧੀ ਨਵੇਂ ਸਬੂਤ ਸਾਹਮਣੇ ਆਉਣ ਤੋਂ ਬਾਅਦ ਬਰੀ ਹੋ ਗਏ ਹਨ ਤੇ ਉਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਰਿਹਾਅ ਹੋਏ ਡਾਰੇਲ ਲੀ ਕਲਾਰਕ ਤੇ ਕੇਨ ਜੋਸ਼ੂਆ ਸਟੋਰੀ ਦੇ ਵਕੀਲਾਂ ਨੇ ਦਿੱਤੀ ਹੈ। ਜਿਸ ਸਮੇ ਉਹ 15 ਸਾਲਾ ਨਬਾਲਗ ਬਰੀਅਨ ਬੋਅਲਿੰਗ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਹੋਏ ਸਨ ਉਸ ਸਮੇ ਉਨਾਂ ਦੀ ਉਮਰ 17 ਸਾਲ ਸੀ। ਉਨਾਂ ਨੂੰ 1998 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਾਰਜੀਆ ਇਨੋਸੈਂਸ ਪ੍ਰਾਜੈਕਟ ਦੇ ਵਕੀਲਾਂ ਕ੍ਰਿਸਟੀਨਾ ਕ੍ਰਿਬਸ ਤੇ ਮੀਗਨ ਹਰਲੇ ਅਨੁਸਾਰ ਬਰੀਅਨ ਦੀ 18 ਅਕਤੂਬਰ,1996 ਨੂੰ ਆਪਣੇ ਪਰਿਵਾਰ ਦੇ ਘਰ ਵਿਚ ਸਿਰ ਵਿਚ ਗੋਲੀ ਵੱਜਣ ਉਪਰੰਤ ਮੌਤ ਹੋ ਗਈ ਸੀ। ਜਾਰਜੀਆ ਇਨੋਸੈਂਸ ਪ੍ਰਾਜੈਕਟ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਨਵੇਂ ਸਬੂਤਾਂ ਨੇ ਸਾਬਤ ਕੀਤਾ ਹੈ ਕਿ ਗੋਲੀ ਚੱਲਣ ਤੋਂ ਪਹਿਲਾਂ ਬੋਅਲਿੰਗ ਨੇ ਆਪਣੀ ਦੋਸਤ ਕੁੜੀ ਨੂੰ ਫੋਨ ਉਪਰ ਦੱਸਿਆ ਸੀ ਕਿ ਉਹ ਗੰਨ ਨਾਲ ਇਕ ਗੇਮ ਖੇਡ ਰਿਹਾ ਹੈ ਜੋ ਗੰਨ ਸਟੋਰੀ ਲੈ ਕੇ ਆਇਆ ਹੈ। ਬੋਅਲਿੰਗ ਕੋਲੋਂ ਅਚਾਨਕ ਗੋਲੀ ਚੱਲਣ ਸਮੇ ਸਟੋਰੀ ਵੀ ਕਮਰੇ ਵਿਚ ਸੀ। ਸ਼ੁਰੂ ਵਿਚ ਸਟੋਰੀ ਵਿਰੁੱਧ ਗੈਰ ਇਰਾਦਾ ਹੱਤਿਆ ਦੇ ਦੋਸ਼ ਲਾਏ ਗਏ ਸਨ ਪਰੰਤੂ ਪੁਲਿਸ ਦੀ ਜਾਂਚ ਉਪਰੰਤ ਬਾਅਦ ਵਿਚ ਹੱਤਿਆ ਦੋ ਦੋਸ਼ ਆਇਦ ਕੀਤੇ ਗਏ। ਦੋ ਗਵਾਹੀਆਂ ਦੇ ਆਧਾਰ 'ਤੇ ਲੀ ਕਲਾਰਕ ਨੂੰ ਵੀ ਇਸ ਮਾਮਲੇ ਵਿਚ ਦੋਸ਼ੀ ਵਜੋਂ ਸ਼ਾਮਿਲ ਕਰ ਲਿਆ ਗਿਆ। ਕੁਝ ਸਮਾਂ ਪਹਿਲਾਂ ਸ਼ੁਰੂ ਕੀਤੀ ਗਈ ਮਾਮਲੇ ਦੀ  ਨਵੇਂ ਸਿਰੇ ਤੋਂ ਜਾਂਚ ਵਿਚ ਦੋਨੋਂ ਗਵਾਹੀਆਂ ਝੂਠੀਆਂ ਪਾਈਆਂ ਗਈਆਂ ਹਨ ਤੇ ਇਹ ਸਾਬਤ ਹੋ ਗਿਆ ਕਿ ਬੋਅਲਿੰਗ ਦੀ ਮੌਤ ਉਸ ਕੋਲੋਂ ਚੱਲੀ ਅਚਨਚੇਤ ਗੋਲੀ ਕਾਰਨ ਹੋਈ ਸੀ। ਰੋਮ ਜੁਡੀਸ਼ੀਅਲ ਸਰਕਟ ਡਿਸਟ੍ਰਿਕਟ ਅਟਾਰਨੀ ਦਫਤਰ ਤੇ ਫਲਾਇਡ ਕਾਊਂਟੀ ਸੁਪਰੀਅਰ ਕੋਰਟ ਜੱਜ ਜੌਹਨ ਨੀਡਰੈਚ ਵੱਲੋਂ ਉਮਰ ਕੈਦ ਦਾ ਫੈਸਲਾ ਉਲਟਾ ਦੇਣ ਤੇ ਦੋਸ਼ ਰੱਦ ਕਰ ਦੇੇਣ ਉਪਰੰਤ ਕਲਾਰਕ ਤੇ ਸਟੋਰੀ ਨੂੰ ਰਿਹਾਅ ਕਰ ਦਿੱਤਾ ਗਿਆ।