ਕੋਲੋਰਾਡੋ ਦੀ ਨਾਈਟ ਕਲੱਬ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 5 ਦੀ ਮੌਤ 25 ਜ਼ਖਮੀ

ਕੋਲੋਰਾਡੋ ਦੀ ਨਾਈਟ ਕਲੱਬ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 5 ਦੀ ਮੌਤ 25 ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 21 ਨਵੰਬਰ (ਹੁਸਨ ਲੜੋਆ ਬੰਗਾ)- ਬੰਦੂਕਧਾਰੀ ਵੱਲੋਂ ਕੋਲੋਰਾਡੋ ਸਪਰਿੰਗਜ (ਕੋਲੋਰਾਡੋ) ਦੀ ਇਕ ਐਲ ਜੀ ਬੀ ਟੀ ਕਿਊ ਨਾਈਟ ਕਲੱਬ ਵਿਚ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 25 ਹੋਰ ਜ਼ਖਮੀ ਹੋ ਗਏ। ਕੋਲੋਰਾਡੋ ਸਪਰਿੰਗਜ ਪੁਲਿਸ ਮੁੱਖੀ ਐਡਰੀਅਨ ਵਾਸਕੁਏਜ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੰਘੀ ਰਾਤ ਅਧੀਰਾਤ ਤੋਂ ਪਹਿਲਾਂ 11.57 ਵਜੇ ਸੂਚਨਾ ਮਿਲਣ ਉਪਰੰਤ ਕੁਝ ਮਿੰਟਾਂ ਵਿਚ ਮੌਕੇ ਉਪਰ ਪੁਲਿਸ ਪੁੱਜੀ ਤਾਂ ਘੱਟੋ ਘੱਟ 2 ਵਿਅਕਤੀ ਸ਼ੱਕੀ ਦਾ ਮੁਕਾਬਲਾ ਕਰ ਰਹੇ ਸਨ ਤੇ ਉਨਾਂ ਨੇ ਸ਼ੱਕੀ ਵਿਅਕਤੀ ਨੂੰ ਹੋਰ ਜਾਨੀ ਨੁਕਸਾਨ ਕਰਨ ਤੋਂ ਰੋਕੀ ਰਖਿਆ। ਇਸ ਦੇ 5 ਮਿੰਟਾਂ ਬਾਅਦ ਪੁਲਿਸ ਨੇ ਜ਼ਖਮੀ ਹਾਲਤ ਵਿਚ  ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ 7 ਦੀ ਹਾਲਤ ਨਾਜ਼ੁਕ ਹੈ। ਸ਼ੱਕੀ ਵਿਅਕਤੀ ਦੀ ਪਛਾਣ ਐਡਰਸਨ ਲੀ ਐਲਡਰਿਚ (22) ਵਜੋਂ ਹੋਈ ਹੈ ਤੇ ਪੁਲਿਸ ਦਾ ਵਿਸ਼ਵਾਸ਼ ਹੈ ਕਿ ਉਸ ਇਕੱਲੇ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਐਲ ਪਾਸੋ ਕਾਊਂਟੀ ਡਿਸਟ੍ਰਿਕਟ ਅਟਾਰਨੀ ਮਿਸ਼ੈਲ ਐਲਨ ਨੇ ਕਿਹਾ ਹੈ ਕਿ ਘਟਨਾ ਦੀ ਨਫਰਤੀ ਨਜਰੀਏ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸ਼ੱਕੀ ਵਿਰੁੱਧ ਪਹਿਲਾ ਦਰਜਾ ਹੱਤਿਆਵਾਂ ਦੇ ਦੋਸ਼ ਆਇਦ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਕਲੱਬ ਦੇ  ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਗੋਲੀਬਾਰੀ ਨਸਲੀ ਨਫਰਤ ਦਾ ਸਿੱਟਾ ਹੈ। ਅਸੀਂ ਪੀੜਤਾਂ ਦੇ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹਾਂ।