ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕਨੇਡਾ ਈਸਟ)ਦੇ ਪ੍ਰਧਾਨ ਸ੍ਰ ਸੁਖਮਿੰਦਰ ਸਿੰਘ ਹੰਸਰਾ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕਨੇਡਾ ਈਸਟ)ਦੇ ਪ੍ਰਧਾਨ ਸ੍ਰ ਸੁਖਮਿੰਦਰ ਸਿੰਘ ਹੰਸਰਾ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ:-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਨੇਡਾ ਈਸਟ ਦੇ ਪ੍ਰਧਾਨ ਸ੍ਰ ਸੁਖਮਿੰਦਰ ਸਿੰਘ ਹੰਸਰਾ ਜੋ ਕਿ ਪਿੱਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਜੋ ਕਿ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ।ਤੇ ਅਖੀਰ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਨਿਵਾਜੇ ਹਨ।ਸ੍ਰ ਹੰਸਰਾ ਜੀ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਤੇ ਬੱਚਿਆਂ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਮੀਡੀਆ ਦੀ ਦੁਨੀਆਂ ਤੇ ਪੰਥਕ ਸਫਾਂ ਨੂੰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸ੍ਰ ਹੰਸਰਾ ਨੇ ਜਿੱਥੇ ਕੌਮੀ ਪੱਧਰ ਤੇ ਮੀਡੀਏ ਵਿੱਚ ਨਾਮਣਾ ਕਮਾਇਆ ਉਥੇ ਪੰਥਕ ਸੇਵਾਵਾਂ ਵੀ ਕੌਮੀ ਪੱਧਰ ਤੇ ਬੜੀ ਸ਼ਿੱਦਤ ਦੇ ਨਾਲ ਨਿਵਾਈਆਂ।ਸ੍ਰ ਸੁਖਮਿੰਦਰ ਸਿੰਘ ਹੰਸਰਾ ਜੀ ਨੇ ਟਰਾਂਟੋ ਕਨੇਡਾ ਤੋਂ ਪੰਜਾਬੀ ਅਖਬਾਰ ਵੀ ਲੰਮਾ ਸਮਾਂ ਚਲਾਇਆ। ਪੰਜਾਬੀ ਰੇਡੀਓ ਅਤੇ ਟੀਵੀ ਚੈਨਲ ਵੀ ਚਲਾਇਆ।ਮੀਡੀਏ ਰਾਹੀਂ ਉਹ ਕੌਮ ਦੀ ਅਵਾਜ ਬਣਕੇ ਉੱਭਰੇ ਤੇ ਉਨਾਂ ਕੌਮੀ ਹੱਕਾਂ ਲਈ ਹਮੇਸ਼ਾਂ ਮੂਹਰੇ ਹੋਕੇ ਲੜਾਈ ਲੜੀ। ਉਹ ਬਹੁਤ ਹੀ ਵਧੀਆ ਬੁਲਾਰੇ ਵੀ ਸਨਤੇ ਉਹ ਆਪਣੀ ਗੱਲ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖਦੇ ਸਨ। ਉਨਾਂ ਕੌਮੀ ਹਿੱਤਾਂ ਨੂੰ ਮੁੱਖ ਰੱਖਕੇ ਕਈ ਵਾਰ ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਨੂੰ ਖ਼ਤ ਵੀ ਲਿੱਖੇ ਜਿਸ ਵਿੱਚ ਸਿੱਖ ਕੌਮ ਤੇ ਅੰਦਰੋਂ ਤੇ ਬਾਹਰੋਂ ਹੋ ਰਹੇ ਹਮਲਿਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਸਨ।ਭਾਵੇਂ ਕਿ ਉਹ ਬਿਮਾਰੀ ਤੋਂ ਕਾਫੀ ਪੀੜਤ ਸਨ ਪਰ ਫਿਰ ਵੀ ਉਨਾਂ ਪੰਥਕ ਜ਼ਜ਼ਬੇ ਨੂੰ ਕਦੇ ਢਿੱਲਾ ਨਹੀਂ ਪੈਣ ਦਿੱਤਾ। ਜਦ ਵੀ ਉਨਾਂ ਨਾਲ ਗਲਬਾਤ ਸਾਂਝੀ ਹੋਣੀ ਤਾਂ ਹਮੇਸ਼ਾ ਚੜਦੀ ਕਲਾ ਵਿੱਚ ਜਵਾਬ ਮਿਲਦਾ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਜਥੇਬੰਦੀ ਜਿੰਨਾਂ ਵਿੱਚ ਵਿਸ਼ੇਸ਼ ਤੌਰਤੇ ਸ੍ਰ ਬੂਟਾ ਸਿੰਘ ਖੜੌਦ, ਸੁਰਜੀਤ ਸਿੰਘ ਕੁਲਾਰ, ਜੀਤ ਸਿੰਘ ਆਲੋਅਰਖ, ਰੁਪਿੰਦਰ ਸਿੰਘ ਬਾਠ, ਮੱਖਣ ਸਿੰਘ ਕਲੇਰ, ਤਰਸੇਮ ਸਿੰਘ ਕੈਲੇਫੋਰਨੀਆ, ਪਵਨ ਸਿੰਘ ਵਰਜੀਨੀਆ, ਜੋਗਾ ਸਿੰਘ ਨਿਊਜਰਸੀ ਤੇ ਬਲਜਿੰਦਰ ਸਿੰਘ ਮੋਰਜੰਡ ਤੇ ਸਮੁੱਚੀ ਜਥੇਬੰਦੀ ਵਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾਂਦਾ ਹੈ।ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਵੱਲੋਂ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਸ੍ਰ ਹੰਸਰਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।