ਕੈਲੀਫੋਰਨੀਆ ਵਿਚ ਸਪਲਾਈ ਘਟਣ ਕਾਰਨ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪੁੱਜੀਆਂ

ਕੈਲੀਫੋਰਨੀਆ ਵਿਚ ਸਪਲਾਈ ਘਟਣ ਕਾਰਨ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪੁੱਜੀਆਂ

* ਕੱਚੇ ਤੇਲ ਦੀ ਵਧੀ ਕੀਮਤ ਨੇ ਵੀ ਕੀਤਾ ਪ੍ਰਭਾਵਿਤ * ਘੱਟ ਆਮਦਨੀ ਵਾਲੇ ਪਰਿਵਾਰ ਪ੍ਰਭਾਵਿਤ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਵਧ ਰਹੀਆਂ ਗੈਸ ਦੀਆਂ ਕੀਮਤਾਂ ਨੇ ਖਪਤਕਾਰਾਂ ਉਪਰ ਨਵਾਂ ਵਿੱਤੀ ਬੋਝ ਪਾ ਦਿੱਤਾ ਹੈ। ਵਿਸ਼ੇਸ਼ ਕਰਕੇ ਘੱਟ ਆਮਦਨੀ ਵਾਲੇ ਲੋਕਾਂ ਉਪਰ ਅਸਰ ਪੈ ਰਿਹਾ ਹੈ। ਲੰਘੇ ਐਤਵਾਰ ਗੈਸ ਦੀ ਕੀਮਤ ਰਿਕਾਰਡ 4.676 ਡਾਲਰ ਪ੍ਰਤੀ ਗੈਲਨ 'ਤੇ ਪੁੱਜ ਗਈ। ਅਮੈਰੀਕਨ ਆਟੋਮੋਬਾਇਲ ਐਸੋਸੀਏਸ਼ਨ ਅਨੁਸਾਰ ਇਸ ਤੋਂ ਪਹਿਲਾਂ ਗੈਸ ਦੀ ਕੀਮਤ ਵਿਚ ਅਕਤਬੂਰ 2012 ਵਿੱਚ ਰਿਕਾਰਡ ਵਾਧਾ ਹੋਇਆ ਸੀ ਤੇ ਔਸਤ ਕੀਮਤ 4.671 ਡਾਲਰ 'ਤੇ ਪੁੱਜ ਗਈ ਸੀ ਪਰੰਤੂ ਇਸ ਸਮੇ ਗੈਸ ਦੀ ਕੀਮਤ ਅਕਤੂਬਰ 2012 ਦੇ ਪੱਧਰ ਨੂੰ ਵੀ ਪਾਰ ਕਰ ਗਈ ਹੈ। ਇਸ ਸਮੇ ਅਮਰੀਕਾ ਦੇ ਸਭ ਤੋਂ ਵਧ ਆਬਾਦੀ ਵਾਲੇ ਰਾਜ ਕੈਲੀਫੋਰਨੀਆ ਵਿਚ ਪੂਰੇ ਦੇਸ਼ ਨਾਲੋਂ ਗੈਸ ਦੀ ਵਧ ਕੀਮਤ ਖਪਤਕਾਰਾਂ ਨੂੰ ਦੇਣੀ ਪੈ ਰਹੀ ਹੈ। ਅਮੈਰੀਕਨ ਆਟੋਮੋਬਾਈਲ ਐਸੋਸੀਏਸ਼ਨ ਅਨੁਸਾਰ ਉੱਤਰੀ ਕੈਲੀਫੋਰਨੀਆ ਵਿਚ ਪਈ ਭਾਰੀ  ਬਾਰਿਸ਼ ਤੇ ਤੂਫਾਨ ਨੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਦਾ ਅਸਰ ਦੱਖਣੀ ਕੈਲੀਫੋਰਨੀਆ ਉਪਰ ਵੀ ਪਿਆ ਹੈ। ਬਿਲਕੁੱਲ ਇਸੇ ਤਰਾਂ ਲੁਸਿਆਨਾ ਵਿਚ ਵੀ ਆਏ ਤੂਫਾਨ ਕਾਰਨ ਹੋਇਆ ਸੀ। ਦੱਖਣੀ ਕੈਲੀਫੋਰਨੀਆ ਦੀ ਆਟੋਮੋਬਾਇਲ ਕਲੱਬ ਦੇ ਕਾਰਪੋਰੇਟ ਕਮਿਊਨੀਕੇਸ਼ਨ ਮੈਨੇਜਰ ਜੈਫਰੀ ਸਪਰਿੰਗ ਨੇ ਇਸ ਸਬੰਧੀ ਕਿਹਾ ਹੈ ਕਿ ਸਪਲਾਈ ਦੀ ਸੁਸਤ ਰਫਤਾਰ ਕਾਰਨ ਗੈਸ ਦੀ ਕੀਮਤ ਵਧੀ ਹੈ। ਉਨ੍ਹਾਂ ਕਿਹਾ ਜਦੋਂ ਤੱਕ ਉੱਤਰੀ ਕੈਲੀਫੋਰਨੀਆ ਵਿਚਲੀਆਂ ਤੇਲ ਸੋਧਕ ਇਕਾਈਆਂ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰਨਗੀਆਂ ਓਦੋਂ ਤੱਕ ਇਹ ਸੰਕਟ ਰਹਿ ਸਕਦਾ ਹੈ। ਐਸੋਸੀਏਸ਼ਨ ਦੇ  ਬੁਲਾਰੇ ਡੱਗ ਸ਼ੂਪ ਅਨੁਸਾਰ ਉੱਤਰੀ ਕੈਲੀਫੋਰਨੀਆ ਦੇ ਹਮਬੋਲਡਟ ਕਾਊਂਟੀ ਸਮੇਤ ਕੁਝ ਖੇਤਰਾਂ ਵਿਚ ਗੈਸ ਦੀ ਕੀਮਤ 5 ਡਾਲਰ  ਪ੍ਰਤੀ ਗੈਲਨ ਤੱਕ ਪੁੱਜ ਗਈ ਹੈ। ਹਮਬੋਲਟ ਕਾਊਂਟੀ ਵਿਚ ਲੰਘੇ ਐਤਵਾਰ ਔਸਤ ਕੀਮਤ 4.968 ਡਾਲਰ ਸੀ। ਬੇ ਏਰੀਆ ਵਿਚ ਕੀਮਤ 4.80 ਡਾਲਰ ਤੋਂ ਵਧ  ਸੀ। ਸ਼ੂਪ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇ ਡਰਾਈਵਰਾਂ ਨੂੰ ਪ੍ਰਤੀ ਗੈਲਨ 1.50 ਡਾਲਰ ਵਧ ਦੇਣੇ ਪੈ ਰਹੇ ਹਨ। ਇਸ ਤਰਾਂ ਇਕ 14 ਗੈਲਨ ਦੀ ਸਮਰੱਥਾ ਵਾਲੀ ਟੈਂਕੀ ਨੂੰ ਭਰਵਾਉਣ ਵਾਸਤੇ ਪਿਛਲੇ ਸਾਲ  ਦੀ ਤੁਲਨਾ ਵਿਚ 21 ਡਾਲਰ ਵਧ ਦੇਣੇ ਪੈ ਰਹੇ ਹਨ। ਸ਼ੂਪ ਅਨੁਸਾਰ ਗੈਸ ਕੀਮਤ ਵਧਣ ਦਾ ਬੁਨਿਆਦੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਹੈ।  ਉਨ੍ਹਾਂ ਕਿਹਾ ਕਿ ਇਸ ਸਰਦ ਰੁੱਤ ਦੌਰਾਨ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਕਮਰਿਆਂ ਨੂੰ ਗਰਮ ਰਖਣ ਵਾਸਤੇ ਵਧ ਕੀਮਤ ਤਾਰਨੀ ਪਵੇਗੀ।