ਜਾਤਪਾਤ ਰਹਿਤ ਸਮਾਜ ਸਮੇਂ ਦੀ ਮੁੱਖ ਲੋੜ

ਜਾਤਪਾਤ ਰਹਿਤ ਸਮਾਜ ਸਮੇਂ ਦੀ ਮੁੱਖ ਲੋੜ

      ਸਾਡਾ ਸਮਾਜ                                   

ਜਾਤਪਾਤ ਨੂੰ ਖ਼ਤਮ ਕਰਨ ਦੀ ਬਜਾਏ ਇਸ ਨੂੰ ਹੋਰ ਹੁਲਾਰਾ ਹੀ ਦਿੱਤਾ

ਜਾਤਪਾਤ ਭਾਰਤੀ ਸਮਾਜ ਦੀ ਪੁਰਾਤਨ ਬੁਰਾਈ ਹੈ। ਇਸਨੇ ਸਮਾਜ ਵਿੱਚ ਬਹੁਤ ਵੰਡੀਆਂ ਪਾਈਆਂ ਹੋਈਆਂ ਹਨ। ਊਚਨੀਚ ਅਤੇ ਛੂਤ-ਛਾਤ ਵੀ ਇਸੇ ਬੀਮਾਰੀ ਦੀ ਪੈਦਾਇਸ਼ ਹਨ। ਉਂਜ ਬੜੀ ਹੈਰਾਨੀ ਦੀ ਗੱਲ ਹੈ ਕਿ ਵਿਸ਼ਵ-ਭਰ ਵਿੱਚ ਮਨੁੱਖਤਾ ਨੂੰ ਧਰਮ-ਕਰਮ ਦੀ ਨੀਤੀ ਸਮਝਾਉਣ ਵਾਲੇ ਧਾਰਮਿਕ ਰਹਿਬਰ ਇਹ ਪ੍ਰਚਾਰ ਬੜੇ ਜੋਰ-ਸ਼ੋਰ ਨਾਲ ਕਰਦੇ ਹਨ ਕਿ ਰਬ ਇੱਕ ਹੈ। ਉਹ ਹੀ ਸਾਰੇ ਬ੍ਰਹਿਮੰਡ ਦਾ ਰਚਣਹਾਰਾ ਅਤੇ ਇਸ ਨੂੰ ਚਲਾਉਣ ਵਾਲਾ ਹੈ। ਸਾਰੀ ਮਨੁੱਖਤਾ ਇੱਕ ਹੀ ਰਬ ਦੀ ਸੰਤਾਨ ਹੈ। ਭਾਵੇਂ ਵੱਖ ਵੱਖ ਧਰਮਾਂ ਵਾਲਿਆਂ ਨੇ ਆਪਣੇ ਰੱਬ ਜਾਂ ਇਸ਼ਟ ਦੇ ਵੱਖ ਵੱਖ ਨਾਮ ਰੱਖੇ ਹੋਏ ਹਨ ਪਰ ਸਾਰੇ ਇੱਕ ਹੀ ਰੱਬ ਦੀ ਗੱਲ ਕਰਦੇ ਹਨ। ਕਦੇ ਵੀ ਕਿਸੇ ਰਹਿਬਰ ਨੇ ਇੱਕ ਤੋਂ ਵੱਧ ਰੱਬ ਹੋਣ ਬਾਰੇ ਨਹੀਂ ਕਿਹਾ। ਫਿਰ ਇੱਕ ਹੀ ਰੱਬ ਦੀ ਪੈਦਾ ਕੀਤੀ ਹੋਈ ਸੰਤਾਨ ਜਾਤਾਂ-ਮਜ਼ਹਬਾਂ ਤੇ ਊਚਨੀਚ ਵਿੱਚ ਕਿਵੇਂ ਵੰਡ ਹੋ ਗਈ?ਦਰਅਸਲ ਭਾਰਤੀ ਸਭਿਅਤਾ ਦੇ ਮੂਲ ਲੋਕ ਆਰੀਅਨ ਸਮਝੇ ਜਾਂਦੇ ਹਨ ਜੋ ਈਰਾਨ ਤੋਂ ਪ੍ਰਵਾਸ ਕਰਕੇ ਇੱਥੇ ਆਣ ਵਸੇ ਸਨ। ਉੱਥੇ ਲੋਕ ਦਰਿਆਵਾਂ ਤੇ ਨਦੀਆਂ ਨਾਲਿਆਂ ਦੇ ਕਿਨਾਰੇ ਕਬੀਲਿਆਂ ਵਿੱਚ ਰਹਿੰਦੇ ਸਨ। ਉਹ ਕਬੀਲੇ ਹੀ ਹੌਲੀ ਹੌਲੀ ਸਮਾਜ ਵਿੱਚ ਬਦਲ ਕੇ ਜਾਤਾਂ ਤੇ ਫਿਰਕਿਆਂ ਵਿੱਚ ਵੰਡੇ ਗਏ ਪ੍ਰਤੀਤ ਹੁੰਦੇ ਹਨ। ਅਸਲ ਵਿੱਚ ਭਾਰਤ ਵਿੱਚ ਜਾਤਪਾਤ ਦਾ ਮੁੱਢ 1000 ਈਸਵੀ ਦੇ ਇਰਦ ਗਿਰਦ ਮੰਨੂੰ ਸਿਮ੍ਰਿਤੀ ਨਾਲ ਬੱਝਾ ਮੰਨਿਆ ਜਾਂਦਾ ਹੈ। ਉਦੋਂ ਤੋਂ ਹੀ ਚਾਰ ਵਰਣਾਂ ਦੀ ਗੱਲ ਚੱਲੀ ਸਮਝੀ ਜਾਂਦੀ ਹੈ। ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ ਸਮਾਜ ਦੇ ਚਾਰ ਹਿੱਸੇ ਬਣ ਗਏ। ਸਭ ਤੋਂ ਉੱਤਮ ਬ੍ਰਾਹਮਣ ਬਣ ਗਏ ਜਿਨ੍ਹਾਂ ਨੂੰ ਪੜ੍ਹਨ ਲਿਖਣ ਅਤੇ ਰਾਜ ਕਰਨ ਵਾਸਤੇ ਅਧਿਕਾਰਤ ਕਰ ਦਿੱਤਾ ਗਿਆ। ਦੂਜੇ ਨੰਬਰ ’ਤੇ ਕਸ਼ੱਤਰੀ ਰੱਖ ਦਿੱਤੇ ਗਏ ਜਿਨ੍ਹਾਂ ਨੂੰ ਰੱਖਿਆ ਵਾਸਤੇ ਸੈਨਿਕ ਬਣਨ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ। ਤੀਸਰੇ ਨੰਬਰ ’ਤੇ ਵੈਸ਼ ਆ ਗਏ ਅਤੇ ਹੱਥੀਂ ਕੰਮ ਕਰਨ ਵਾਲੇ ਸਾਰੇ ਲੋਕ ਚੌਥੇ ਵਰਗ ਸ਼ੂਦਰ ਵਿੱਚ ਧਕੇਲ ਦਿੱਤੇ ਗਏ। ਇਨ੍ਹਾਂ ਦਾ ਕੰਮ ਹਰ ਤਰ੍ਹਾਂ ਦੇ ਘਟੀਆ ਅਤੇ ਨੀਵੇਂ ਦਰਜ਼ੇ ਦੇ ਕੰਮ ਕਰਕੇ ਬਾਕੀ ਤਿੰਨਾਂ ਵਰਗਾਂ ਦੀ ਖਿਦਮਤ ਕਰਨ ਦਾ ਰਹਿ ਗਿਆ। ਪੜ੍ਹਨਾ ਲਿਖਣਾ ਇਨ੍ਹਾਂ ਲਈ ਵਰਜਿਤ ਸੀ।

ਇੰਜ ਹੌਲੀ ਹੌਲੀ ਕੰਮ ਕਾਰ ਦੇ ਅਧਾਰ ’ਤੇ ਜ਼ਾਤਾਂ ਤੇ ਉੱਪ-ਜਾਤਾਂ ਦੀਆਂ ਵੰਡੀਆਂ ਵਧਦੀਆਂ ਗਈਆਂ ਅਤੇ ਸਮਾਜ ਊਚਨੀਚ ਦੀ ਦਲਦਲ ਵਿੱਚ ਫਸਦਾ ਗਿਆ। ਜਾਤਪਾਤ ਦਾ ਇਹ ਬੋਲਬਾਲਾ ਜ਼ਿਆਦਾ ਸਾਡੇ ਭਾਰਤੀ ਸਮਾਜ ਵਿੱਚ ਹੀ ਪ੍ਰਭਾਵੀ ਹੈ, ਪੱਛਮੀ ਕਲਚਰ ਵਾਲੇ ਇਸਦੀ ਕੋਈ ਪ੍ਰਵਾਹ ਨਹੀਂ ਕਰਦੇ। ਉੱਧਰ ਕੰਮ ਤੋਂ ਬਾਦ ਸਾਰੇ ਬਰਾਬਰ ਸਮਝੇ ਜਾਂਦੇ ਹਨ। ਪਰ ਸਾਡੇ ਸਮਾਜ ਵਿੱਚ ਤਾਂ ਇਹ ਵਰਗੀਕਰਣ ਪੀੜ੍ਹੀ ਦਰ ਪੀੜ੍ਹੀ ਹੋਰ ਪੱਕਾ ਹੁੰਦਾ ਜਾਂਦਾ ਰਿਹਾ ਹੈ। ਅਸਲ ਵਿੱਚ ਇਹ ਅਨਪੜ੍ਹਤਾ ਅਤੇ ਪਿਛਾਂਹ ਖਿੱਚੂ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਾ ਹੈ। ਭਾਰਤ ਕਈ ਸਦੀਆਂ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ। ਉਹ ਅੰਗਰੇਜ਼ ਜੋ ਮਨੁੱਖੀ ਅਧਿਕਾਰਾਂ ਦੇ ਵਿਸ਼ੇਸ਼ ਅਲੰਬਰਦਾਰ ਕਹਾਉਂਦੇ ਹਨ ਪਰ ਭਾਰਤ ਵਿੱਚ ਆ ਕੇ ਉਹਨਾਂ ਨੇ ਜਾਤਪਾਤ ਨੂੰ ਖ਼ਤਮ ਕਰਨ ਦੀ ਬਜਾਏ ਇਸ ਨੂੰ ਹੋਰ ਹੁਲਾਰਾ ਹੀ ਦਿੱਤਾ। ਉਹਨਾਂ ਨੇ ਆਪਣੇ ਪਿੱਠੂ ਜਗੀਰਦਾਰ ਬਣਾ ਕੇ ਸਰਮਾਏਦਾਰ ਅਤੇ ਗਰੀਬ ਵਰਗਾਂ ਵਿੱਚ ਪਾੜਾ ਹੋਰ ਵਧਾ ਦਿੱਤਾ। ਆਪਣਾ ਰਾਜ ਪੱਕਾ ਕਰਨ ਲਈ ਉਹਨਾਂ ਨੇ ਸਮਾਜ ਵਿੱਚ ਵੰਡੀਆਂ ਹੋਰ ਪੀਡੀਆਂ ਕਰ ਦਿੱਤੀਆਂ। ਜਾਤਪਾਤ ਅਤੇ ਛੂਤ-ਛਾਤ ਇੱਥੇ ਚਰਮ ਸੀਮਾ ਤਕ ਪਹੁੰਚ ਗਈ। 1990ਵਿਆਂ ਵਿੱਚ ਕੀਤੇ ਗਏ ਇੱਕ ਸਰਵੇ ਤੋਂ ਪਤਾ ਲੱਗਦਾ ਹੈ ਕਿ ਹਿੰਦੂਆਂ ਨੂੰ 3539 ਜਾਤਾਂ ਵਿੱਚ ਵੰਡ ਕੇ ਸਾਡੇ ਸਮਾਜ ਵਿੱਚ ਜਬਰਦਸਤ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਛੇ ਸਦੀਆਂ ਤੋਂ ਵੀ ਪਹਿਲਾਂ ਭਗਤ ਕਬੀਰ ਤੇ ਫਿਰ ਜਗਤ ਗੁਰੂ ਬਾਬਾ ਨਾਨਕ ਨੇ ਇਸ ਜ਼ਾਤਪਾਤ ਅਤੇ ਛੂਤ-ਛਾਤ ਵਿਰੁੱਧ ਡਟ ਕੇ ਅਵਾਜ਼ ਉਠਾਈ ਸੀ। ਜਯੋਤੀ ਬਾ ਫੂਲੇ ਅਤੇ ਡਾ. ਅੰਬੇਦਕਰ ਵਰਗੇ ਸਮਾਜ ਸੁਧਾਰਕਾਂ ਨੇ ਵੀ ਜਾਤ-ਪਾਤ ਵਿਰੁੱਧ ਬਹੁਤ ਪ੍ਰਚਾਰ ਕੀਤਾ। ਵੀਹਵੀਂ ਅਤੇ ਇੱਕੀਵੀਂ ਸਦੀ ਵਿੱਚ ਪੰਜਾਬ ਵਰਗੇ ਪ੍ਰਾਤਾਂ ਵਿੱਚ ਕੁਝ ਜਾਗ੍ਰਿਤੀ ਆਈ ਹੈ ਅਤੇ ਲੋਕ ਇਸ ਤੋਂ ਕੁਝ ਪ੍ਰਹੇਜ਼ ਕਰਨ ਲੱਗੇ ਹਨ ਪਰ ਬਾਕੀ ਦੇਸ਼ ਵਿੱਚ ਅੱਜ ਦੇ ਅਗਾਂਹ ਵਧੂ ਦੌਰ ਵਿੱਚ ਵੀ ਲੋਕ ਲਕੀਰ ਦੇ ਫਕੀਰ ਬਣੇ ਹੋਏ ਹਨ। ਸਿਰ ’ਤੇ ਮੈਲਾ ਢੋਣ ਤੋਂ ਬੜੀ ਮੁਸ਼ਕਲ ਨਾਲ ਦਲਿਤ ਵਰਗ ਨੂੰ ਰਾਹਤ ਮਿਲੀ ਹੈ ਪਰ ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁਣ ਦਾ ਕੰਮ ਅਜੇ ਵੀ ਇਨ੍ਹਾਂ ਦੇ ਗਲੋਂ ਨਹੀਂ ਲੱਥਾ। ਜਗਤ ਗੁਰੂ ਬਾਬਾ ਨਾਨਕ ਨੇ ਮਨੁੱਖਤਾ ਨੂੰ ਸਮਝਾਉਣ ਲਈ ਬੜੇ ਪ੍ਰਮਾਣ ਦੇ ਕੇ ਇਸ ਜਿੱਲ੍ਹਣ ਵਿੱਚੋਂ ਨਿਕਲਣ ਦੀ ਪੂਰੀ ਵਾਹ ਲਾਈ ਸੀ। ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਉਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਸ਼ਾਮਲ ਕੀਤੀ। ਕਥਿਤ ਨੀਵੀਂਆਂ ਜਾਤਾਂ ਨਾਲ ਸਬੰਧਤ 15 ਭਗਤਾਂ ਅਤੇ 11 ਭੱਟਾਂ ਦੀ ਬਾਣੀ ਸ਼ਾਮਲ ਕਰਕੇ ਉਹਨਾਂ ਨੂੰ ਮਾਣ ਬਖਸ਼ਿਆ ਅਤੇ “ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ” ਦਾ ਪ੍ਰਚਾਰ ਕੀਤਾ।

ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਹੀ ਸਪਸ਼ਟ ਕਰ ਦਿੱਤਾ ਜਦੋਂ ਉਹ ਕਹਿੰਦੇ ਹਨ- ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ, ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ। - ਭਗਤ ਕਬੀਰ ਜੀ ਨੇ ਤਾਂ ਦੋ ਕਦਮ ਹੋਰ ਅੱਗੇ ਜਾ ਕੇ ਜ਼ਿਕਰ ਕਰ ਦਿੱਤਾ- “ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਗਉੜੀ ਕਬੀਰ-ਅੰਗ 324”। ਹੋਰ ਸਾਫ ਕਰਨ ਲਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸੋਹਣਾ ਵਰਣਨ ਕੀਤਾ ਹੈ: ਅਵਲਿ ਅਲਾਹ ਨੂਰੁ ੳਪਾਇਆ ਕੁਦਰਤਿ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ। ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ ਬਾਬੇ ਗੁਰੂ ਨਾਨਕ ਦੇ ਹਾਜੀਆਂ ਨੂੰ ਦਿੱਤੇ ਜਵਾਬ ਬਾਰੇ ਬਹੁਤ ਸੋਹਣਾ ਜ਼ਿਕਰ ਕੀਤਾ ਹੈ,- “ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ? ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ”। ਗੁਰੂ ਨਾਨਕ ਦੇਵ ਜੀ ਨੇ ਤਾਂ ਹਿੰਦੂ ਜਾਂ ਮੁਸਲਮਾਨ ਨੂੰ ਵੀ ਵੱਖ ਨਹੀਂ ਬਲਕਿ ਇੱਕ ਹੀ ਕਿਹਾ ਹੈ ਬਾਕੀ ਜਾਤਾਂ ਤਾਂ ਦੂਰ ਰਹੀਆਂ। ਪ੍ਰਭਾਤੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1330 ਉੱਪਰ ਉਹਨਾਂ ਨੇ ਬੜਾ ਸਪਸ਼ਟ ਕੀਤਾ ਹੈ;- ਜਾਤਿ ਜਨਮ ਨਹੁ ਪੂਛੀਐ ਸਚੁ ਘਰੁ ਲੇਹੁ ਬਤਾਇ, ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਭੈਰਉ ਰਾਗ ਵਿੱਚ ਦੱਸਿਆ ਹੈ: ਜਾਤਿ ਕਾ ਗਰੁਬ ਨਾ ਕਰੀਅਹੁ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਾਤਿ ਕਾ ਗਰੁਬ ਨਾ ਕਰ ਮੂਰਖ ਗਵਾਰਾ, ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ। ਉਹਨਾਂ ਨੇ ਪਹਿਲੇ ਪਾਤਸ਼ਾਹ ਦੁਆਰਾ ਚਾਲੂ ਕੀਤੀ ਗਈ ਲੰਗਰ ਦੀ ਪ੍ਰਥਾ ਨੂੰ ਅੱਗੇ ਤੋਰ ਕੇ ਇਸ ਨੂੰ ਊਚਨੀਚ ਦਾ ਭੇਦ ਭਾਵ ਮਿਟਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪਹਿਲੇ ਪੰਗਤ ਪਾਛੈ ਸੰਗਤ ਦਾ ਸਿਧਾਂਤ ਚਲਾਇਆ। ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਭਿੰਨ-ਭੇਦ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਂਦਾ ਸੀ। ਜਦੋਂ ਬਾਦਸ਼ਾਹ ਅਕਬਰ ਉਹਨਾਂ ਨੂੰ ਮਿਲਣ ਲਈ ਗੋਇੰਦਵਾਲ ਆਇਆ ਤਾਂ ਉਸ ਨੂੰ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ ਸੀ। ਮੁੱਕਦੀ ਗੱਲ ਉਹਨਾਂ ਦਾ ਜੀਵਨ ਦਾ ਉਦੇਸ਼ ਮਨੁੱਖ ਮਾਤਰ ਨੂੰ ਜਾਤਪਾਤ ਅਤੇ ਊਚਨੀਚ ਦੀ ਦਲਦਲ ਵਿੱਚੋਂ ਕੱਢਣ ਦਾ ਸੀ। ਦਸਵੇਂ ਪਾਤਸ਼ਾਹ ਨੇ ਤਾਂ ਪੰਜ ਪਿਆਰੇ ਹੀ ਉਸ ਵੇਲੇ ਦੀਆਂ ਨੀਵੀਆਂ ਜਾਤਾਂ ਵਿੱਚੋਂ ਚੁਣ ਕੇ ਉਹਨਾਂ ਨੂੰ ਅਮ੍ਰਿਤ ਛਕਾ ਕੇ ਸਿੰਘ ਸਜ਼ਾ ਕੇ ਬਰਾਬਰ ਕੀਤਾ ਅਤੇ ਫਿਰ ਉਹਨਾਂ ਕੋਲੋਂ ਖੁਦ ਅਮ੍ਰਿਤ ਛਕ ਕੇ ਇਸ ਨੂੰ ਹੋਰ ਵੀ ਪ੍ਰਪੱਕ ਕਰ ਦਿੱਤਾ।

ਲੋਕ ਕਵੀ ਸੰਤ ਰਾਮ ਉਦਾਸੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਸੋਹਣਾ ਬਿਆਨ ਕੀਤਾ ਹੈ: ਮੈਂ ਇਸੇ ਲਈ ਸੀ ਜੰਗ ਗੜ੍ਹੀ ਚਮਕੌਰ ਦਾ ਲੜਿਆ, ਕਿ ਕੱਚੇ ਕੋਠੇ ਸਾਹਵੇਂ ਮਹਿਲ ਤੇ ਮੀਨਾਰ ਝੁਕ ਜਾਵੇ। ਮੈਂ ਇਸੇ ਲਈ ਪੰਜਾਂ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਸੀ, ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ। ਗੁਰੂ ਗੋਬਿੰਦ ਸਿੰਘ ਜੀ ਦਾ ਵਡਮੱਲਾ ਸੰਦੇਸ਼- “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਹਰ ਮਨੁੱਖ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ। ਪਰ ਅਫਸੋਸ ਅਸੀਂ ਗੁਰੂਆਂ ਨੂੰ ਗੁਰੂ ਮੰਨਣ ਦੇ ਹੋਕੇ ਦਿੰਦੇ ਹਾਂ ਪਰ ਉਹਨਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਤੋਂ ਹਾਲੇ ਵੀ ਇਨਕਾਰੀ ਹਾਂ। ਅਜੇ ਵੀ ਵੱਖ ਵੱਖ ਧਰਮਾਂ ਤੇ ਵਰਗਾਂ ਦੇ ਵੱਖ ਵੱਖ ਗੁਰੂ ਘਰ ਇੱਕ ਨਹੀਂ ਹੋਏ। ਦਲਿਤ ਅਤੇ ਜਾਤ ਲਫਜ਼ ਤਾਂ ਹੁਣ ਤਕ ਉਂਜ ਹੀ ਖਤਮ ਹੋ ਜਾਣਾ ਚਾਹੀਦਾ ਸੀ ਪਰ ਵੰਡੀਆਂ ਤਾਂ ਹੋਰ ਵਧਦੀਆਂ ਜਾਂਦੀਆਂ ਹਨ। ਮਾਰਚ 2019 ਦੌਰਾਨ ਉੱਤਰ ਪ੍ਰਦੇਸ਼ ਦੀ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਸੀ ਜਦੋਂ ਪੁਲਵਾਮਾ ਬੰਬ ਧਮਾਕੇ ਦੇ ਸ਼ਹੀਦ ਫੌਜੀ ਵੀਰ ਸਿੰਘ ਦਾ ਪਿੰਡ ਸ਼ਿਕੋਹਾਬਾਦ ਦੀ ਸਾਂਝੀ ਜ਼ਮੀਨ ਉੱਤੇ ਅੰਤਿਮ ਸੰਸਕਾਰ ਕਰਨ ਵਿਰੁੱਧ ਉੱਚ ਜਾਤੀ ਦੇ ਲੋਕਾਂ ਨੇ ਧਰਨਾ ਲਾ ਦਿੱਤਾ ਸੀ। ਜਿੰਨੇ ਚਿਰ ਤਕ ਊਚਨੀਚ ਅਤੇ ਜਾਤਪਾਤ ਦਾ ਜਿੰਨ ਸਾਡੇ ਸਮਾਜ ਵਿੱਚੋਂ ਅਲੋਪ ਨਹੀਂ ਹੁੰਦਾ ਉੰਨਾ ਚਿਰ ਵਿਕਾਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਪਿਛਲੇ ਕੁਝ ਅਰਸੇ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਜਿਹੜਾ ਹੁਣ ਜਨ-ਅੰਦੋਲਨ ਦਾ ਰੂਪ ਲੈ ਚੁੱਕਾ ਹੈ, ਨੇ ਜ਼ਰੂਰ ਭਿੰਨਤਾ ਵਿੱਚ ਏਕਤਾ ਦੀ ਕੁਝ ਆਸ ਜਗਾਈ ਹੈ ਪਰ ਦੇਖਣਾ ਹੈ ਕਿ ਇਹ ਕਦੋਂ ਤਕ ਚੱਲਦੀ ਹੈ। ਸਾਡੇ ਗੁਰੂਆਂ ਨੇ ਤਾਂ ਹਰਿਮੰਦਰ ਸਾਹਿਬ ਵਰਗੇ ਤੀਰਥ ਅਸਥਾਨ ਬਣਾਉਣ ਸਮੇਂ ਚਹੁੰਆਂ ਦਿਸ਼ਾਵਾਂ ਵਿੱਚ ਚਾਰ ਦਰਵਾਜੇ ਰੱਖ ਕੇ ਹਰ ਵਰਗ ਲਈ ਸਮਾਨਤਾ ਦੀ ਨੀਂਹ ਰੱਖੀ ਸੀ। ਪਰ ਅਸੀਂ ਤਾਂ ਹਾਲੇ ਵੀ ਜਾਤ ਬਰਾਦਰੀ ਤੋਂ ਬਾਹਰ ਰਿਸ਼ਤਾ ਕਰਨ ਤੋਂ ਵੀ ਘਬਰਾਉਂਦੇ ਹਾਂ। ਸਾਡੀਆਂ ਅਖਬਾਰਾਂ ਦੇ ਪੰਨੇ ਜੋ ਵਿਆਹਾਂ ਦੇ ਇਸ਼ਤਿਹਾਰ ਪ੍ਰਕਾਸ਼ਤ ਕਰਦੇ ਹਨ, ਜਾਤਾਂ-ਪਾਤਾਂ ਦੀ ਖੁੱਲ੍ਹੀ ਨੁਮਾਇਸ਼ ਲਗਾਉਂਦੇ ਹਨ। ਇਹ ਪਾੜਾ ਖਤਮ ਕਰਨ ਲਈ ਸਰਕਾਰ, ਸਮਾਜ ਅਤੇ ਸਮਾਜ-ਸੇਵੀ ਸੰਸਥਾਵਾਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਜੋ ਨਫਰਤ ਦੇ ਨਾਸ ਹੋ ਸਕੇ।

 

 ਐਡਵੋਕੇਟ ਦਰਸ਼ਨ ਸਿੰਘ ਰਿਆੜ