ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਨੂੰ ਵੀਜ਼ਾ ਘੁਟਾਲੇ ਵਿਚ 15 ਮਹੀਨਿਆਂ ਦੀ ਸਜ਼ਾ

ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਨੂੰ ਵੀਜ਼ਾ ਘੁਟਾਲੇ ਵਿਚ 15 ਮਹੀਨਿਆਂ ਦੀ ਸਜ਼ਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਸਨੀਵੇਲ (ਕੈਲੀਫੋਰਨੀਆ) ਵਾਸੀ ਭਾਰਤੀ ਮੂਲ ਦੇ ਇਕ ਅਮਰੀਕੀ ਕਾਰੋਬਾਰੀ ਕਿਸ਼ੋਰ ਕੁਮਾਰ ਕਾਵੂਰੂ ਨੂੰ ਇਕ ਸੰਘੀ ਅਦਾਲਤ ਨੇ ਵੀਜ਼ਾ ਘੁਟਾਲੇ ਦੇ ਮਾਮਲੇ ਵਿਚ 15 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਕਾਰਜਕਾਰੀ ਅਟਾਰਨੀ ਸਟੈਫਾਈਨ ਐਮ ਹਿੰਡਸ ਨੇ ਦਿੰਦਿਆਂ ਕਿਹਾ ਹੈ ਕਿ  ਕਾਵੂਰੂ ਨੇ ਵਿਦੇਸ਼ੀ ਵਰਕਰ ਵੀਜ਼ੇ ਹਾਸਲ ਕਰਨ ਲਈ ਗਲਤ ਜਾਣਕਾਰੀ ਦੇ ਕੇ ਲੱਖਾਂ ਡਾਲਰ ਕਮਾਏ। ਨਿਆਂ ਵਿਭਾਗ ਵੱਲੋਂ ਜਾਰੀ ਪ੍ਰੈਸ ਰਲੀਜ ਅਨੁਸਾਰ  49 ਸਾਲਾ ਕਾਵੂਰੂ ਨੂੰ ਸਜ਼ਾ ਯੂ ਐਸ ਡਿਸਟ੍ਰਿਕਟ ਜੱਜ ਐਡਵਰਡ ਜੇ ਡਾਵਿਲਾ ਨੇ ਸੁਣਾਈ। ਕਾਵੂਰੂ ਨੇ ਦਾਅਵਾ ਕੀਤਾ ਸੀ ਕਿ ਉਹ 4 ਕੰਪਨੀਆਂ ਦਾ ਮਾਲਕ ਤੇ ਸੀ ਈ ਓ ਹੈ। ਉਸ ਦੀਆਂ ਕੰਪਨੀਆਂ ਵਿਦੇਸ਼ੀ ਹੁਨਰਮੰਦ ਵਰਕਰਾਂ ਲਈ ਐਚ-1ਬੀ ਵੀਜ਼ਾ ਹਾਸਲ ਕਰਨ ਵਿਚ ਮਾਹਿਰ ਹਨ ਤੇ ਇਨ੍ਹਾਂ ਵਰਕਰਾਂ ਨੂੰ ਅਮਰੀਕਾ ਦੀਆਂ ਤਕਨੀਕੀ ਫਰਮਾਂ ਵਿਚ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ।

ਕਾਵੂਰੂ ਨੇ ਮੰਨਿਆਂ ਕਿ ਉਸ ਨੇ 2009 ਤੋਂ 2017 ਤੱਕ ਗਲਤ ਤੇ ਝੂਠੀ ਜਾਣਕਾਰੀ ਦੇ ਆਧਾਰ 'ਤੇ ਸਰਕਾਰੀ ਏਜੰਸੀਆਂ ਤੋਂ ਐਚ - 1 ਬੀ ਵੀਜ਼ਾ ਲੈਣ ਦੀ ਸਕੀਮ ਉਪਰ ਕੰਮ ਕੀਤਾ। ਕਾਵੂਰੂ ਨੇ ਮੰਨਿਆ ਕਿ ਉਸ ਨੇ ਐਚ-1 ਬੀ ਵੀਜ਼ਾ ਦਰਖਾਸਤਾਂ ਦਾਇਰ ਕਰਨ ਦੇ ਬਦਲੇ ਵਿਦੇਸ਼ੀ ਹੁਨਰਮੰਦ ਵਰਕਰਾਂ ਕੋਲੋਂ ਹਜਾਰਾਂ ਡਾਲਰ ਲਏ ਜੋ ਕਿ ਅਮਰੀਕਾ ਦੇ ਕਿਰਤ ਨਿਯਮਾਂ ਦੀ ਉਲੰਘਣਾ ਹੈ। ਉਸ ਨੇ ਗਲਤ ਢੰਗ ਤਰੀਕੇ ਨਾਲ 15 ਲੱਖ ਡਾਲਰ ਤੋਂ ਵਧ ਕਮਾਏ। ਜੱਜ ਨੇ ਉਸ ਨੂੰ 5,33,350.03 ਡਾਲਰਾਂ ਦਾ ਜੁਰਮਾਨਾ ਵੀ ਲਾਇਆ ਹੈ। ਇਸ ਤੋਂ ਇਲਾਵਾ ਸਜ਼ਾ ਭੁਗਤਣ ਉਪਰੰਤ ਉਸ ਉਪਰ 3 ਸਾਲ ਨਜਰ ਰਖੀ ਜਾਵੇਗੀ। ਕਾਵੂਰੂ ਸਜ਼ਾ ਭੁਗਤਣ ਲਈ 10 ਫਰਵਰੀ,2022 ਨੂੰ ਆਤਮ ਸਮਰਪਣ ਕਰੇਗਾ।