ਅਮਰੀਕਾ ਨੇ ਤਾਈਵਾਨ ਨਾਲ ਅਧਿਕਾਰਤ ਗੱਲਬਾਤ ਤੋਂ ਰੋਕ ਹਟਾਈ

ਅਮਰੀਕਾ ਨੇ ਤਾਈਵਾਨ ਨਾਲ ਅਧਿਕਾਰਤ ਗੱਲਬਾਤ ਤੋਂ ਰੋਕ ਹਟਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਨੇ ਤਾਈਵਾਨ ਨਾਲ ਅਧਿਕਾਰਤ ਗੱਲਬਾਤ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੋਂਪੀਓ ਨੇ ਇਹ ਐਲਾਨ ਕੀਤਾ ਹੈ। 

ਜ਼ਿਕਰਯੋਗ ਹੈ ਕਿ ਚੀਨ ਨਾਲ ਚੰਗੇ ਸਬੰਧ ਰੱਖਣ ਲਈ ਅਮਰੀਕਾ ਨੇ ਦਹਾਕਾ ਪਹਿਲਾਂ ਇਹਨਾਂ ਪਾਬੰਦੀਆਂ ਦਾ ਐਲਾਨ ਕੀਤਾ ਸੀ। ਚੀਨ ਤਾਈਵਾਨ ਨੂੰ ਆਪਣਾ ਖਿੱਤਾ ਐਲਾਨਦਾ ਹੈ ਅਤੇ ਹੁਣ ਅਮਰੀਕਾ-ਚੀਨ ਟਕਰਾਅ ਸਿਖਰ ਵੱਲ ਵਧ ਰਿਹਾ ਹੈ। ਅਮਰੀਕਾ ਨੇ ਚੀਨ ਨਾਲ ਟਕਰਾਅ ਵਿਚ ਤਾਈਵਾਨ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ ਹੋਇਆ ਹੈ। ਤਾਈਵਾਨ ਵਿਚ ਚੀਨ ਨਾਲੋਂ ਵੱਖਰਾ ਸਰਕਾਰੀ ਪ੍ਰਬੰਧ ਹੈ।

ਅਮਰੀਕਾ ਦੇ ਇਸ ਐਲਾਨ ਨਾਲ ਚੀਨ ਅਤੇ ਅਮਰੀਕਾ ਵਿਚ ਤਲਖੀ ਹੋਣ ਵਧੇਗੀ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਅਮਰੀਕਾ ਦੀ ਸੱਤਾ 'ਤੇ ਕਾਬਜ਼ ਟਰੰਪ ਪ੍ਰਸ਼ਾਸਨ ਨੇ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ਵਿਚ ਇਹ ਵੱਡਾ ਐਲਾਨ ਕੀਤਾ ਹੈ। 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਜੋਇ ਬਿਡੇਨ ਸੋਂਹ ਚੁੱਕ ਲੈਣਗੇ।

ਤਾਈਵਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਇਸ ਫੈਂਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਅਮਰੀਕਾ-ਤਾਈਵਾਨ ਦੇ ਸਬੰਧ ਅਜ਼ਾਦੀ ਅਤੇ ਲੌਕਤੰਤਰਿਕ ਕਦਰਾਂ ਕੀਮਤਾਂ ਦੀ ਸਾਂਝ ਵਾਲੇ ਹਨ। 

ਅਮਰੀਕਾ ਦੇ ਇਸ ਕਦਮ 'ਤੇ ਪ੍ਰਤੀਕਰਮ ਦਿੰਦਿਆਂ ਚੀਨ ਨੇ ਕਿਹਾ ਹੈ ਕਿ ਇਹ ਫੈਂਸਲਾ "ਇਕ ਚੀਨ" ਸਿਧਾਂਤ ਦੀ ਉਲੰਘਣਾ ਕਰਨ ਵਾਲਾ ਹੈ। 

ਦੱਸ ਦਈਏ ਕਿ 1940 ਦੇ ਗ੍ਰਹਿ ਯੁੱਧ ਤੋਂ ਬਾਅਦ ਚੀਨ ਅਤੇ ਤਾਈਵਾਨ ਵੱਖਰੇ ਹੋਏ ਸਨ। ਚੀਨ ਨੇ ਲੰਮੇ ਸਮੇਂ ਤਕ ਤਾਈਵਾਨ ਦੇ ਕੌਮਾਂਤਰੀ ਰਿਸ਼ਤੇ ਬਣਨ 'ਤੇ ਰੋਕਾਂ ਲਾਈ ਰੱਖੀਆਂ ਪਰ ਹੁਣ ਚੀਨ ਅਤੇ ਅਮਰੀਕਾ ਦਰਮਿਆਨ ਵੱਧ ਰਹੇ ਟਕਰਾਅ ਦੇ ਚਲਦਿਆਂ ਤਾਈਵਾਨ ਲਈ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਬਣੀਆਂ ਹਨ। ਅਮਰੀਕਾ ਵੱਲੋਂ ਤਾਈਵਾਨ ਨੂੰ ਹਥਿਆਰ ਅਤੇ ਜੰਗ ਦਾ ਹੋਰ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਚੀਨ ਕਈ ਵਾਰ ਕਹਿ ਚੁੱਕਿਆ ਹੈ ਕਿ ਲੋੜ ਪੈਣ 'ਤੇ ਉਹ ਫੌਜ ਦੀ ਵਰਤੋਂ ਕਰਦਿਆਂ ਤਾਈਵਾਨ 'ਤੇ ਪੂਰਨ ਪ੍ਰਬੰਧ ਕਰ ਸਕਦਾ ਹੈ। 

ਤਾਈਵਾਨ ਨੂੰ ਇਕ ਦੇਸ਼ ਵਜੋਂ ਭਾਵੇਂ ਕਿ ਬਹੁਤ ਥੋੜੇ ਦੇਸ਼ਾਂ ਨੇ ਮਾਨਤਾ ਦਿੱਤੀ ਹੈ ਪਰ ਤਾਈਵਾਨ ਦੀ ਚੁਣੀ ਸਰਕਾਰ ਨੇ ਕਈ ਸਰਕਾਰਾਂ ਨਾਲ ਰਿਸ਼ਤੇ ਗੰਢ ਲਏ ਹਨ।