ਕੋਲੋਰਾਡੋ  ਵਿਚ ਹੋਈ ਗੋਲੀਬਾਰੀ ਵਿਚ ਇਕ ਪੁਲਿਸ ਅਧਿਕਾਰੀ ਸਮੇਤ 3 ਮਰੇ

ਕੋਲੋਰਾਡੋ  ਵਿਚ ਹੋਈ ਗੋਲੀਬਾਰੀ ਵਿਚ ਇਕ ਪੁਲਿਸ ਅਧਿਕਾਰੀ ਸਮੇਤ 3 ਮਰੇ
ਕੈਪਸ਼ਨ : ਗੋਲੀਬਾਰੀ ਵਿਚ ਮਾਰੇ ਗਏ ਪੁਲਿਸ ਅਫਸਰ ਦੀ ਯਾਦ ਵਿਚ ਕੱਢੇ ਗਏ ਮਾਰਚ ਵਿਚ ਸ਼ਾਮਿਲ ਕਾਰਾਂ

 * ਮ੍ਰਿਤਕਾਂ ਵਿਚ ਸ਼ੱਕੀ ਹਮਲਾਵਰ ਵੀ ਸ਼ਾਮਿਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਕੋਲੋਰਾਡੋ ਵਿਚ ਗੋਲੀਬਾਰੀ ਦੀ ਵਾਪਰੀ ਇਕ ਘਟਨਾ ਵਿਚ ਇਕ ਪੁਲਿਸ ਅਧਿਕਾਰੀ ਤੇ ਸ਼ੱਕੀ ਹਮਲਾਵਰ ਸਮੇਤ 3 ਵਿਅਕਤੀ ਮਾਰੇ ਗਏ। ਗੋਲੀਬਾਰੀ ਦੀ ਇਹ ਘਟਨਾ ਸ਼ਾਪਿੰਗ ਜਿਲੇ ਵਿਚ ਡੈਨਵਰ ਦੇ ਨੀਮ ਸ਼ਹਿਰੀ ਖੇਤਰ ਵਿਚ ਵਾਪਰੀ। ਅਰਵਾਡਾ ਪੁਲਿਸ ਵਿਭਾਗ ਦੇ ਉਪ ਮੁਖੀ  ਐੱਡ ਬਰਾਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਦੁਪਹਿਰ ਬਾਅਦ ਪੁਲਿਸ ਨੂੰ ਅਰਵਾਡਾ ਦੇ ਓਲਡ ਟਾਊਨ ਸਕੁਏਅਰ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਇਸ ਗੋਲੀਬਾਰੀ ਵਿਚ ਇਕ ਪੁਲਿਸ ਅਫਸਰ ਤੇ ਸ਼ੱਕੀ ਬੰਦੂਕਧਾਰੀ ਮਾਰਿਆ ਗਿਆ। ਤੀਸਰੇ ਮ੍ਰਿਤਕ ਦੀ ਪਛਾਣ ਇਕ ਸਮਾਰੀਟਨ ਵਿਅਕਤੀ ਵਜੋਂ ਹੋਈ ਹੈ ਜਿਸ ਨੂੰ ਸਮਝਿਆ ਜਾਂਦਾ ਹੈ ਕਿ ਸ਼ੱਕੀ ਵਿਅਕਤੀ ਨੇ ਗੋਲੀ ਮਾਰੀ ਸੀ। ਪੁਲਿਸ ਨੇ ਘਟਨਾ ਬਾਰੇ ਹੋਰ ਕੋਈ ਖੁਲਾਸਾ ਨਹੀਂ ਕੀਤਾ ਹੈ ਤੇ ਕੇਵਲ ਏਨਾ ਹੀ ਕਿਹਾ ਹੈ ਕਿ ਘਟਨਾ ਵਿਚ ਹੋਰ ਕੋਈ ਵਿਅਕਤੀ ਸ਼ਾਮਿਲ ਨਹੀਂ ਹੈ। ਨਾ ਹੀ ਪੁਲਿਸ ਨੇ ਪੀੜਤਾਂ ਦੇ ਨਾਂ ਦੱਸੇ ਹਨ। ਅਰਵਾਡਾ ਦੇ ਮੇਅਰ ਮਾਰਕ ਵਿਲੀਅਮਜ ਨੇ ਕਿਹਾ ਹੈ ਕਿ ਸਾਡੇ ਪੁਲਿਸ ਵਿਭਾਗ ਲਈ ਇਹ ਬਹੁਤ ਦੁੱਖਦਾਈ ਦਿਨ ਹੈ ਜਿਸ ਨੇ ਆਪਣਾ ਇਕ ਅਫਸਰ ਗਵਾ ਲਿਆ ਹੈ। ਮ੍ਰਿਤਕ ਪੁਲਿਸ ਅਫਸਰ ਦੀ ਯਾਦ ਵਿਚ ਸ਼ਾਮ ਵੇਲੇ ਮਾਰਚ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਾਰਾਂ ਸ਼ਾਮਿਲ ਹੋਈਆਂ।