ਪ੍ਰੋ. ਪੂਰਨ ਸਿੰਘ ਰਚਿਤ 'ਦ ਸਪਰਿਟ ਆਫ਼ ਓਰੀਐਂਟਲ ਪੋਇਟਰੀ' ਦਾ ਨਵ-ਪ੍ਰਕਾਸ਼ਨ ਰਿਲੀਜ਼

ਪ੍ਰੋ. ਪੂਰਨ ਸਿੰਘ ਰਚਿਤ 'ਦ ਸਪਰਿਟ ਆਫ਼ ਓਰੀਐਂਟਲ ਪੋਇਟਰੀ' ਦਾ ਨਵ-ਪ੍ਰਕਾਸ਼ਨ ਰਿਲੀਜ਼

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਨਾਦ ਪ੍ਰਗਾਸੁ (ਯੂ.ਐੱਸ.ਏ.) 'ਸ਼ਬਦ' ਫ਼ਲਸਫ਼ੇ ਨੂੰ ਪ੍ਰਣਾਈ ਖੋਜ ਸੰਸਥਾ ਹੈ। ਸ਼ਬਦ ਦੀ ਅਨੁਭਵੀ ਦਾਰਸ਼ਨਿਕਤਾ ਵਿਚੋਂ ਗਿਆਨ-ਸ਼ਾਸਤਰ ਦਾ ਸਿਰਜਣ ਕਰ ਗਿਆਨ ਦੇ ਵਿਭਿੰਨ ਵਿਸ਼ਿਆਂ ਨੂੰ ਮੁੜ ਪ੍ਰੀਭਾਸ਼ਿਤ ਕਰਨਾ ਇਸ ਸੰਸਥਾ ਦਾ ਕਾਰਜ-ਖੇਤਰ ਹੈ। ਇਸ ਕਾਰਜ ਹਿਤ ਖੋਜ, ਸਿਰਜਣਾ, ਸੈਮੀਨਾਰ, ਵਿਚਾਰ-ਗੋਸ਼ਟੀਆਂ, ਪ੍ਰਕਾਸ਼ਨਾ ਆਦਿ ਪਾਸਾਰਾਂ ਨੂੰ ਵਿਵਹਾਰ ਵਿਚ ਲਿਆਉਣਾ ਪ੍ਰਮੁੱਖ ਉਦਮ ਹੋਵੇਗਾ।  ਸੰਸਥਾ ਵੱਲੋਂ ਆਪਣਾ ਪਹਿਲਾ ਪ੍ਰੋਗਰਾਮ ਪਲੀਮਥ (ਮਿਸ਼ੀਗਨ) ਦੇ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਦੀ ਲਾਇਬ੍ਰੇਰੀ ਹਾਲ ਵਿਚ ਕਰਵਾਇਆ ਗਿਆ। ਇਸ ਦੇ ਪਹਿਲੇ ਸੈਸ਼ਨ ਵਿਚ ਸੰਸਥਾ ਵੱਲੋਂ ਪ੍ਰੋ. ਪੂਰਨ ਸਿੰਘ ਰਚਿਤ ਪੁਸਤਕ 'ਦ ਸਪਿਰਟ ਆਫ਼ ਓਰੀਐਂਟਲ ਪੋਇਟਰੀ' ਦੇ ਨਵ-ਪ੍ਰਕਾਸ਼ਨ ਨੂੰ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਨੂੰ ਮੌਜੂਦਾ ਕਾਵਿ-ਸ਼ਾਸਤਰੀ ਪਾਸਾਰਾਂ ਦੇ ਸੰਦਰਭ ਵਿਚ ਵਾਚਦਿਆਂ, ਇਸ ਦੀ ਖੋਜ ਭਰਪੂਰ ਪ੍ਰਸਤਾਵਨਾ ਅਮਨਦੀਪ ਸਿੰਘ ਨੇ ਲਿਖੀ ਹੈ। ਸੂਖਮ ਅੰਤਰਦ੍ਰਿਸ਼ਟੀ ਵਾਲੇ ਗਿਆਨ ਭਰਪੂਰ ਵਿਖਿਆਨ ਵਿਚ ਉਹਨਾਂ ਕਾਵਿ-ਅਨੁਭਵ, ਕਾਵਿ-ਅਨੁਭੂਤੀ ਦੇ ਵਰਗੀਕਰਨ, ਪੁਸਤਕ ਦੇ ਰਚੇ ਜਾਣ ਦੇ ਸੰਦਰਭ, ਗਿਆਨ-ਸੰਵਾਦ ਦੇ ਪਿਛੋਕੜ ਆਦਿ ਨੂੰ ਨਿਸਚਿਤ ਕਰ ਪੁਸਤਕ ਦੀਆਂ ਦਿਸ਼ਾਵਾਂ ਤੇ ਪ੍ਰਾਪਤੀਆਂ ਨੂੰ ਸਥਾਪਿਤ ਕੀਤਾ ਹੈ। ਵਿਖਿਆਨ ਮਗਰੋਂ ਸ਼੍ਰੋਤਾਗਨ ਵੱਲੋਂ ਸੁਆਲ-ਜਵਾਬ ਦਾ ਉਤਰ ਦੇਂਦਿਆਂ ਅਮਨਦੀਪ ਸਿੰਘ ਨੇ ਇਸ ਪੁਸਤਕ ਦੇ ਹੋਰ ਪਾਸਾਰਾਂ 'ਤੇ ਹਵਾਲਿਆਂ ਰਾਹੀਂ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਇਸ ਸੈਸ਼ਨ ਦੇ ਅਗਲੇ ਪੜਾਅ 'ਤੇ ਨਾਦ ਪ੍ਰਗਾਸੁ (ਸ੍ਰੀ ਅੰਮ੍ਰਿਤਸਰ) ਤੋਂ ਆਏ ਪ੍ਰੋ. ਜਗਦੀਸ਼ ਸਿੰਘ ਨੇ 'ਸ਼ਬਦ' ਦੇ ਸਹਜ-ਸ਼ਾਸਤਰ ਦੀ ਪਹਿਚਾਣ ਨੂੰ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਦੱਸਿਆ। ਉਹਨਾਂ ਦੱਸਿਆ ਕਿ ਸੁਹਜ-ਸ਼ਾਸਤਰ ਤੋਂ ਬਗ਼ੈਰ ਕੋਈ ਵੀ ਤਹਿਜ਼ੀਬ ਆਪਣੀ ਪਦਾਰਥਿਕਤਾ, ਦੇਹ, ਮਨ, ਭਾਵ ਜਗਤ, ਪ੍ਰਤੀਕ ਵਿਧਾਨ, ਇਤਿਹਾਸ, ਰਾਜਨੀਤੀ ਸਥਾਪਿਤ ਨਹੀਂ ਕਰ ਸਕਦੀ। ਉਹਨਾਂ ਸਾਹਿਤ ਦੀਆਂ ਸਭ ਪ੍ਰਵਿਤ੍ਰੀਆਂ ਦੀ ਪ੍ਰਵਾਨਗੀ ਨੂੰ ਕਬੂਲਦੇ ਹੋਏ ਉਹਨਾਂ ਅੰਦਰ ਸੱਚ ਦੇ ਪਾਸਾਰਾਂ ਦੀ ਅਕਾਸ਼ੀ-ਗਤੀ ਦੇ ਮੰਡਲਾਂ ਵਿਚ ਵੱਖਰਤਾ ਅਤੇ ਸੰਵਾਦ ਨੂੰ ਸ਼ਬਦ ਵਿੱਚੋਂ ਉਪਜਦੇ ਕਾਵਿ-ਸ਼ਾਸਤਰ ਦਾ ਅਹਿਮ ਪਹਿਲੂ ਦੱਸਿਆ। ਇਸ ਪੁਸਤਕ ਦੀਆਂ ਪ੍ਰੇਰਨਾਵਾਂ, 'ਦ ਸਪਿਰਟ ਆਫ਼ ਜੈਪਨੀਜ਼ ਪੋਇਟਰੀ, ਦ ਸਪਿਰਟ ਆਫ਼ ਜੈਪਨੀਜ਼ ਆਰਟ (ਯੇਨ ਨਗੂਚੀ) ਅਤੇ 'ਦ ਆਡੀਅਲ ਆਫ਼ ਦਾ ਈਸਟ (ਓਕਾਕੂਰਾ) ਸਮਕਾਲੀ ਯਤਨਾਂ (ਮੁਕੱਦਮਾ-ਏ ਸ਼ਿਅਰੋ-ਸ਼ਾਇਰੀ (ਹਾਲੀ), ਕਿਰਏਟਿਵ ਯੁਨੀਟੀ (ਟੈਗੋਰ), ਫਿਉਚਰ ਪੋੋਇਟਰੀ (ਸ੍ਰੀ ਅਰਬਿੰਦੂ)] ਨਾਲ ਤੁਲਨਾ ਵਿਚ ਪੇਸ਼ ਕਰ ਇਸ ਪੁਸਤਕ ਰਾਹੀਂ ਤਲਾਸ਼ ਕੀਤੇ ਜਾ ਰਹੇ ਮੂਲ ਕਾਵਿ-ਸ਼ਾਸਤਰੀ ਸੁਆਲ ਤੇ ਸੰਗਠਨ ਦੀ ਚਰਚਾ ਕੀਤੀ। ਉਹਨਾਂ ਇਸ ਪੁਸਤਕ ਦੀ ਰਸ਼ਕ ਕਰਨ ਯੋਗ ਪ੍ਰਾਪਤੀ ਤੇ ਵਿਸ਼ਵ-ਵਿਆਪੀ ਪਾਸਾਰ ਤੱਕ ਪਹੁੰਚ ਕਰਨ ਦੀ ਤਰਲ ਸੰਗੀਤਕ ਵਿਧੀ ਨੂੰ, ਨਾਮ-ਵਿਸ਼ਵਵਿਆਪਕਤਾ ਅਤੇ ਸ਼ਬਦ-ਬ੍ਰਹਿਮੰਡਤਾ ਦੇ ਪਾਰਦਰਸ਼ੀ ਪਲਟਾਓ-ਵਿਧਾਨ ਦੀ ਬਖਸ਼ਿਸ਼ ਤਸਲੀਮ ਕੀਤਾ।

ਇਸ ਪ੍ਰੋਗਰਾਮ ਦਾ ਦੂਜਾ ਅਹਿਮ ਹਿੱਸਾ ਕਵੀ ਦਰਬਾਰ ਸੀ। ਇਸ ਦੋ-ਭਾਸ਼ੀ (ਪੰਜਾਬੀ ਤੇ ਅੰਗਰੇਜ਼ੀ) ਕਵੀ ਦਰਬਾਰ ਵਿਚ ਸੀਨੀਅਰ ਕਵੀਆਂ/ਕਵਿਤਰੀਆਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਬ੍ਰੈਮਪਟਨ (ਕਨੇਡਾ) ਤੋਂ ਬਲਬੀਰ ਸਿੰਘ, ਸ਼ਿਕਾਗੋ ਤੋਂ ਸੁਰਖ਼ਾਬ ਕੌਰ ਅਤੇ ਪੰਜਾਬ ਤੋਂ ਪ੍ਰੋ. ਜਗਦੀਸ਼ ਸਿੰਘ ਨੇ ਸ਼ਿਰਕਤ ਕੀਤੀ। ਸੀਨੀਅਰ ਕਵੀ ਮਨਜੀਤ ਸਿੰਘ ਗਿੱਲ ਦੀ ਛੇਵੀਂ ਕਾਵਿ ਪੁਸਤਕ 'ਜੀਵਨ ਇਕ ਵੰਗਾਰ' ਦੇ ਰਿਲੀਜ਼ ਕਰਨ ਨਾਲ ਇਸ ਕਵੀ ਦਰਬਾਰ ਦਾ ਆਰੰਭ ਹੋਇਆ। ਇਸ ਕਵੀ ਦਰਬਾਰ ਨੂੰ ਮਨਜੀਤ ਸਿੰਘ ਗਿੱਲ, ਗੁਰਮੀਤ ਸੰਧੂ, ਸਤਪਾਲ ਗੋਇਲ, ਬਲਬੀਰ ਸਿੰਘ, ਰੇਸ਼ਮ ਸਿੰਘ ਸੈਣੀ, ਰਾਜ ਸੰਧੂ, ਸੁਰਖ਼ਾਬ ਕੌਰ, ਹਰਜੋਤ ਕੌਰ, ਅਮਨਦੀਪ ਸਿੰਘ ਤੇ ਪ੍ਰੋ. ਜਗਦੀਸ਼ ਸਿੰਘ ਨੇ ਆਪਣੀਆਂ ਕਵਿਤਾਵਾਂ ਨਾਲ ਜ਼ੈਬਾਈ ਅਤਾ ਕੀਤੀ। ਪ੍ਰੋਗਰਾਮ ਦੀ ਸੰਚਾਲਨ ਕਰ ਰਹੇ ਹਰਜੋਤ ਕੌਰ ਨੇ ਆਪਣੀ ਲਤਾਫ਼ਤ, ਸੰਵੇਦਨੀ ਕੋਮਲਤਾ, ਸੂਝਵਾਨ ਟਿੱਪਣੀਆਂ ਨਾਲ ਪ੍ਰੋਗਰਾਮ ਨੂੰ ਉਚੇਰਾ ਮੁਕਾਮ ਦੇਣ ਵਿਚ ਅਹਿਮ-ਰੋਲ ਅਦਾ ਕੀਤਾ। । ਗੁਰਦੁਆਰਾ ਕਮੇਟੀ ਦੇ ਸਹਿਯੋਗ ਨੇ ਇਸ ਪ੍ਰੋਗਰਾਮ ਦੀ ਰਵਾਨਗੀ ਅਤੇ ਅਸਥਾਨ ਦੀ ਪਵਿੱਤਰ ਛੁਹ ਨੇ ਦੈਵੀ ਸਲੀਕੇ ਦਾ ਮਾਹੌਲ ਬਣਾਈ ਰੱਖਿਆ।