ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ 'ਤੇ ਨਾ ਕੀਤੀ ਜਾਵੇ ਸਿਆਸਤ

 ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ 'ਤੇ ਨਾ ਕੀਤੀ ਜਾਵੇ ਸਿਆਸਤ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਕਮੇਟੀ ਦੀ ਅਤ੍ਰਿੰਗ ਕਮੇਟੀ ਦੇ ਮੈਂਬਰ ਅਜਮੇਰ ਸਿੰਘ ਖੇੜਾ ਨੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਖਾਲਸੇ ਦੇ ਪਾਵਨ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੀਤੇ ਸੋਮਵਾਰ ਨੂੰ ਵਾਪਰੀ ਅੱਤ ਮੰਦਭਾਗੀ ਘਟਨਾ 'ਤੇ ਹਰ ਗੁਰੂ ਨਾਨਕ ਨਾਮ ਲੇਵਾ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਅਸੀਂ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸਮੇਤ ਹਰ ਪਹਿਲੂ 'ਤੇ ਗੌਰ ਕਰ ਰਹੇ ਹਾਂ ਪਰ ਅਸੀਂ ਨਾਲ ਹੀ ਇਹ ਅਪੀਲ ਵੀ ਕਰਨੀ ਚਾਹੁੰਦੇ ਹਾਂ ਕਿ ਇਸ ਘਟਨਾ 'ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ।   ਉਨ੍ਹਾਂ ਕਿਹਾ ਕਿ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਪਹਿਲਾਂ ਪਿੰਡਾਂ 'ਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਜੋ ਹੁਣ ਤਖ਼ਤ ਸਾਹਿਬਾਨ ਤਕ ਪੁੱਜ ਗਈਆਂ। ਉਨ੍ਹਾਂ ਕਿਹਾ ਜਾਣਕਾਰੀ ਮੁਤਾਬਿਕ ਤਖ਼ਤ ਸਾਹਿਬ ਵਿਖੇ ਆ ਕੇ ਅਜਿਹਾ ਨੀਚ ਕੰਮ ਕਰਨ ਵਾਲਾ ਪਰਮਜੀਤ ਸਿੰਘ ਗੁੰਡਾ ਅਨਸਰਾਂ ਨਾਲ ਸਬੰਧ ਰੱਖਦਾ ਹੈ ਤੇ ਉਸ ਉਤੇ ਨੂਰਪੁਰ ਬੇਦੀ ਵਿਖੇ ਪਰਚਾ ਵੀ ਦਰਜ ਹੈ। ਉਨ੍ਹਾਂ ਕਿਹਾ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖ਼਼ਰਾਬ ਕਰਨ ਦੀ ਸੋਚੀ ਸਮਝੀ ਸਾਜਿਸ਼ ਹੈ ਜਿਸ ਨੂੰ ਬੇੇੇਨਕਾਬ ਕਰਨਾ ਚਾਹੀਦਾ ਹੈ। ਉਨ੍ਹਾਂ ਪੁਲਿਸ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਇਸ ਬਾਰੇ ਸਮੁੱਚੀ ਪੜਤਾਲ ਕੀਤੀ ਜਾਵੇ। ਇਹ ਚੰਗੀ ਗੱਲ ਹੈ ਕਿ ਪੜਤਾਲ ਕਰਨ ਮੌਕੇ ਪੁਲਿਸ ਦੇ ਨਾਲ ਸਾਡੀ ਪੰਜ ਮੈਂਬਰੀ ਕਮੇਟੀ ਵੀ ਨਾਲ ਹੋਵੇਗੀ। ਖੇੜਾ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ 295 ਏ ਧਾਰਾ ਅਧੀਨ ਪਰਚਾ ਦਰਜ ਕਰਕੇ ਦੋਸ਼ੀ ਦਾ ਚਾਰ ਦਿਨਾਂ ਪੁਲਿਸ ਰਿਮਾਂਡ ਲਿਆ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਦੋਸ਼ੀ ਸਬੰਧੀ ਪੂਰੀ ਪੜਤਾਲ ਕਰਕੇ ਸੱਚ ਸਾਹਮਣੇ ਲਿਆਇਆ ਜਾਵੇਗਾ। ਖੇੜਾ ਨੇ ਕਿਹਾ ਕਿ ਇਸ ਬਾਰੇ ਹੋਮ ਮਨਿਸਟਰ ਨੂੰ ਮਿਲਿਆ ਜਾਵੇਗਾ ਤੇ ਇਸ ਘਟਨਾ ਦੇ ਦੋਸ਼ੀ ਤੇ ਸਾਜਿਸ਼ ਨੂੰ ਹਰ ਹੀਲੇ ਬੇਨਕਾਬ ਕੀਤਾ ਜਾਵੇਗਾ।।