ਭਾਰਤੀ ਜਾਂਚ ਅਨੁਸਾਰ ਬਾਗੀ ਅਫਸਰ ਪੰਨੂ ਦੇ ਕਤਲ ਕਾਂਡ ਦੀ ਸਾਜ਼ਿਸ਼ ਰਚਨ 'ਚ ਸ਼ਾਮਲ
*ਭਾਰਤ ਨੇ ਨਿਯੁਕਤ ਜਾਂਚ ਪੈਨਲ ਦੇ ਨਤੀਜੇ ਅਮਰੀਕੀ ਅਧਿਕਾਰੀਆਂ ਨੂੰ ਸੌਂਪੇ -ਬਲੂਮਬਰਗ ਦੀ ਰਿਪੋਰਟ
ਅਮਰੀਕੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਦੋਸ਼ ਲਾਇਆ ਸੀ ਕਿ ਖਾਲਿਸਤਾਨ ਪੱਖੀ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ਪਿੱਛੇ ਇੱਕ ਭਾਰਤੀ ਅਧਿਕਾਰੀ ਦਾ ਹੱਥ ਸੀ। ਹੁਣ ਇਸ ਮਾਮਲੇ ਦੀ ਜਾਂਚ ਦੇ ਸਬੰਧ ਬਲੂਮਬਰਗ ਦੀ ਰਿਪੋਰਟ ਅਨੁਸਾਰ ਘੱਟੋ-ਘੱਟ ਇੱਕ ਵਿਅਕਤੀ ਭਾਰਤ ਸਰਕਾਰ ਦਾ ਕਰਮਚਾਰੀ ਹੈ ਪਰ ਉਹ ਹੁਣ ਭਾਰਤੀ ਜਾਸੂਸੀ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਲਈ ਕੰਮ ਨਹੀਂ ਕਰਦਾ ।ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਬੇਨਾਮ ਸੀਨੀਅਰ ਅਧਿਕਾਰੀ ਨੇ ਬਲੂਮਬਰਗ ਨੂੰ ਇਸ ਬਾਰੇ ਦੱਸਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਨੇ ਸਰਕਾਰ ਦੁਆਰਾ ਨਿਯੁਕਤ ਜਾਂਚ ਪੈਨਲ ਦੇ ਨਤੀਜੇ ਅਮਰੀਕੀ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਰਿਪੋਰਟ 'ਤੇ ਟਿੱਪਣੀ ਲਈ ਰਾਇਟਰਜ਼ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨੇ ਹਾਲੇ ਤਕ ਦੋਸ਼ੀ ਦੇ ਖਿਲਾਫ ਕੋਈ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਕੀਤੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਵੱਲੋਂ ਸਾਜ਼ਿਸ਼ ਨੂੰ ਨਾਕਾਮ ਕਰਨ ਅਤੇ ਸਰਕਾਰ ਦੀ ਸ਼ਮੂਲੀਅਤ ਦੀਆਂ ਚਿੰਤਾਵਾਂ 'ਤੇ ਭਾਰਤ ਨੂੰ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਭਾਰਤ ਸਰਕਾਰ ਨੇ ਜਾਂਚ ਪੈਨਲ ਦਾ ਗਠਨ ਕੀਤਾ ਸੀ।
ਇਸ ਤੋਂ ਪਹਿਲਾਂ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਹ 'ਚਿੰਤਾ ਦਾ ਵਿਸ਼ਾ' ਹੈ ਅਤੇ 'ਭਾਰਤ ਸਰਕਾਰ ਦੀ ਨੀਤੀ ਦੇ ਉਲਟ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਕ ਉੱਚ ਪੱਧਰੀ ਕਮੇਟੀ ਇਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
ਅਮਰੀਕਾ ਵਿੱਚ ਪੰਨੂ ਸਿੱਖ ਫਾਰ ਜਸਟਿਸ ਨਾਂ ਦੀ ਸੰਸਥਾ ਚਲਾਉਂਦਾ ਹੈ। ਇਹ ਜਥੇਬੰਦੀ ਸਿੱਖਾਂ ਲਈ ਵੱਖਰੇ ਖਾਲਿਸਤਾਨ ਦੀ ਮੰਗ ਕਰਦੀ ਹੈ। ਇਹ 2007 ਵਿੱਚ ਅਮਰੀਕਾ ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਦੇ ਮੋਢੀ ਪੰਨੂ ਹਨ। ਪੰਨੂ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਇਸ ਸਮੇਂ ਅਮਰੀਕਾ ਵਿੱਚ ਕਾਨੂੰਨ ਦੀ ਪ੍ਰੈਕਟਿਸ ਕਰ ਰਿਹਾ ਹੈ। ਉਹ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਵੀ ਹਨ।
ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਨਵੰਬਰ ਵਿੱਚ ਸਾਹਮਣੇ ਆਈ ਸੀ ਜਦੋਂ ਕੈਨੇਡਾ ਨੇ ਦੋ ਮਹੀਨੇ ਪਹਿਲਾਂ ਦੋਸ਼ ਲਾਇਆ ਸੀ ਕਿ ਜੂਨ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਮਜ਼ਬੂਤ ਸੰਕੇਤ ਹਨ।
ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਸਰਕਾਰ ਨਿੱਝਰ ਨੂੰ ਇੱਕ ਵਾਟਿੰਡ ਖਾੜਕੂ ਮੰਨਦੀ ਸੀ ਅਤੇ ਉਸ ਨੂੰ ਇੱਕ ਖਾੜਕੂ ਵੱਖਵਾਦੀ ਸੰਗਠਨ ਦਾ ਨੇਤਾ ਦੱਸਿਆ ਸੀ। ਹਾਲਾਂਕਿ ਨਿੱਝਰ ਦੇ ਸਮਰਥਕ ਇਸ ਨੂੰ ਪੂਰੀ ਤਰ੍ਹਾਂ ਗਲਤ ਦੱਸਦੇ ਹਨ।
ਅਮਰੀਕਾ ਨੇ ਕਿਹਾ ਹੈ ਕਿ ਉਹ ਗੁਰਪਤਵੰਤ ਪੰਨੂ ਮਾਮਲੇ ਦੀ ਜਾਂਚ ਨੂੰ ਗੰਭੀਰਤਾ ਨਾਲ ਦੇਖ ਰਿਹਾ ਹੈ ਅਤੇ ਭਾਰਤ ਸਰਕਾਰ ਨੂੰ ਵੀ ਇਸ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਅਤੇ ਮੱਧ ਏਸ਼ੀਆ ਲਈ ਸਹਾਇਕ ਸਕੱਤਰ ਡੋਨਾਲਡ ਲੂ ਤੋਂ ਪੁੱਛਿਆ ਗਿਆ ਸੀ ਕਿ ਕੀ ਅਮਰੀਕਾ ਪੰਨੂ ਮਾਮਲੇ ਵਿਚ ਸ਼ਾਮਲ ਲੋਕਾਂ 'ਤੇ ਪਾਬੰਦੀਆਂ ਲਵੇਗਾ ਅਤੇ ਹੋਰ ਸਖ਼ਤ ਕਦਮ ਚੁੱਕੇਗਾ। ਇਸ 'ਤੇ ਡੋਨਾਲਡ ਲੂ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ। ਇਸ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਲਈ ਅਸੀਂ ਇਸ ਕੇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਇਸ ਨੂੰ ਭਾਰਤ ਕੋਲ ਉੱਚ ਪੱਧਰ 'ਤੇ ਉਠਾਇਆ ਗਿਆ ਹੈ। ਅਸੀਂ ਭਾਰਤ ਨੂੰ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਕਿਹਾ ਹੈ। ਇਸ ਸਮੇਂ ਵੀ, ਅਸੀਂ ਇਸ ਮਾਮਲੇ 'ਤੇ ਭਾਰਤ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਇਸ ਵਿੱਚ ਸ਼ਾਮਲ ਲੋਕਾਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ।
ਲੂ ਨੇ ਕਿਹਾ ਕਿ ਇਸ ਮਾਮਲੇ ਦੀ ਜਲਦੀ ਅਤੇ ਪਾਰਦਰਸ਼ੀ ਜਾਂਚ ਦੀ ਲੋੜ ਹੈ। ਇਹ ਦੇਖਦੇ ਹੋਏ ਕਿ ਭਾਰਤ ਨੇ ਇੱਕ ਜਾਂਚ ਕਮੇਟੀ ਦਾ ਐਲਾਨ ਕੀਤਾ ਹੈ, ਲੂ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਨਿਆਂ ਯਕੀਨੀ ਬਣਾਉਣ ਲਈ ਜਲਦੀ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਲਈ ਕਹਿੰਦੇ ਹਾਂ। ਲੂ ਦੀਆਂ ਟਿੱਪਣੀਆਂ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਭਾਰਤ ਨੇ ਕਮੇਟੀ ਦੀ ਜਾਂਚ ਤੋਂ ਕੋਈ ਸਿੱਟਾ ਕੱਢਿਆ ਹੈ।
ਪਿਛਲੇ ਸਾਲ ਨਵੰਬਰ ਵਿੱਚ, ਅਮਰੀਕੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਨਿਖਿਲ ਗੁਪਤਾ ਨਾਮ ਦੇ ਇੱਕ ਭਾਰਤੀ ਨਾਗਰਿਕ ਨੇ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਦੇ ਹੁਕਮਾਂ 'ਤੇ ਅਮਰੀਕੀ ਧਰਤੀ 'ਤੇ ਇੱਕ ਵਿਅਕਤੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
Comments (0)