ਘਰੇਲੂ ਝਗੜੇ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਪੁੱਤਰ ਦੀ ਹੱਤਿਆ

ਘਰੇਲੂ ਝਗੜੇ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਪੁੱਤਰ ਦੀ ਹੱਤਿਆ
ਕੈਪਸ਼ਨ: ਫੋਰਮ ਸਮਿਥ ਦੇ ਇਕ ਘਰ ਵਿਚੋਂ ਪੁਲਿਸ ਅਫਸਰ ਇਕ ਲਾਸ਼ ਬਾਹਰ ਲਿਆਉਂਦੇ ਹੋਏ

* ਪੁਲਿਸ ਦੀ ਗੋਲੀ ਨਾਲ ਹਮਲਾਵਰ ਪਤੀ ਵੀ ਮਾਰਿਆ ਗਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਫੋਰਟ ਸਮਿਥ, ਅਰਕਾਂਸਸ, ਵਿਚ ਪ੍ਰਤਖ ਤੌਰ 'ਤੇ ਨਜਰ ਆ ਰਹੇ ਇਕ ਘਰੇਲੂ ਝਗੜੇ ਵਿਚ ਇਕ ਵਿਅਕਤੀ ਨੇ ਆਪਣੇ ਪੁੱਤਰ ਤੇ ਪਤਨੀ ਦੀ ਹੱਤਿਆ ਕਰ ਦਿੱਤੀ। ਫੋਰਟ ਸਮਿਥ ਦੇ ਪੁਲਿਸ ਮੁੱਖੀ ਡੈਨੀ ਬੇਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਚਨਾ ਮਿਲਣ 'ਤੇ ਜਦੋਂ ਇਕ ਪੁਲਿਸ ਅਧਿਕਾਰੀ ਤੁਰੰਤ ਇਕ ਘਰ ਵਿਚ ਮੌਕੇ ਉਪਰ ਪੁੱਜਾ ਤਾਂ ਉਸ ਨੇ ਚੀਕਾਂ ਤੇ ਰੋਣ ਦੀਆਂ ਅਵਾਜਾਂ ਸੁਣੀਆਂ। ਉਸ ਨੇ ਵੇਖਿਆ ਕਿ ਇਕ ਵਿਅਕਤੀ ਜਮੀਨ ਉਪਰ ਡਿੱਗੇ ਆਪਣੇ 15 ਸਾਲਾ ਪੁੱਤਰ ਨੂੰ ਬੁਰੀ ਤਰਾਂ ਮਾਰ ਕੁੱਟ ਰਿਹਾ ਸੀ। ਉਸ ਦੇ ਸਿਰ ਤੇ ਮੂੰਹ ਉਪਰ ਪੱਥਰਾਂ ਨਾਲ ਵਾਰ ਕਰ ਰਿਹਾ ਸੀ। ਬੇਕਰ ਅਨੁਸਾਰ ਪੁਲਿਸ ਅਧਿਕਾਰੀ ਨੇ ਉਸ ਨੂੰ ਅਜਿਹਾ ਨਾ ਕਰਨ ਦਾ ਆਦੇਸ਼ ਦਿੱਤਾ। ਉਹ ਵਿਅਕਤੀ ਰੁਕ ਗਿਆ ਪਰ ਜਦੋਂ ਪੁਲਿਸ ਅਧਿਕਾਰੀ ਉਸ ਨੂੰ ਕਾਬੂ ਕਰਨ ਲਈ ਉਸ ਦੇ ਨੇੜੇ ਪੁੱਜਾ ਤਾਂ ਉਸ ਨੇ ਤਿੱਖੇ ਹਥਿਆਰ ਨਾਲ ਪੁਲਿਸ ਅਧਿਕਾਰੀ ਦੇ ਗਲ ਤੇ ਧੌਣ ਉਪਰ ਹਮਲਾ ਕਰ ਦਿੱਤਾ ਜਿਸ ਉਪਰੰਤ ਪੁਲਿਸ ਅਧਿਕਾਰੀ ਨੇ ਦੋ ਗੋਲੀਆਂ ਮਾਰ ਕੇ ਹਮਲਾਵਰ ਨੂੰ ਮੌਕੇ ਉਪਰ ਢੇਰ ਕਰ ਦਿੱਤਾ। ਬਾਅਦ ਵਿਚ ਮੌਕੇ ਉਪਰ ਪੁੱਜੇ ਹੋਰ ਪੁਲਿਸ ਅਧਿਕਾਰੀਆਂ ਨੇ ਘਰ ਵਿਚੋਂ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਜਿਸ ਦੇ ਸਰੀਰ ਉਪਰ ਚਾਕੂ ਦੇ ਕਈ ਜ਼ਖਮ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਘਰ ਵਿਚ ਵੱਡੀ ਪੱਧਰ ਉਪਰ ਹਿੰਸਾ ਹੋਈ ਹੈ। 15 ਸਾਲਾ ਲੜਕਾ ਵੀ ਜ਼ਖਮਾ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਘਰ ਵਿਚੋਂ ਇਕ ਹੋਰ 5 ਸਾਲ ਦਾ ਬੱਚਾ ਮਿਲਿਆ ਜੋ ਪੁਲਿਸ ਨੇ ਬਚਾ ਲਿਆ। ਬੇਕਰ ਨੇ ਕਿਹਾ ਕਿ ਇਸ ਵਿਚ ਕੋਈ  ਸ਼ੱਕ ਨਹੀਂ ਹੈ ਕਿ ਸਾਡੇ ਅਫਸਰਾਂ ਨੇ ਤੁਰੰਤ ਕਾਰਵਾਈ ਕਰਕੇ ਇਸ ਬੱਚੇ ਨੂੰ ਬਚਾਇਆ ਹੈ। ਜ਼ਖਮੀ ਪੁਲਿਸ ਅਧਿਕਾਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਸਰਜਰੀ ਹੋਈ ਹੈ ਤੇ ਉਸ ਦੀ ਹਾਲਤ ਸਥਿੱਰ ਹੈ। ਬੇਕਰ ਨੇ ਕਿਹਾ ਕਿ ਅਰਕਾਂਸਸ ਪੁਲਿਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰੇਗੀ ਕਿਉਂਕਿ ਇਸ ਘਟਨਾ ਵਿਚ ਇਕ ਪੁਲਿਸ ਅਧਿਕਾਰੀ ਨੂੰ ਗੋਲੀ ਚਲਾਉਣ ਲਈ ਮਜਬੂਰ ਹੋਣਾ ਪਿਆ ਹੈ।