ਅਮਰੀਕਾ ਵਿਚ ਹੋਈ ਪੰਜਾਬੀ ਪਰਿਵਾਰ ਦੀ ਹੱਤਿਆ ਵਿੱਚ ਇਕ ਤੋਂ ਵਧ ਲੋਕ ਸ਼ਾਮਿਲ-ਪੁਲਿਸ ਦਾ ਦਾਅਵਾ

ਅਮਰੀਕਾ ਵਿਚ ਹੋਈ ਪੰਜਾਬੀ ਪਰਿਵਾਰ ਦੀ ਹੱਤਿਆ ਵਿੱਚ ਇਕ ਤੋਂ ਵਧ ਲੋਕ ਸ਼ਾਮਿਲ-ਪੁਲਿਸ ਦਾ ਦਾਅਵਾ

ਅਜੇ ਤੱਕ ਗ੍ਰਿਫਤਾਰ ਸ਼ੱਕੀ ਵਿਰੁੱਧ ਨਹੀਂ ਹੋਇਆ ਮਾਮਲਾ ਦਰਜ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ
7 ਅਕਤੂਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿਚ ਇਕ ਹੱਸਦੇ ਵੱਸਦੇ  ਪੰਜਾਬੀ ਪਰਿਵਾਰ ਦੇ ਇਕ 8 ਮਹੀਨਿਆਂ ਦੀ ਬੱਚੀ ਸਮੇਤ 4 ਜੀਆਂ ਨੂੰ ਅਗਵਾ ਕਰਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਅਜੇ ਤੱਕ ਗ੍ਰਿਫਤਾਰ ਕੀਤੇ ਇਕ 48 ਸਾਲਾਂ ਦੇ ਮੈਕਸੀਕਨ ਮੂਲ ਦੇ ਹਸੂਸ ਮੈਨੂਅਲ ਸਲਗਾਡੋ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕੰਮ ਇਕੱਲੇ ਸਲਗਾਡੋ ਦਾ ਨਹੀਂ ਹੈ। ਇਸ ਅਤਿ ਘਿਣਾਉਣੇ ਜੁਰਮ ਵਿਚ ਉਸ ਨਾਲ ਹੋਰ ਲੋਕ ਸ਼ਾਮਲ  ਹੋ ਸਕਦੇ ਹਨ ਜਿਸਦਾ ਕਿ ਪਹਿਲਾਂ ਹੀ ਸ਼ੱਕ ਕੀਤਾ ਜਾ ਰਿਹਾ ਸੀ।

ਮਰਸਡ ਕਾਊਂਟੀ ਦੇ ਸ਼ੈਰਫ ਮੁੱਖੀ ਵੇਰਨ ਵੇਰਨਕੀ ਦਾ ਮੰਨਣਾ ਹੈ ਕਿ ਪੁਲਿਸ ਵੱਲੋਂ ਅਧਿਕਾਰਤ ਤੌਰ 'ਤੇ ਪਰਿਵਾਰ ਦੇ ਲਾਪਤਾ ਹੋਣ ਦੀ ਸੂਚਨਾ ਜਾਰੀ ਕਰਨ ਤੋਂ ਪਹਿਲਾਂ ਹੀ ਉਨਾਂ ਦੀ ਹੱਤਿਆ ਹੋ ਗਈ ਸੀ। ਉਨਾਂ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਜਿਸ ਸਥਾਨ ਤੋਂ ਲਾਸ਼ਾਂ ਮਿਲੀਆਂ ਹਨ, ਉਸ ਜਗਾ 'ਤੇ ਹੀ ਉਨਾਂ ਦੀ ਹੱਤਿਆ ਕੀਤੀ ਗਈ ਹੈ। ਪਰਿਵਾਰ ਦੇ ਜੀਆਂ ਨੂੰ ਮਾਰਨ ਲਈ ਕੀ ਢੰਗ-ਤਰੀਕਾ ਵਰਤਿਆ ਗਿਆ ਇਸ ਬਾਰੇ ਵੀ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸ਼ੈਰਫ ਮੁੱਖੀ ਵਾਰਨਕੇ ਅਨੁਸਾਰ ਸਲਗਾਡੋ ਮੁੱਖ ਦੋਸ਼ੀ ਹੈ ਪਰੰਤੂ ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਪਰਿਵਾਰ ਦੀ ਹੱਤਿਆ ਵਿੱਚ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਹਨ ਜਿਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਸ਼ੈਰਫ ਮੁੱਖੀ ਵੇਰਨ ਵੇਰਨਕੀ ਨੇ ਕਿਹਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਇਸ ਮਾਮਲੇ ਵਿਚ ਇਕ ਤੋਂ ਵਧ ਵਿਅਕਤੀ ਸ਼ਾਮਿਲ ਹਨ ਜਿਨਾਂ  ਨੂੰ ਕਟਹਿਰੇ ਵਿਚ ਖੜਾ ਕੀਤਾ  ਜਾਵੇਗਾ। ਹੱਤਿਆਵਾਂ ਕਿਉਂ ਕੀਤੀਆਂ ਗਈਆਂ, ਇਸ ਬਾਰੇ ਵੀ ਪੁਲਿਸ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਹੱਤਿਆ ਪਿੱਛੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕਾਂ ਵਿਚ 8 ਮਹੀਨੇ ਦੀ ਬੱਚੀ ਅਰੂਹੀ ਢੇਰੀ, ਉਸ ਦੇ ਮਾਤਾ ਪਿਤਾ ਜਸਲੀਨ ਕੌਰ , ਜਸਦੀਪ ਸਿੰਘ ਤੇ ਤਾਇਆ ਅਮਨਦੀਪ ਸਿੰਘ ਸ਼ਾਮਿਲ ਹੈ ਜਿਨਾਂ ਦੀਆਂ ਲਾਸ਼ਾਂ ਬੀਤੇ ਦਿਨ ਪੁਲਿਸ ਨੇ ਬਰਾਮਦ ਕਰ ਲਈਆਂ ਸਨ।

ਇਥੇ ਜਿਕਰਯੋਗ ਹੈ ਗ੍ਰਿਫਤਾਰ ਸਲਗਾਡੋ ਪਹਿਲਾਂ ਇਕ ਦਹਾਕਾ ਤੋਂ ਵਧ ਸਮਾਂ ਜੇਲ ਵਿਚ ਰਹਿ ਚੁੱਕਾ ਹੈ ਉਹ ਵੀ ਅਗਵਾ ਦਾ ਹੀ ਕੇਸ ਸੀ । ਜਨਵਰੀ 2007 ਵਿਚ ਉਸ ਨੂੰ ਇਕ ਮਾਮਲੇ ਵਿਚ 11 ਸਾਲ ਦੀ ਸਜ਼ਾ ਹੋਈ ਸੀ। ਜੂਨ 2015 ਵਿਚ ਉਹ ਪੈਰੋਲ ਉਪਰ ਰਿਹਾਅ ਹੋਇਆ ਸੀ। ਪੈਰੋਲ ਸੁਪਰਵੀਜ਼ਨ ਸਮਾਂ ਜੂਨ 2018 ਵਿਚ ਸਮਾਪਤ ਹੋਇਆ ਸੀ।
ਦੂਸਰੇ ਪਾਸੇ ਇਸ ਸਦਮੇ ਤੋਂ ਸਹਿਮੇ ਹੋਏ ਪੰਜਾਬੀ ਭਾਈਚਾਰੇ ਵਲੋਂ ਸ਼ੁਕਰਵਾਰ ਤੇ ਸ਼ਨੀਵਾਰ ਨੂੰ ਮਰਸਿਡ, ਸਟਾਕਟਨ, ਸੈਕਰਾਮੈਂਟੋ ਤੇ ਹੋਰ ਵੱਖ ਵੱਖ ਥਾਵਾਂ ਤੇ ਸ਼ੋਕ ਸਭਾਵਾਂ ਤੋਂ ਇਲਾਵਾ ਕੈਂਡਲ ਵਿਜ਼ਲ ਕੀਤੇ ਜਾ ਰਹੇ ਹਨ, ਸ਼ਨੀਵਾਰ ਨੂੰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਕੈਪੀਟਲ ਭਾਵ ਗਵਰਨਰ ਹਾਊਸ ਅੱਗੇ ਕੈਂਡਲ ਵਿਜ਼ਲ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੈਕਰਾਮੈਂਟੋ ਮੇਅਰ, ਅਸੈਂਬਲੀਮੈਨ, ਕਾਂਗਰਸਮੈਂਨ ਤੇ ਸੈਨੇਟਰ ਤੋਂ ਇਲਾਵਾ ਸਿੱਖ ਭਾਈਚਾਰਾ ਸਮੂਲੀਅਤ ਕਰ ਰਿਹਾ ਹੈ।