ਅਮਰੀਕਾ ਦੇ ਅੱਧੇ ਰਾਜਾਂ ਵਿਚ ਵਧ ਰਹੇ ਹਨ ਕੋਵਿਡ ਮਾਮਲੇ,ਨਿਊਯਾਰਕ ਵਿਚ ਕੋਵਿਡ ਮਾਮਲੇ ਵਧਣ ਦਾ ਰਿਕਾਰਡ ਟੁੱਟਾ

ਅਮਰੀਕਾ ਦੇ ਅੱਧੇ ਰਾਜਾਂ ਵਿਚ ਵਧ ਰਹੇ ਹਨ ਕੋਵਿਡ ਮਾਮਲੇ,ਨਿਊਯਾਰਕ ਵਿਚ ਕੋਵਿਡ ਮਾਮਲੇ ਵਧਣ ਦਾ ਰਿਕਾਰਡ ਟੁੱਟਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਅੱਧੇ ਰਾਜਾਂ ਵਿਚ ਕੋਵਿਡ-19 ਮਾਮਲੇ ਵਧ ਰਹੇ ਹਨ ਜਦ ਕਿ ਨਿਊਯਾਰਕ ਵਿਚ ਕੋਵਿਡ-19 ਮਾਮਲਿਆਂ ਵਿਚ ਰਿਕਾਰਡ ਵਾਧਾ ਹੋਇਆ ਹੈ। ਲੰਘੇ ਦਿਨ ਨਿਊਯਾਰਕ ਰਾਜ ਵਿਚ 21000 ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ ਜੋ ਕਿ ਵੱਡੀ ਪੱਧਰ ਉਪਰ ਟੈਸਟਿੰਗ ਸ਼ੁਰੂ ਹੋਣ ਤੋਂ ਬਾਅਦ ਤਕਰੀਬਨ ਇਕ ਸਾਲ ਦੌਰਾਨ ਇਕ ਦਿਨ ਵਿਚ ਆਏ ਸਭ ਤੋਂ ਵਧ ਮਾਮਲੇ ਹਨ। ਇਸ ਤੋਂ ਪਹਿਲਾਂ 14 ਜਨਵਰੀ 2021 ਨੂੰ ਰਾਜ ਵਿਚ ਤਕਰੀਬਨ 20000 ਟੈਸਟ ਪਾਜ਼ੇਟਿਵ ਆਏ ਸਨ। ਨਿਊਯਾਰਕ ਸ਼ਹਿਰ ਵਿਚ ਵੀ ਮਾਮਲੇ ਵਧ ਰਹੇ ਹਨ। ਇਸ ਸ਼ਨੀਵਾਰ ਸ਼ਹਿਰ ਵਿਚ 5000 ਤੋਂ ਵਧ ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ ਜਿਨ੍ਹਾਂ ਵਿਚੋਂ 200 ਤੋਂ ਵਧ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਸ਼ਹਿਰ ਦੇ ਮੇਅਰ ਬਿਲ ਡੀ ਬਲਾਸਿਓ ਨੇ ਕਿਹਾ ਹੈ ਕਿ ਇਸ ਸਾਲ ਅਕਤੂਬਰ ਤੋਂ ਬਾਅਦ ਕੋਵਿਡ ਮਾਮਲਿਆਂ ਵਿਚ ਵਾਧਾ ਹੋਇਆ ਹੈ। ਅਕਤੂਬਰ ਦੇ ਆਖਿਰ ਵਿਚ ਸ਼ਹਿਰ ਵਿੱਚ ਪ੍ਰਤੀ ਦਿਨ 1000 ਤੋਂ ਘੱਟ ਮਾਮਲੇ ਆਉਂਦੇ ਸਨ ਪਰੰਤੂ ਇਸ ਸਮੇ ਕੋਵਿਡ ਮਾਮਲੇ ਤੇਜੀ ਨਾਲ ਵਧੇ ਹਨ। ਰਾਜ ਦੇ ਪੱਛਮੀ ਹਿੱਸੇ ਵਿਚ ਨਵੇਂ ਮਾਮਲਿਆਂ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਗਵਰਨਰ ਕੈਥੀ ਹੋਚੁਲ ਨੇ ਕਿਹਾ ਹੈ ਕਿ ਹਾਲਾਤ ਤੇਜੀ ਨਾਲ ਬਦਲ ਰਹੇ ਹਨ ਤੇ ਪ੍ਰਤੀ ਦਿਨ ਕੋਵਿਡ ਮਾਮਲੇ ਵਧਣ ਦਾ ਰਿਕਾਰਡ ਟੁੱਟ ਰਿਹਾ ਹੈ। ਜੌਹਨਜ ਹੋਪਕਿੰਜ ਯੁਨੀਵਰਸਿਟੀ ਅਨੁਸਾਰ ਪਿਛਲੇ ਹਫਤੇ ਨਿਊਯਾਰਕ ਵਿਚ ਸਭ ਤੋਂ ਵਧ ਕੋਵਿਡ ਮਾਮਲੇ ਆਏ ਹਨ ਜਦ ਕਿ ਉਹੀਓ ਤੇ ਇਲੀਨੋਇਸ ਕ੍ਰਮਵਾਰ  ਦੂਸਰੇ ਤੇ ਤੀਸਰੇ ਸਥਾਨ 'ਤੇ ਰਹੇ।  ਅਮਰੀਕਾ ਦੇ ਅੱਧੇ ਰਾਜਾਂ ਵਿਚ ਕੋਵਿਡ ਮਾਮਲੇ ਵਧ ਰਹੇ ਹਨ। ਯੁਨੀਵਰਸਿਟੀ ਅਨੁਸਾਰ ਹਵਾਈ, ਵਾਸ਼ਿੰਗਟਨ ਡੀ ਸੀ ਤੇ ਫਲੋਰਿਡਾ ਵਿਚ ਨਵੇਂ ਮਾਮਲੇ ਆਉਣ ਦੀ ਰਫਤਾਰ ਨਿਊਯਾਰਕ ਨਾਲੋਂ ਵੀ ਵਧ ਹੈ।