ਭਗਵੇਂਵਾਦੀ ਹਿੰਸਾ ਭਾਰਤੀ ਸਮਾਜ ਲਈ ਖਤਰਨਾਕ
ਖਾਸ ਟਿੱਪਣੀ
ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਧਾਰਮਿਕ ਦੁਫਾੜ ਪੈਦਾ ਕਰ ਕੇ ਕਿਵੇਂ ਨਾ ਕਿਵੇਂ ਭਾਰਤੀ ਸਮਾਜ ਅੰਦਰਲੀਆਂ ਹੋਰਨਾਂ ਦੁਫਾੜਾਂ ਮੇਸ ਕੇ ਹਿੰਦੂ ਸਮਾਜ ਨੂੰ ਇਕਜੁੱਟ ਕਰਨ ਦੀ ਧਾਰਨਾ ਗ਼ਲਤ ਹੈ। ਹਿੰਦੂ-ਮੁਸਲਿਮ ਬਾਇਨਰੀ/ਦੁਫਾੜ ਦੇ ਆਧਾਰ ’ਤੇ ਕੋਈ ਵਡੇਰੀ ਹਿੰਦੂ ਏਕਤਾ ਨਹੀਂ ਉਸਾਰੀ ਜਾ ਸਕਦੀ। ਜਿਉਂ ਹੀ ਇਕ ਦੁਫਾੜ ਪੈਦਾ ਹੁੰਦੀ ਹੈ ਤਾਂ ਨਾਲ ਹੀ ਕਈ ਹੋਰ ਦੁਫਾੜਾਂ ਉਭਰ ਆਉਂਦੀਆਂ ਹਨ। ਅਸੀਂ ਪਹਿਲਾਂ ਹੀ ਖੇਤਰੀ ਪਛਾਣਾਂ ਦਾ ਉਭਾਰ ਹੁੰਦਾ ਦੇਖ ਰਹੇ ਹਾਂ। ਚੁਣਾਵੀ ਹਲਕਿਆਂ ਦੀ ਮੁੜ ਵਿਉਂਤਬੰਦੀ, ਭਾਵ ਹੱਦਬੰਦੀ ਦੀ ਅਗਲੀ ਕਵਾਇਦ ਵਿਚ ਉੱਤਰ-ਦੱਖਣ ਦਾ ਪਾੜਾ ਹੋਰ ਵਧ ਸਕਦਾ ਹੈ। ਉੱਤਰੀ ਖਿੱਤੇ ਖ਼ਾਸਕਰ ਹਿੰਦੀ ਬੋਲਣ ਵਾਲੇ ਸੂਬਿਆਂ ਅੰਦਰ ਆਬਾਦੀ ਦੇ ਵਾਧੇ ਕਰ ਕੇ ਪਾਰਲੀਮਾਨੀ ਪ੍ਰਤੀਨਿਧਤਾ ਵਿਚ ਹੋਰ ਅਸਾਵਾਂਪਣ ਆ ਸਕਦਾ ਹੈ। ਕੀ ਦੱਖਣ ਦੇ ਸੂਬੇ ਇਸ ਨੂੰ ਪ੍ਰਵਾਨ ਕਰਨਗੇ ਕਿ ਪਿਛਲੇ ਕਈ ਸਾਲਾਂ ਦੌਰਾਨ ਨਿਸਬਤਨ ਉਚੇਰੇ ਵਿਕਾਸ ਅਤੇ ਆਬਾਦੀ ਦੇ ਵਾਧੇ ਵਿਚ ਕਮੀ ਦੇ ਇਨਾਮ ਵਜੋਂ ਪਾਰਲੀਮੈਂਟ ਵਿਚ ਉਨ੍ਹਾਂ ਦੀ ਨੁਮਾਇੰਦਗੀ ਨੂੰ ਪਹਿਲਾਂ ਨਾਲੋਂ ਘਟਾ ਦਿੱਤਾ ਜਾਵੇ?
ਇਹ ਖ਼ਤਰਾ ਵਧ ਰਿਹਾ ਹੈ ਪਰ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ।
ਕੁਝ ਹੋਰ ਦੁਫਾੜਾਂ ਵੀ ਹਨ ਜੋ ਅਣਕਿਆਸੇ ਢੰਗ ਨਾਲ ਸਾਹਮਣੇ ਆ ਸਕਦੀਆਂ ਹਨ। ਹੁਣ ਇਹ ਗੱਲ ਪ੍ਰਤੱਖ ਹੁੰਦੀ ਜਾ ਰਹੀ ਹੈ ਕਿ ਹਿੰਦੀ ਬੋਲਣ ਵਾਲੇ ਸੂਬਿਆਂ ਦੇ ਸਮਾਜਿਕ ਨੇਮ ਤੇ ਬੰਦਸ਼ਾਂ ਹੋਰਨਾਂ ਭਾਈਚਾਰਿਆਂ ਤੇ ਖਿੱਤਿਆਂ ’ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਲਪਿਤ ਹਿੰਦੂ ਸਮਾਜ ਦੇ ਨੇਮਾਂ ਮੁਤਾਬਕ ਨਾ ਚੱਲਣ ਵਾਲੇ ਅਕੀਦਿਆਂ ਤੇ ਰਵਾਇਤਾਂ ਪ੍ਰਤੀ ਅਸਹਿਣਸ਼ੀਲਤਾ ਵਧ ਰਹੀ ਹੈ। ਇਹ ਹਮੇਸ਼ਾ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ ਕਿ ਨਵਰਾਤਿਆਂ ਦੌਰਾਨ ਕੁਝ ਸ਼ਰਧਾਵਾਨ ਹਿੰਦੂ ਸ਼ਾਕਾਹਾਰੀ ਖਾਣਾ ਖਾਂਦੇ ਹਨ ਅਤੇ ਕੁਝ ਲੋਕ ਲਸਣ, ਪਿਆਜ਼ ਆਦਿ ਤੋਂ ਵੀ ਪ੍ਰਹੇਜ਼ ਕਰਦੇ ਹਨ ਪਰ ਕਦੇ ਕਿਸੇ ਨੇ ਇਹ ਤਵੱਕੋ ਨਹੀਂ ਕੀਤੀ ਸੀ ਕਿ ਮੁਲਕ ਦੇ ਬਾਕੀ ਲੋਕ ਵੀ ਖਾਣੇ ਦੀ ਇਸ ਪਾਬੰਦੀ ਦੀ ਪਾਲਣਾ ਕਰਨ। ਪਿਛਲੇ ਕੁਝ ਸਮੇਂ ਤੋਂ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ। ਕੋਈ ਭਾਵੇਂ ਕਿਸੇ ਵੀ ਧਰਮ ਦੀ ਪਾਲਣਾ ਕਰਦਾ ਹੋਵੇ, ਤਾਂ ਵੀ ਉਹ ਨਵਰਾਤਿਆਂ ਦੇ ਪਕਵਾਨਾਂ ਦਾ ਸੁਆਦ ਮਾਣ ਸਕਦਾ ਹੈ। ਰਮਜ਼ਾਨ ਦੌਰਾਨ ਇਫ਼ਤਾਰ ਦੀਆਂ ਦਾਅਵਤਾਂ ’ਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ। ਸਾਰੇ ਧਰਮਾਂ ਦੇ ਆਪਣੇ ਮੁਸਲਿਮ ਦੋਸਤਾਂ ਤੇ ਸਹਿਕਰਮੀਆਂ ਨਾਲ ਮਿਲ ਕੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਬਣਾਏ ਪਕਵਾਨਾਂ ਦਾ ਸੁਆਦ ਮਾਣਦੇ ਹਨ ਪਰ ਹੁਣ ਇਸ ਸਭ ਕਾਸੇ ਨੂੰ ਨਿਖੇੜੇ ਦਾ ਪ੍ਰਤੀਕ ਬਣਾਇਆ ਜਾ ਰਿਹਾ ਹੈ। ਮਿਲ ਜੁਲ ਕੇ ਵੰਡ ਛਕਣ ਦੀ ਭਾਵਨਾ ਮਾਂਦ ਪੈ ਰਹੀ ਹੈ।
ਪੂਰੇ ਸਾਲ ਦੌਰਾਨ ਬਹੁਤ ਸਾਰੇ ਧਾਰਮਿਕ ਤਿਓਹਾਰ ਮਨਾਏ ਜਾਂਦੇ ਹਨ; ਜੋ ਪਹਿਲਾਂ ਪਰਿਵਾਰਕ ਜਸ਼ਨ ਤੇ ਛੋਟੇ-ਮੋਟੇ ਭਾਈਚਾਰਕ ਮੇਲ ਜੋਲ ਦਾ ਸਬਬ ਹੁੰਦੇ ਸਨ, ਹੁਣ ਸਿਆਸੀ ਭੜਕਾਹਟ ਅਤੇ ਤੰਗਨਜ਼ਰ ਸਮਾਗਮਾਂ ਦਾ ਰੂਪ ਧਾਰਨ ਕਰ ਗਏ ਹਨ। ਮਸਜਿਦਾਂ ਅੰਦਰ ਜਬਰੀ ਦਾਖ਼ਲ ਹੋ ਕੇ ਜੈ ਸ੍ਰੀਰਾਮ ਦੇ ਨਾਅਰੇ ਲਾਉਣੇ ਜਾਂ ਮਿਨਾਰਾਂ ’ਤੇ ਭਗਵੇਂ ਝੰਡੇ ਲਹਿਰਾਉਣੇ ਵਿਗੜੀ ਹੋਈ ਮਾਨਸਿਕਤਾ ਦੇ ਲੱਛਣ ਹਨ ਅਤੇ ਇਸ ਤਰ੍ਹਾਂ ਦਾ ਹਮਲਾਵਰ ਵਿਹਾਰ ਕਦੇ ਵੀ ਹਿੰਦੂ ਧਰਮ ਦੀ ਜਨਤਕ ਦਿੱਖ ਨਹੀਂ ਰਹੀ ਹੈ। ਕੀ ਸਦੀਆਂ ਪੁਰਾਣੇ ਇਸ ਧਰਮ ਨੂੰ ਜ਼ਿੰਦਾ ਰਹਿਣ ਅਤੇ ਫੈਲਣ ਲਈ ਕਿਸੇ ‘ਦੁਸ਼ਮਣ’ ਦੀ ਲੋੜ ਹੈ?
ਮੁਲਕ ਦੇ ਹਰ ਖਿੱਤੇ ਅੰਦਰ ਵੀਹ ਕਰੋੜ ਤੋਂ ਜ਼ਿਆਦਾ ਮੁਸਲਮਾਨ ਵੱਸਦੇ ਹਨ। ਕੀ ਉਨ੍ਹਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾ ਕੇ ਭਾਰਤ ਅਜਿਹਾ ਲੋਕਰਾਜੀ ਮੁਲਕ ਬਣਿਆ ਰਹਿ ਸਕੇਗਾ ਜਿੱਥੇ ਸ਼ਹਿਰੀਆਂ ਨੂੰ ਬਰਾਬਰ ਹਕੂਕ ਮਿਲਦੇ ਹੋਣ? ਕੀ ਉਨ੍ਹਾਂ ਨਾਲ ਹੁੰਦੇ ਲਗਾਤਾਰ ਵਿਤਕਰੇ ਅਤੇ ਹਿੰਸਾ ਦੀ ਕੋਈ ਪ੍ਰਤੀਕਿਰਿਆ ਨਹੀਂ ਹੋਵੇਗੀ? ਜੇ ਵੀਹ ਕਰੋੜ ਲੋਕਾਂ ਦਾ ਛੋਟਾ ਜਿਹਾ ਹਿੱਸਾ ਕੋਈ ਤਿੱਖਾ ਕਦਮ ਉਠਾ ਬੈਠਿਆ ਤਾਂ ਕੀ ਭਾਰਤੀ ਸਟੇਟ/ਰਿਆਸਤ ਸੁਰੱਖਿਆ ਦੀ ਚੁਣੌਤੀ ਨਾਲ ਨਜਿੱਠ ਸਕੇਗੀ? ਕੀ ਮੁਲਕ ਅੰਦਰ ਸੁਰੱਖਿਆ ਬਰਕਰਾਰ ਰੱਖਣ ਲਈ ਲੋਕਰਾਜੀ ਆਜ਼ਾਦੀਆਂ ਦੀ ਹੋਰ ਜ਼ਿਆਦਾ ਕੁਰਬਾਨੀ ਦਿੱਤੀ ਜਾਵੇਗੀ? ਇਸ ਤੋਂ ਇਲਾਵਾ ਇਸ ਦੇ ਬਾਹਰੀ ਸਿੱਟੇ ਵੀ ਨਿਕਲ ਸਕਦੇ ਹਨ, ਖ਼ਾਸਕਰ ਇਸਲਾਮੀ ਮੁਲ਼ਕਾਂ ਨਾਲ। ਕੀ ਭਾਰਤੀ ਵਿਦੇਸ਼ ਨੀਤੀ ਇਸ ਦੇ ਮਾੜੇ ਅਸਰਾਂ ਨੂੰ ਸੰਭਾਲਣ ਦੇ ਸਮੱਰਥ ਹੈ?
ਸੰਵਿਧਾਨ ਦੇ ਨਿਰਮਾਣਕਾਰ ਇਸ ਤੋਂ ਭਲੀਭਾਂਤ ਜਾਣੂ ਸਨ ਕਿ ਭਾਰਤੀ ਸਮਾਜ ਦੀਆਂ ਦੁਫਾੜਾਂ ਨੂੰ ਆਰਾਮ ਨਾਲ ਉਭਾਰਿਆ ਜਾ ਸਕਦਾ ਹੈ ਅਤੇ ਰਿਆਸਤ ਨੂੰ ਅੱਗੇ ਲਾਇਆ ਜਾ ਸਕਦਾ ਹੈ। ਕੌਮੀ ਏਕਤਾ ਦੀ ਮਜ਼ਬੂਤ ਵਚਨਬੱਧਤਾ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਸ ਦੀ ਆੜ ਹੇਠ ਵੰਨ-ਸਵੰਨਤਾ ਦਾ ਘਾਣ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਸਾਂਝੀ ਨਾਗਰਿਕਤਾ ਦੇ ਸੰਕਲਪ ਜ਼ਰੀਏ ਇਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੇ ਲੋਕ ਆਪਣੀਆਂ ਬਹੁਪਰਤੀ ਪਛਾਣਾਂ ਬਰਕਰਾਰ ਰੱਖ ਸਕਦੇ ਹਨ ਤੇ ਇਨ੍ਹਾਂ ਦਾ ਜਸ਼ਨ ਵੀ ਮਨਾ ਸਕਦੇ ਹਨ ਪਰ ਇਸ ਵਾਸਤੇ ਵਿਅਕਤੀ ਆਧਾਰਿਤ ਬੁਨਿਆਦੀ ਅਧਿਕਾਰਾਂ ਨੂੰ ਮਾਣਨ ਵਾਲੇ ਬਰਾਬਰ ਦੇ ਨਾਗਰਿਕ ਬਣਨਾ ਜ਼ਰੂਰੀ ਹੈ। ਇਨ੍ਹਾ ਅਧਿਕਾਰਾਂ ਨੂੰ ਮਾਣਨ ਲਈ ਕਿਸੇ ਖ਼ਾਸ ਭਾਈਚਾਰੇ ਦਾ ਅੰਗ ਬਣਨਾ ਲਾਜ਼ਮੀ ਨਹੀਂ ਹੈ। ਇਸ ਮਾਮਲੇ ਵਿਚ ਇਕਮਾਤਰ ਅਪਵਾਦ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਦਾ ਹੈ ਜਿਨ੍ਹਾਂ ਨੂੰ ਇਤਿਹਾਸ ਵਿਚ ਲੰਮਾ ਅਰਸਾ ਸੰਤਾਪ ਹੰਢਾਉਣਾ ਪਿਆ ਸੀ ਜਿਸ ਕਰ ਕੇ ਇਹ ਖ਼ਾਸ ਪਰ ਆਰਜ਼ੀ ਉਪਬੰਧ ਕਰਨਾ ਪਿਆ ਸੀ।
ਕੋਈ ਵੀ ਨਾਗਰਿਕ ਆਪਣੇ ਭਾਈਚਾਰੇ ਦੇ ਨੇਮਾਂ ਦੀ ਇੱਛਕ ਤੌਰ ’ਤੇ ਪਾਲਣਾ ਕਰ ਸਕਦਾ ਹੈ ਪਰ ਭਾਈਚਾਰੇ ਨੂੰ ਸੰਵਿਧਾਨ ਵਿਚ ਵਿਅਕਤੀਗਤ ਰੂਪ ਵਿਚ ਦਿੱਤੇ ਗਏ ਉਸ ਦੇ ਅਧਿਕਾਰਾਂ ਦੀ ਜ਼ਾਮਨੀ ਉੱਤੇ ਕੋਈ ਵੀਟੋ ਨਹੀਂ ਦਿੱਤੀ ਜਾ ਸਕਦੀ। ਜਦੋਂ ਕੋਈ ਵੀ ਭਾਈਚਾਰਾ ਆਪਣੇ ਮੈਂਬਰਾਂ ਦੀਆਂ ਸਰਗਰਮੀਆਂ ਉਪਰ ਵੀਟੋ ਦਾ ਹੱਕ ਜਤਾਉਂਦਾ ਹੈ ਤਾਂ ਸੰਵਿਧਾਨ ਦੇ ਇਸ ਮੂਲ ਢਾਂਚੇ ਨੂੰ ਆਂਚ ਪਹੁੰਚਦੀ ਹੈ। ਕਈ ਵਾਰ ਰਿਆਸਤ ਦੇ ਦਖ਼ਲ ਤੋਂ ਬਿਨਾਂ ਵੀ ਅੰਨ੍ਹੇਵਾਹ ਹਿੰਸਾ ਜ਼ਰੀਏ ਕੋਈ ਭਾਈਚਾਰਾ ‘ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ’ ਦਾ ਦਾਅਵਾ ਕਰ ਕੇ ਦੂਜਿਆਂ ’ਤੇ ਹਮਲਾ ਕਰਨ ਦਾ ਹੱਕ ਹਾਸਲ ਕਰ ਲੈਂਦਾ ਹੈ।ਇਹ ਬਹੁਤ ਹੀ ਪ੍ਰੇਸ਼ਾਨਕੁਨ ਰੁਝਾਨ ਹਨ ਤੇ ਜੇ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਭਾਰਤੀ ਸਮਾਜ ਨੂੰ ਖੇਰੂੰ-ਖੇਰੂੰ ਕਰ ਸਕਦੇ ਹਨ। ਇਸ ਤਰ੍ਹਾਂ ਭਾਰਤੀ ਲੋਕਤੰਤਰ ਦਾ ਭਵਿੱਖ ਹੀ ਨਹੀਂ ਸਗੋਂ ਭਾਰਤ ਦੀ ਅਖੰਡਤਾ ਵੀ ਖ਼ਤਰੇ ਵਿਚ ਪੈ ਜਾਵੇਗੀ
ਸ਼ਿਆਮ ਸਰਨ
Comments (0)