ਓਰਗੋਨ ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਗੈਰ ਕਾਨੂੰਨੀ ਭੰਗ ਬਰਾਮਦ

ਓਰਗੋਨ ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਗੈਰ ਕਾਨੂੰਨੀ ਭੰਗ ਬਰਾਮਦ
ਕੈਪਸ਼ਨ : ਇਕ ਗੁਦਾਮ ਵਿਚ ਨਜਰ ਆ ਰਹੀ ਭੰਗ ਦੀ ਗੈਰ ਕਾਨੂੰਨੀ ਖੇਤੀ

* ਬਰਾਮਦ ਭੰਗ ਦੀ ਕੀਮਤ 50 ਕਰੋੜ ਡਾਲਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ(ਹੁਸਨ ਲੜੋਆ ਬੰਗਾ)-ਓਰਗੋਨ ਰਾਜ ਵਿਚ ਮੈਡਫੋਰਡ ਦੇ ਬਾਹਰਵਾਰ ਪੁਲਿਸ ਨੇ ਇਕ ਛਾਪੇਮਾਰੀ ਦੌਰਾਨ 22 ਕੁਇੰਟਲ ਤੋਂ ਵਧ ਗੈਰ ਕਾਨੂੰਨੀ ਭੰਗ ਬਰਾਮਦ ਕੀਤੀ ਹੈ ਜਿਸ ਦੀ ਅਨੁਮਾਨਤ ਬਜਾਰੀ ਕੀਮਤ 50 ਕਰੋੜ ਡਾਲਰ ਬਣਦੀ ਹੈ। ਪੁਲਿਸ ਨੇ ਕਿਹਾ ਹੈ ਕਿ ਜਦੋਂ ਕਾਨੂੰਨੀ ਤੌਰ 'ਤੇ  ਪੂਰੇ ਅਮਰੀਕਾ ਵਿਚ ਭੰਗ ਦੀ ਵਿਕਰੀ ਵਧ ਰਹੀ ਹੈ ਤਦ ਇਸ ਦਰਮਿਆਨ ਇਹ ਵੱਡੀ ਬਰਾਮਦਗੀ ਕੀਤੀ ਗਈ ਹੈ।  ਓਰਗੋਨ ਸਟੇਟ ਪੁਲਿਸ ਦੀ ਦੱਖਣ ਪੱਛਮੀ ਡਰੱਗ ਇਨਫੋਰਸਮੈਂਟ ਟੀਮ ਨੇ ਤਲਾਸ਼ੀ ਵਾਰੰਟਾਂ ਉਪਰ ਕਾਰਵਾਈ ਕਰਦਿਆਂ 5 ਸਨਅਤੀ ਆਕਾਰ ਦੇ ਗੁਦਾਮਾਂ ਦੀ ਤਲਾਸ਼ੀ ਲਈ ਜਿਸ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਵੱਡੀ ਪੱਧਰ ਉਪਰ ਕੀਤੀ ਭੰਗ ਦੀ ਖੇਤੀ ਮਿਲੀ। ਬਿਨਾਂ ਲਾਇਸੰਸ ਦੇ ਏਨੀ ਵੱਡੀ ਪੱਧਰ ਉਪਰ ਖੇਤੀ ਕਰਨਾ ਗੈਰ ਕਾਨੂੰਨੀ ਹੈ। ਪੁਲਿਸ ਨੇ ਲਗਾਤਾਰ ਦੋ ਦਿਨ ਦੌਰਾਨ ਛਾਪੇਮਾਰੀ ਕੀਤੀ ਜਿਸ ਦੌਰਾਨ ਇਕ ਗੰਨ ਵੀ ਬਰਾਮਦ ਹੋਈ ਹੈ। ਇਥੇ ਜਿਕਰਯੋਗ ਹੈ ਕਿ ਓਰਗੋਨ ਰਾਜ ਦੇ ਕਾਨੂੰਨ ਅਨੁਸਾਰ 21 ਸਾਲ ਤੇ ਇਸ ਤੋਂ ਵਧ ਉਮਰ ਦਾ ਬਾਲਗ ਇਕ ਨਿਸ਼ਚਤ ਮਾਤਰਾ ਵਿਚ ਭੰਗ ਦੀ ਵਰਤੋਂ ਕਰ ਸਕਦਾ ਹੈ ਪਰੰਤੂ ਭੰਗ ਦੀ ਵੱਡੀ ਪੱਧਰ ਉਪਰ ਖੇਤੀ ਕਰਨੀ ਗੈਰ ਕਾਨੂੰਨੀ ਹੈ। ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਛਾਪੇਮਾਰੀ ਦੌਰਾਨ ਹਿਰਾਸਤ ਵਿਚ ਲਏ ਪ੍ਰਵਾਸੀ ਕਾਮੇ ਸਨ ਜੋ ਉਥੇ ਰਹਿ ਰਹੇ ਸਨ। ਉਨ੍ਹਾਂ ਨੂੰ ਪੁੱਛਗਿੱਛ ਕਰਨ ਉਪੰਰਤ ਛੱਡ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਗੁਦਾਮਾਂ ਵਿਚ ਰਹਿਣ ਦੇ ਹਾਲਾਤ ਬਹੁਤ ਮਾੜੇ ਹਨ ਤੇ ਉਥੇ ਪੀਣ ਲਈ ਤਾਜਾ ਪਾਣੀ ਤੱਕ ਨਹੀਂ ਹੈ। ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਹੋ ਰਹੀ ਹੈ ਜਿਸ ਨੂੰ ਕੁਝ ਹਫਤੇ ਲੱਗ ਸਕਦੇ ਹਨ।