ਲੋਵਾ ਵਿਚ ਇਕ ਹਾਈ ਸਕੂਲ ਦੇ ਬਾਹਰ ਹੋਈ ਗੋਲੀਬਾਰੀ ਵਿਚ ਇਕ ਮੌਤ ਦੋ ਗੰਭੀਰ ਜ਼ਖਮੀ

ਲੋਵਾ ਵਿਚ ਇਕ ਹਾਈ ਸਕੂਲ ਦੇ ਬਾਹਰ ਹੋਈ ਗੋਲੀਬਾਰੀ ਵਿਚ ਇਕ ਮੌਤ ਦੋ ਗੰਭੀਰ ਜ਼ਖਮੀ
ਕੈਪਸ਼ਨ : ਲੋਵਾ ਵਿਚ ਇਕ ਸਕੂਲ ਦੇ ਬਾਹਰ ਚੱਲੀਆਂ ਗੋਲੀਆਂ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ ਜਾਇਜ਼ਾ ਲੈਂਦੀ ਹੋਈ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 8 ਮਾਰਚ (ਹੁਸਨ ਲੜੋਆ ਬੰਗਾ)  ਡੇਸ ਮੋਇਨਸ, ਲੋਵਾ ਦੇ ਇਕ ਹਾਈ ਸਕੂਲ ਦੇ ਬਾਹਰਵਾਰ ਚੱਲੀਆਂ ਗੋਲੀਆਂ ਵੱਜਣ ਨਾਲ ਇਕ ਨਬਾਲਗ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ ਜਿਨਾਂ ਦੀ ਹਾਲਤ ਨਾਜ਼ਕ ਹੈ। ਡੇਸ ਮੋਇਨਸ ਅੱਗ ਬੁਝਾਊ ਵਿਭਾਗ ਦੇ ਬੁਲਾਰੇ ਅਹਮੈਨ ਡੌਗਲਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮਾਰੇ ਗਏ ਨਬਾਲਗ ਦੀ ਉਮਰ 15 ਸਾਲ ਹੈ ਜਦ ਕਿ ਬਾਕੀ ਦੇ ਜ਼ਖਮੀਆਂ ਵਿਚ 16 ਤੇ 18 ਸਾਲ ਦੀਆਂ ਲੜਕੀਆਂ ਸ਼ਾਮਿਲ ਹਨ ਜੋ ਇਸ ਵੇਲੇ ਹਸਪਤਾਲ ਵਿਚ ਜੇੇਰੇ ਇਲਾਜ ਹਨ। ਪ੍ਰਾਪਤ ਵੇਰਵੇ ਅਨੁਸਾਰ ਗੋਲੀ ਚੱਲਣ ਦੀ ਘਟਨਾ ਈਸਟ ਹਾਈ ਸਕੂਲ ਕੈਂਪਸ ਦੇ ਬਾਹਰਵਾਰ ਦੁਪਹਿਰ ਬਾਅਦ 3 ਵਜੇ ਤੋਂ ਪਹਿਲਾਂ ਵਾਪਰੀ ਜਿਥੇ ਜਮੀਨ ਉਪਰ ਖੂਨ ਦੇ ਧੱਬੇ ਜਗਾ-ਜਗਾ ਜੰਮੇ ਹੋਏ ਸਨ। ਪੁਲਿਸ ਅਧਿਕਾਰੀਆਂ ਦਾ ਵਿਸ਼ਵਾਸ਼ ਹੈ ਕਿ ਗੋਲੀਆਂ ਸਕੂਲ ਕੋਲੋਂ ਲੰਘੇ ਕਿਸੇ ਵਾਹਣ ਵਿਚੋਂ ਚੱਲੀਆਂ ਹਨ। ਮੌਕੇ ਤੋਂ ਖਾਲੀ ਕਾਰਤੂਸ ਬਰਾਮਦ ਹੋਏ ਹਨ। ਅਜੇ ਇਹ ਨਹੀਂ ਦੱਸਿਆ ਕਿ ਪੀੜਤ ਸਕੂਲ ਦੇ ਵਿਦਿਆਰਥੀ ਹਨ ਜਾਂ ਕਿਤਿਉਂ ਬਾਹਰੋਂ ਆਏ ਸਨ। ਸਕੂਲ ਦੇ ਪ੍ਰਿੰਸੀਪਲ  ਜਿਲ ਵਰਸਟੀਜ ਨੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ''ਇਹ ਹਰ ਇਕ ਲਈ ਇਕ ਭਿਆਨਕ ਸਪਨੇ ਦੀ ਤਰਾਂ ਹੈ। ਅੱਜ ਦੀ ਰਾਤ ਆਪਣੇ ਬੱਚਿਆਂ ਨੂੰ ਜਫੀ ਵਿਚ ਲੈ ਕੇ ਪਿਆਰ ਕਰੋ।'' ਪੁਲਿਸ ਨੇ ਮੌਕੇ ਉਪਰ ਪੁੱਜ ਕੇ ਸਥਿੱਤੀ ਦਾ ਜਾਇਜਾ ਲਿਆ ਤੇ ਕਿਹਾ ਹੈ ਕਿ ਜਾਂਚ ਉਪਰੰਤ ਹੀ ਘਟਨਾ ਬਾਰੇ ਕੁਝ ਕਿਹਾ ਜਾਵੇਗਾ।