ਲਾਸ ਏਂਜਲਸ ਦਾ ਮੇਅਰ ਏਰਿਕ ਗਰਸੈਟੀ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ

ਲਾਸ ਏਂਜਲਸ ਦਾ ਮੇਅਰ ਏਰਿਕ ਗਰਸੈਟੀ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ
ਏਰਿਕ ਗਰਸੈਟੀ

 

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਇਡਨ ਨੇ ਲਾਸ ਏਂਜਲਸ, ਕੈਲੀਫੋਰਨੀਆ ਦੇ ਮੇਅਰ ਏਰਿਕ ਗਰਸੈਟੀ ਨੂੰ ਭਾਰਤ ਦਾ ਅਗਲਾ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਹੈ। ਆਸ ਕੀਤੀ ਜਾਂਦੀ ਹੈ ਕਿ ਸੈਨੇਟ ਭਾਰਤ ਦੇ ਅਗਲੇ ਰਾਜਦੂਤ ਵਜੋਂ ਗਰਸੈਟੀ ਦੇੇ ਨਾਂ ਉਪਰ ਛੇਤੀ ਮੋਹਰ ਲਾ ਦੇਵੇਗੀ।

ਰਣਨੀਤਿਕ ਤੇ ਕੌਮਾਂਤਰੀ ਸਿੱਖਿਆ ਬਾਰੇ ਸੈਂਟਰ ਵਿੱਚ ਅਮਰੀਕਾ-ਭਾਰਤ ਨੀਤੀ ਸਿੱਖਿਆ ਸਬੰਧੀ ਸੀਨੀਅਰ ਸਲਾਹਕਾਰ ਰਿਕ ਰੋਸੋਅ ਨੇ ਕਿਹਾ ਹੈ ਕਿ ਬਾਇਡਨ ਦੀ ਚੋਣ ਮੁਹਿੰਮ ਦੇ ਸਹਿ ਪ੍ਰਧਾਨ ਰਹੇ ਗਰਸੈਟੀ ਨੂੰ ਦੋਨਾਂ ਦੇਸ਼ਾਂ ਵਿਚਾਲੇ  ਵਪਾਰਕ ਸਬੰਧਾਂ ਨੂੰ ਹੁਲਾਰਾ ਦੇਣਾ ਪਵੇਗਾ ਜੋ ਕਿ ਸੌਖਾ ਕੰਮ ਨਹੀਂ ਹੈ ਕਿਉਂਕਿ ਦੋਵੇਂ ਦੇਸ਼ ਰਖਿਆਤਮਿਕ ਪਹੁੰਚ ਅਪਣਾ ਰਹੇ ਹਨ। ਇਸ ਤੋਂ ਇਲਾਵਾ ਰਖਿਆ ਸਬੰਧੀ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਲੈਣਾ ਪਵੇਗਾ। ਇਥੇ ਜਿਕਰਯੋਗ ਹੈ ਕਿ 2018 ਵਿਚ ਅਮਰੀਕੀ ਸਰਕਾਰ ਵੱਲੋਂ ਭਾਰਤ ਤੋਂ ਅਲਮੀਨੀਅਮ ਤੇ ਸਟੀਲ ਦਰਾਮਦ ਕਰਨ ਉਪਰ ਵੱਡੀ ਪੱਧਰ ਉਪਰ ਟੈਕਸ ਲਾ ਦਿੱਤਾ ਗਿਆ ਸੀ ਜਿਸ ਦੇ ਜਵਾਬ ਵਿਚ ਭਾਰਤ ਨੇ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ 28 ਉਤਪਾਦਨਾਂ ਉਪਰ ਟੈਕਸ ਲਾ ਦਿੱਤਾ ਸੀ।