ਕੈਲੀਫੋਰਨੀਆ ਪੁਲਿਸ ਨੂੰ ਲੁੜੀਂਦੇ 16 ਸਾਲ ਤੋਂ ਭਗੌੜੇ ਵਿਅਕਤੀ ਦੀ ਹੋਈ ਮੌਤ

ਕੈਲੀਫੋਰਨੀਆ ਪੁਲਿਸ ਨੂੰ ਲੁੜੀਂਦੇ 16 ਸਾਲ ਤੋਂ ਭਗੌੜੇ ਵਿਅਕਤੀ ਦੀ ਹੋਈ ਮੌਤ
ਕੈਪਸ਼ਨ: ਫਰੈਡਰਿਕ ਮੈਕਲੀਨ ਦੀਆਂ ਵੱਖ ਵੱਖ ਫਾਈਲ ਤਸਵੀਰਾਂ

 ਪੋਸਟ ਮਾਰਟਮ ਤੇ ਉਂਗਲਾਂ ਦੇ ਨਿਸ਼ਾਨਾਂ ਤੋਂ ਹੋਈ ਪਛਾਣ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਗਰੀਨਵਿਲੇ , ਦੱਖਣੀ ਕੈਰੋਲੀਨਾ ਦੇ ਬਾਹਰਵਾਰ ਸੈਨੇਕਾ ਕਸਬੇ ਵਿਚ ਪਿਛਲੇ 16 ਸਾਲਾਂ ਤੋਂ ਜੇਮਜ ਫਿਟਜ਼ਰਾਲਡ ਦੇ  ਨਾਂ ਹੇਠ ਰਹਿ ਰਹੇ ਵਿਅਕਤੀ ਦੀ ਮੌਤ ਤੋਂ ਬਾਅਦ ਪਛਾਣ ਫਰੈਡਰਿਕ ਮੈਕਲੀਨ ਨਾਮੀ ਵਿਅਕਤੀ ਵਜੋਂ ਹੋਈ ਹੈ ਜੋ ਐਫ ਬੀ ਆਈ ਵੱਲੋਂ ਲੋੜੀਂਦੇ ਖਤਰਨਾਕ 15 ਭਗੌੜੇ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਸੀ। ਬੀਤੇ ਦਿਨ ਜਦੋਂ ਇਕ ਗਵਾਂਢੀ 70 ਸਾਲਾ ਜੇਮਜ ਫਿਟਜ਼ਰਾਲਡ ਦਾ ਹਾਲ ਚਾਲ ਜਾਣਨ ਲਈ ਉਸ ਦੇ ਘਰ ਗਿਆ ਤਾਂ ਉਸ ਨੂੰ ਇਕ ਖਰਾਬ ਹਾਲਤ ਵਿਚ ਲਾਸ਼ ਮਿਲੀ।

ਪੁਲਿਸ ਨੇ ਲਾਸ਼ ਦੀ ਪਛਾਣ ਲਈ ਪੋਸਟ ਮਾਰਟਮ ਦੀ ਰਿਪੋਰਟ ਤੇ ਉਂਗਲਾਂ ਦੇ ਨਿਸ਼ਾਨਾਂ ਦੀ ਵਰਤੋਂ ਕੀਤੀ ਜਿਸ ਦੇ ਆਧਾਰ ਉਪਰ ਪਤਾ ਲੱਗਾ ਕਿ ਇਹ ਜੇਮਜ ਫਿਟਜ਼ਰਾਲਡ ਦੀ ਲਾਸ਼ ਨਹੀਂ ਹੈ ਤੇ ਇਹ ਕੋਈ ਸਧਾਰਨ ਵਿਅਕਤੀ ਦੀ ਲਾਸ਼ ਨਹੀਂ ਹੈ ਬਲਕਿ ਇਹ ਲਾਸ਼ ਫਰੈਡਰਿਕ ਮੈਕਲੀਨ ਦੀ ਹੈ ਜਿਸ ਦੀ ਤਲਾਸ਼ ਐਫ ਬੀ ਆਈ ਪਿਛਲੇ 16 ਸਾਲਾਂ ਤੋਂ ਕਰ ਰਹੀ ਹੈ। ਮੈਕਲੀਨ ਕੈਲੀਫੋਰਨੀਆ ਦੇ ਸੈਨ ਡਇਏਗੋ ਪੁਲਿਸ ਵਿਭਾਗ ਨੂੰ ਇਕ ਬੱਚੇ ਤੇ ਬੱਚੀਆਂ ਉਪਰ ਸਰੀਰਕ ਸ਼ੋਸਣ ਦੇ ਮਕਸਦ ਨਾਲ ਹਮਲੇ ਕਰਨ ਦੇ ਮਾਮਲਿਆਂ ਵਿਚ ਲੋੜੀਂਦਾ ਸੀ। ਇਕ ਬੱਚੀ ਨੂੰ ਉਸ ਨੇ 5 ਸਾਲ ਦੀ ਉਮਰ ਵਿਚ ਆਪਣਾ ਸ਼ਿਕਾਰ ਬਣਾਇਆ । ਇਸ ਸਮੇ ਇਹ ਬੱਚੀ ਜਵਾਨ ਹੋ ਚੁੱਕੀ ਹੈ। ਮੈਕਲੀਨ ਦੇ ਗ੍ਰਿਫਤਾਰੀ ਵਾਰੰਟ 2005 ਵਿਚ ਜਾਰੀ ਕੀਤੇ ਗਏ ਸਨ ਤੇ 2006 ਵਿਚ ਉਸ  ਨੂੰ ਭਗੌੜੇ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਸੀ। ਯੂ ਐਸ ਮਾਰਸ਼ਲ ਸੇਵਾ ਦੇ  ਮੁੱਖੀ ਰੋਨਾਲਡ ਡੇਵਿਸ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਭਾਵੇਂ ਫਰੈਡਰਿਕ ਮੈਕਲੀਨ ਦੀ ਤਲਾਸ਼ ਖਤਮ ਹੋ ਗਈ ਹੈ ਪਰੰਤੂ ਇਸ ਮਾਮਲੇ ਦੀ ਜਾਂਚ ਜਾਰੀ ਰਹੇਗੀ।