ਐਰੀਜ਼ੋਨਾ ਵਿਚ ਅੱਗ ਲੱਗਣ ਨਾਲ 20000 ਤੋਂ ਵਧ ਏਕੜ ਜੰਗਲ ਸੜ ਕੇ ਹੋਇਆ ਸਵਾਹ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 22 ਅਪ੍ਰੈਲ (ਹੁਸਨ ਲੜੋਆ ਬੰਗਾ)- ਕੋਕੋਨੀਨੋ ਕਾਊਂਟੀ ਵਿਚ ਐਰੀਜ਼ੋਨਾ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ ਦੇ ਸਿੱਟੇ ਵਜੋਂ 20000 ਏਕੜ ਤੋਂ ਵਧ ਰਕਬਾ ਸੜ ਕੇ ਸਵਾਹ ਹੋ ਗਿਆ ਹੈ। ਗਵਰਨਰ ਡੌਗ ਡੂਸੇ ਨੇ ਹਾਲਾਤ ਦੇ ਮੱਦੇਨਜ਼ਰ ਹੰਗਾਮੀ ਸਥਿੱਤੀ ਦਾ ਐਲਾਨ ਕਰ ਦਿੱਤਾ ਹੈ। ਅੱਗ ਫਲੈਗਸਟਾਫ ਨੇੜੇ ਲੱਗੀ ਹੈ ਜਿਸ ਵਿਚ ਘੱਟੋ ਘੱਟ 2 ਦਰਜ਼ਨ ਇਮਾਰਤਾਂ ਤਬਾਹ ਹੋ ਗਈਆਂ ਹਨ ਤੇ ਸੈਂਕੜੇ ਘਰਾਂ ਦੇ ਵਸਨੀਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਗਵਰਨਰ ਨੇ ਕਿਹਾ ਹੈ ਕਿ ਤੇਜ਼ ਹਵਾਵਾਂ ਨੇ ਅੱਗ ਉਪਰ ਤੇਲ ਪਾਉਣ ਦਾ ਕੰਮ ਕੀਤਾ ਹੈ ਤੇ ਅੱਗ ਤੇਜ਼ੀ ਨਾਲ ਫੈਲੀ ਹੈ। ਉਨਾਂ ਕਿਹਾ ਹੈ ਕਿ ਅੱਗ ਉਪਰ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਵਰਨਰ ਨੇ ਖੇਤਰ ਵਿਚਲੇ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਤੇ ਉਨਾਂ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਨ। ਉਨਾਂ ਨੇ ਕਿਹਾ ਹੈ ਕਿ ਸਥਿੱਤੀ ਉਪਰ ਨਿਰੰਤਰ ਨਜਰ ਰੱਖੀ ਜਾ ਰਹੀ ਹੈ ਤੇ ਲੋੜ ਪੈਣ 'ਤੇ ਹੋਰ ਲੋੜੀਂਦੀ ਮੱਦਦ ਮੰਗਵਾਈ ਜਾਵੇਗੀ। ਕੋਕੋਨੀਨੋ ਕਾਊਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਪ੍ਰਧਾਨ ਪੈਟਰਿਕ ਹੌਰਸਮੈਨ ਨੇ ਕਿਹਾ ਹੈ ਕਿ ਖਾਲੀ ਕਰਵਾਏ ਗਏ ਖੇਤਰ ਵਿਚ ਅੰਦਾਜ਼ਨ 2068 ਲੋਕ ਰਹਿੰਦੇ ਹਨ। 766 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। 1000 ਤੋਂ ਵਧ ਪਸ਼ੂਆਂ ਨੂੰ ਵੀ ਕੱਢਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Comments (0)