4 ਸਾਬਕਾ ਪੁਲਿਸ ਅਧਿਕਾਰੀਆਂ ਵਿਰੁੱਧ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਸੁਣਵਾਈ

4 ਸਾਬਕਾ ਪੁਲਿਸ ਅਧਿਕਾਰੀਆਂ ਵਿਰੁੱਧ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਸੁਣਵਾਈ
ਕੈਪਸ਼ਨ : ਮਿਨੀਆਪੋਲਿਸ ਦੇ 4 ਸਾਬਕਾ ਪੁਲਿਸ ਅਧਿਕਾਰੀ ਡੈਰਕ ਚੌਵਿਨ, ਟੌਅ ਥਾਓ, ਥਾਮਸ ਲੇਨ ਤੇ ਜੇ ਅਲੈਗਜੈਂਡਰ ਕੁਏਂਗ

* ਅਧਿਕਾਰੀਆਂ ਨੇ ਆਪਣੇ ਆਪ  ਨੂੰ ਦੱਸਿਆ ਨਿਰਦੋਸ਼

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਮਿਨੀਆਪੋਲਿਸ ਦੇ 4 ਸਾਬਕਾ ਪੁਲਿਸ ਅਧਿਕਾਰੀਆਂ ਡੈਰਕ ਚੌਵਿਨ, ਟੌਅ ਥਾਓ, ਥਾਮਸ ਲੇਨ ਤੇ ਜੇ ਅਲੈਗਜੈਂਡਰ ਕੁਏਂਗ ਵਿਰੁੱਧ ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਮਾਨਵੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ ਹਾਲਾਂ ਕਿ ਸੰਘੀ ਅਦਾਲਤ ਸਾਹਮਣੇ ਇਨਾਂ ਪੁਲਿਸ ਅਧਿਕਾਰੀਆਂ ਨੇ ਆਪਣੇ ਆਪ ਨੂੰ ਨਿਰੋਦਸ਼ ਦੱਸਿਆ ਹੈ। ਪੁਲਿਸ ਅਧਿਕਾਰੀਆਂ ਦੀ ਪੇਸ਼ੀ ਮਿਨੀਆਪੋਲਿਸ ਦੀ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਹੋਈ ਜਿਥੇ ਉਨਾਂ ਵਿਰੁੱਧ ਮਈ 2020 ਵਿਚ ਮਾਰੇ ਗਏ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਸੁਣਵਾਈ ਹੋਈ। ਇਨਾਂ ਪੁਲਿਸ ਅਧਿਕਾਰੀਆਂ ਵਿਚੋਂ ਚੌਵਿਨ ਪਹਿਲਾਂ ਹੀ ਸ਼ਾਹਫਿਆਮ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਸਾਢੇ 22 ਸਾਲ ਦੀ ਸਜ਼ਾ ਕਟ ਰਿਹਾ ਹੈ। ਉਹ ਮਿਨੀਆਪੋਲਿਸ ਦੇ ਬਾਹਰਵਾਰ ਬੇਹੱਦ ਸੁਰੱਖਿਆ ਵਾਲੀ ਓਕ ਪਾਰਕ ਹਾਈਟਸ ਜੇਲ ਵਿਚ ਬੰਦ ਹੈ। ਸੰਘੀ ਅਦਾਲਤ ਵਿਚ ਲਾਏ ਗਏ ਦੋਸ਼ਾਂ ਵਿਚ ਕਿਹਾ ਗਿਆ ਹੈ ਕਿ 25 ਮਈ 2020  ਨੂੰ ਜਾਰਜ ਫਲਾਇਡ ਦੀ ਗ੍ਰਿਫਤਾਰੀ ਸਮੇ ਡੈਰਕ ਚੌਵਿਨ ਨੇ ਬਿਨਾਂ ਕਿਸੇ ਕਾਰਨ ਫਲਾਇਡ ਵਿਰੁੱਧ  ਸਖਤੀ ਵਰਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਜਦ ਕਿ ਬਾਕੀ 3 ਪੁਲਿਸ ਅਧਿਕਾਰੀ ਮਾਮਲੇ ਵਿਚ ਦਖਲ ਦੇਣ ਵਿੱਚ ਅਸਫਲ ਰਹੇ ਜਦ ਕਿ ਉਹ ਚੌਵਿਨ ਨੂੰ ਸਿਰੇ ਦੀ ਸਖਤੀ ਵਰਤਣ ਤੋਂ ਰੋਕ ਸਕਦੇ ਸੀ। ਇਨਾਂ 4 ਪੁਲਿਸ ਅਧਿਕਾਰੀਆਂ ਨੂੰ ਫਲਾਇਡ ਨੂੰ ਡਾਕਟਰੀ ਸਹਾਇਤਾ ਨਾ ਦੇਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਵੇਗਾ।