ਅਮਰੀਕਾ ਦੇ ਇਕ ਸਟੋਰ ਵਿਚ ਵੜ੍ਹ ਕੇ ਲੁਟੇਰੇ ਇਕ ਲੱਖ ਡਾਲਰ ਤੋਂ ਵਧ ਦਾ ਸਮਾਨ ਲੁੱਟ ਕੇ ਹੋਏ ਫਰਾਰ

ਅਮਰੀਕਾ ਦੇ ਇਕ ਸਟੋਰ ਵਿਚ ਵੜ੍ਹ ਕੇ ਲੁਟੇਰੇ ਇਕ ਲੱਖ ਡਾਲਰ ਤੋਂ ਵਧ ਦਾ ਸਮਾਨ ਲੁੱਟ ਕੇ ਹੋਏ ਫਰਾਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਓਕ ਬਰੁੱਕ , ਲੀਨੋਇਸ ਵਿਚ ਇਕ ਸਟੋਰ ਵਿਚ ਜਬਰਦਸਤੀ ਵੜ੍ਹ ਕੇ ਲੁਟੇਰੇ ਇਕ ਲੱਖ ਡਾਲਰ ਤੋਂ ਵਧ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ। ਲੁੱਟਮਾਰ ਦੀ ਇਹ ਘਟਨਾ ਓਕ ਬਰੁੱਕ ਦੇ ਲੋਇਸ ਵੂਇਟਨ ਸਟੋਰ ਵਿਚ ਵਾਪਰੀ। ਓਕ ਬਰੁੱਕ ਪੁਲਿਸ ਵਿਭਾਗ ਅਨੁਸਾਰ  ਲੁਟੇਰਿਆਂ ਦੀ ਗਿਣਤੀ ਘੱਟੋ ਘੱਟ 14 ਸੀ ਜਿਨ੍ਹਾਂ ਨੇ ਸਟੋਰ ਵਿਚ ਧੱਕੇ ਨਾਲ ਦਾਖਲ ਹੋ ਕੇ ਕੂੜੇ ਕਰਕਟ ਵਾਲੀਆਂ ਬੋਰੀਆਂ ਚੁੱਕੀਆਂ ਤੇ ਉਨ੍ਹਾਂ ਵਿਚ ਸਮਾਨ ਭਰ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਸਟੋਰ ਦੇ ਪ੍ਰਬੰਧਕਾਂ ਕੋਲੋਂ ਲਈ ਗਈ ਵੀਡੀਓ ਵਿਚ ਲੁੱਟਮਾਰ ਦੀ ਪੂਰੀ ਘਟਨਾ ਰਿਕਾਰਡ ਹੈ। ਲੁਟੇਰਿਆਂ ਨੇ ਮੂੰਹ ਬੰਨ੍ਹੇ ਹੋਏ ਸਨ । ਜਦੋਂ ਉਹ ਸਟੋਰ ਵਿਚ ਦਾਖਲ ਹੋਏ ਤਾਂ ਦੂਸਰੇ ਗਾਹਕ ਹਫੜਾ ਦਫੜੀ ਵਿਚ ਬਾਹਰ ਨਿਕਲ ਗਏ। ਪੁਲਿਸ ਮੁੱਖੀ ਜੇਮਜ ਕਰੂਜਰ ਅਨੁਸਾਰ ਲੁਟੇਰੇ ਤਿੰਨ ਗੱਡੀਆਂ ਵਿਚ ਸਵਾਰ ਸਨ ਤੇ ਲੁੱਟਮਾਰ ਕਰਨ ਤੋਂ ਬਾਅਦ ਇਨ੍ਹਾਂ ਗੱਡੀਆਂ ਵਿਚ ਸਮਾਨ ਨਾਲ ਭਰੀਆਂ ਬੋਰੀਆਂ ਲੱਦ ਕੇ ਫਰਾਰ ਹੋ ਗਏ। ਓਕ ਬਰੁੱਕ ਸ਼ਿਕਾਗੋ ਦੇ ਪੱਛਮ ਵਿਚ ਤਕਰੀਬਨ 25 ਮੀਲ ਦੂਰ ਸਥਿੱਤ ਹੈ। ਕਰੂਜਰ ਨੇ ਕਿਹਾ ਹੈ ਕਿ ਉਹ ਵੀਡੀਓ ਤੇ ਹੋਰ ਲੋਕਾਂ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਸ਼ੱਕੀ ਦੋਸ਼ੀਆਂ ਦੀ ਪਛਾਣ ਕਰਨ ਦਾ ਯਤਨ ਕਰ ਰਹੇ ਹਨ।