ਭਾਰਤੀ ਮੂਲ ਦੇ ਦੋ ਹੋਰ ਅਮਰੀਕੀ ਤੇ ਇਕ ਨੇਪਾਲੀ ਪਰਿਵਾਰ ਵੀ ਤੂਫਾਨ ਤੇ ਹੜ ਦੀ ਭੇਂਟ ਚੜਿਆ

ਭਾਰਤੀ ਮੂਲ ਦੇ ਦੋ ਹੋਰ ਅਮਰੀਕੀ ਤੇ ਇਕ ਨੇਪਾਲੀ ਪਰਿਵਾਰ ਵੀ ਤੂਫਾਨ ਤੇ ਹੜ ਦੀ ਭੇਂਟ ਚੜਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) ਅਮਰੀਕਾ ਵਿਚ ਆਏ ਈਡਾ ਤੂਫਾਨ ਵਿਚ ਮਰਨ ਵਾਲਿਆਂ ਵਿਚ ਭਾਰਤੀ ਮੂਲ ਦੇ ਦੋ ਹੋਰ ਅਮਰੀਕੀ ਸ਼ਾਮਿਲ ਹਨ। ਇਕ ਨੇਪਾਲੀ ਪਰਿਵਾਰ ਦੇ ਤਿੰਨ ਜੀਅ ਵੀ ਤੂਫਾਨ ਦੀ ਭੇਂਟ ਚੜ ਗਏ। ਮਾਰੇ ਗਏ ਭਾਰਤੀ ਮੂਲ ਦੇ ਅਮਰੀਕੀਆਂ ਵਿਚ 43 ਸਾਲਾ ਫਾਮਤੀ ਰਾਮਸਕਰੀਤ ਤੇ ਉਸ ਦਾ 22 ਸਾਲਾਂ ਦਾ ਪੁੱਤਰ ਕ੍ਰਿਸ਼ ਸ਼ਾਮਿਲ ਹੈ।  ਉਹ ਨਿਊਯਾਰਕ ਸ਼ਹਿਰ ਵਿਚ ਫਲੈਟ ਦੇ ਤਹਿਖਾਨੇ ਵਿਚ ਰਹਿੰਦੇ ਸਨ। ਇਕ ਸਤੰਬਰ ਨੂੰ ਇਕ ਦਮ ਆਏ ਹੜ ਕਾਰਨ ਤਹਿਖਾਨਾ ਪਾਣੀ ਨਾਲ ਭਰ ਗਿਆ ਤੇ ਉਨਾਂ ਨੂੰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਬਾਅਦ ਵਿਚ ਪੁਲਿਸ ਨੇ ਉਨਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਕੱਢੀਆਂ। ਫਲੈਟ ਦੇ ਮਾਲਕ ਰਾਗੇਂਦਰ ਸ਼ਿਵਪ੍ਰਸਾਦ ਨੇ ਦੱਸਿਆ ਕਿ ਉਸ ਨੇ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਰਾਮਸਕਰੀਤ ਨੂੰ ਸੰਭਾਵੀ ਖਤਰੇ ਤੋਂ ਸੁਚੇਤ ਕੀਤਾ ਸੀ ਤੇ ਕਿਹਾ ਸੀ ਕਿ ਉਹ ਤਹਿਖਾਨੇ ਵਿਚੋਂ ਬਾਹਰ ਆ ਜਾਣ। ਰਾਮਸਕਰੀਤ ਦੇ ਪਤੀ ਦਾਮੇਸ਼ਵਰ ਤੇ ਉਸ ਦਾ ਦੂਸਰਾ ਪੁੱਤਰ ਡਿਲਨ ਕਿਸੇ ਤਰਾਂ ਆਪਣਾ ਬਚਾਅ ਕਰਨ ਵਿਚ ਸਫਲ ਹੋ ਗਏ। ਮਾਰਿਆ ਗਿਆ ਨੇਪਾਲੀ ਪਰਿਵਾਰ ਵੀ ਤਹਿਖਾਨੇ ਵਿਚ ਰਹਿੰਦਾ ਸੀ। ਮਾਰੇ ਗਏ ਨੇਪਾਲੀ ਪਰਿਵਾਰ ਵਿਚ 48 ਸਾਲਾ ਮਿੰਗਮਾ ਸ਼ੇਰਪਾ, 52 ਸਾਲਾ ਆਂਗ ਗੈਲੂ ਲਾਮਾ ਤੇ ਉਨਾਂ ਦਾ 2 ਸਾਲ ਦਾ ਪੁੱਤਰ ਲੋਬਸੰਗ ਲਾਮਾ ਸ਼ਾਮਿਲ ਹੈ। ਲਾਮਾ ਪਰਿਵਾਰ ਦੇ ਗਵਾਂਢੀ ਦੇਬੋਰਾਹ ਟੋਰਸ ਅਨੁਸਾਰ ਪਾਣੀ ਦਾ ਵਹਾਅ ਬਹੁਤ ਤੇਜ ਸੀ ਤੇ ਮਿੰਟਾਂ ਵਿਚ ਹੀ ਦੂਸਰੀ ਮੰਜ਼ਿਲ 'ਤੇ ਪਾਣੀ ਗੋਡਿਆਂ ਤੱਕ ਪਹੁੰਚ ਗਿਆ ਸੀ। ਤਹਿਖਾਨੇ ਵਿਚ ਰਹਿੰਦੇ ਨੇਪਾਲੀ ਪਰਿਵਾਰ ਨੂੰ ਬਾਹਰ ਆਉਣ ਦਾ ਮੌਕਾ ਹੀ ਨਹੀਂ ਮਿਲਿਆ।