ਅਮਰੀਕਾ ਦੇ ਇਤਹਾਸ ਵਿਚ ਪਹਿਲੀ ਵਾਰ ਵਾਈਟ ਅਬਾਦੀ ਘਟੀ ਤੇ ਬਹੁ ਜਾਤੀ ਆਬਾਦੀ ਵਿੱਚ ਹੋਇਆ ਵਾਧਾ

ਅਮਰੀਕਾ ਦੇ ਇਤਹਾਸ ਵਿਚ ਪਹਿਲੀ ਵਾਰ ਵਾਈਟ ਅਬਾਦੀ ਘਟੀ ਤੇ ਬਹੁ ਜਾਤੀ ਆਬਾਦੀ ਵਿੱਚ ਹੋਇਆ ਵਾਧਾ

* ਜਨਗਣਨਾ ਦੇ ਅੰਕੜੇ ਹੋਏ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ :(ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਜਾਰੀ ਕੀਤੇ ਗਏ ਜਨਗਣਨਾ -2020 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਈਟ ਆਬਾਦੀ ਵਿਚ ਕਮੀ ਹੋਈ ਹੈ ਜਦ ਕਿ ਬਹੁ ਜਾਤੀ ਆਬਾਦੀ ਵਿਚ ਵਾਧਾ ਹੋਇਆ ਹੈ। ਅਮਰੀਕਾ ਦੇ ਜਨਗਣਨਾ ਅਧਿਕਾਰੀਆਂ ਨੇ ਅੰਕੜੇ ਜਾਰੀ ਕਰਦਿਆਂ ਇਹ ਖੁਲਾਸਾ ਕੀਤਾ ਹੈ। ਜਨਗਣਨਾ ਬਿਊਰੋ ਦੀ ਆਬਾਦੀ ਵਿਭਾਗ ਦੇ ਨਸਲ ਤੇ ਜਾਤੀ ਖੋਜ਼  ਮੁੱਖੀ ਨਿਕੋਲਸ ਜੋਨਜ ਨੇ ਕਿਹਾ ਹੈ ਕਿ ਇਨਾਂ ਤਬਦੀਲੀਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਦੀ ਆਬਾਦੀ ਬਹੁ ਜਾਤੀ ਹੈ ਤੇ ਹੁਣ ਇਸ ਵਿਚ ਪਹਿਲਾਂ ਦੀ ਤੁਲਨਾ ਵਿਚ ਵਧੇਰੇ ਭਿੰਨਤਾ ਹੈ। ਜਨਗਣਨਾ ਦੇ ਅੰਕੜਿਆਂ ਅਨੁਸਾਰ 2010 ਤੋਂ ਬਾਅਦ ਗੋਰੀ ਚਮੜੀ ਵਾਲੀ ਆਬਾਦੀ ਵਿਚ 8.6% ਕਮੀ ਹੋਈ ਹੈ। ਇਸ ਸਮੇ ਅਮਰੀਕਾ ਵਿਚ 57.5% ਵਾਈਟ, 18.7% ਲਤਿਨ ਅਮਰੀਕੀ ਲੋਕ,12.4% ਸਿਆਹਫਿਆਮ ਤੇ 6% ਏਸ਼ੀਅਨ ਮੂਲ ਦੇ ਲੋਕਾਂ ਦੀ ਆਬਾਦੀ ਹੈ। ਜੋਨਜ ਅਨੁਸਾਰ ਆਬਾਦੀ ਦੇ ਸਰਵੇਖਣ ਦੇ ਢੰਗ -ਤਰੀਕੇ ਵਿਚ ਹੋਏ ਸੁਧਾਰ ਦੇ ਸਿੱਟੇ ਵਜੋਂ ਮੌਜੂਦਾ ਅੰਕੜੇ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਗੈਰ ਲਤਿਨ ਅਮਰੀਕੀ ਆਬਾਦੀ ਅਮਰੀਕਾ ਵਿਚ ਅਜੇ ਵੀ ਸਭ ਤੋਂ ਵੱਡਾ ਜਾਤੀ ਸਮੂੰਹ ਹੈ।ਬਰੁਕਿੰਗਜ ਮੈਟਰੋਪੋਲੀਟਨ ਦੇ ਨੀਤੀ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀ ਵਿਲੀਅਮ ਫਰੇਅ ਨੇ ਜਣਗਣਨਾ ਅੰਕੜਿਆਂ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਤੋਂ ਦੇਸ਼ ਦੀ ਆਬਾਦੀ ਵਿਚ ਭਿੰਨਤਾ ਵਧੇਰੇ ਸਪੱਸ਼ਟ ਹੋਈ ਹੈ। 2020 ਦੀ ਜਨਗਣਨਾ ਅਨੁਸਾਰ ਆਬਾਦੀ ਵਿਚ ਸਭ ਤੋਂ ਵਧ ਭਿੰਨਤਾ ਵਾਲੇ ਰਾਜਾਂ ਵਿਚ ਹਵਾਈ, ਕੈਲੀਫੋਰਨੀਆ ਤੇ ਨਾਵੇਡਾ ਸ਼ਾਮਿਲ ਹਨ ਇਨਾਂ ਰਾਜਾਂ ਵਿਚ ਕ੍ਰਮਵਾਰ 76%, 69.7% ਤੇ 68.8% ਆਬਾਦੀ  ਭਿੰਨਤ ਪਾਈ ਜਾਂਦੀ ਹੈ। ਇਥੇ ਜਿਕਰਯੋਗ ਹੈ ਕਿ ਇਹ ਜਨਗਣਨਾ ਪਹਿਲੇ ਸਰਵੇਖਣਾਂ ਦੀ ਤੁਲਨਾ ਵਿਚ ਵਿਸ਼ਾਲ ਜਾਤੀ ਅੰਕੜਿਆਂ ਦੇ ਉਪਰ ਅਧਾਰਤ ਹੈ।