ਵਰਕ ਵੀਜ਼ੇ ਦੇ ਨਾਂ ‘ਤੇ ਪੰਜਾਬਣ ਨਾਲ 33 ਹਜ਼ਾਰ ਡਾਲਰ ਦੀ ਠੱਗੀ

ਵਰਕ ਵੀਜ਼ੇ ਦੇ ਨਾਂ ‘ਤੇ ਪੰਜਾਬਣ ਨਾਲ 33 ਹਜ਼ਾਰ ਡਾਲਰ ਦੀ ਠੱਗੀ

ਮੈਲਬਰਨ/ਬਿਊਰੋ ਨਿਊਜ਼ :
ਨਿਊਜ਼ੀਲ਼ੈਂਡ ਵਿਚ ਭਾਰਤੀ ਮੂਲ ਦੀ ਦਮਨਪ੍ਰੀਤ ਕੌਰ ਨਾਲ ਵਰਕ ਵੀਜ਼ੇ ਦੇ ਨਾਂ ਉਤੇ ਕਾਫੀ ਵੱਡੀ ਠੱਗੀ ਹੋਣ ਦਾ ਸਮਾਚਾਰ ਹੈ। ਉਸ ਦੇ ਇੰਮੀਗ੍ਰੇਸ਼ਨ ਸਲਾਹਕਾਰ ਤੁਆਰਕੀ ਡਿਲਮੇਅ ਨੇ ਨਿਊਜ਼ੀਲ਼ੈਂਡ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦਨਮਪ੍ਰੀਤ ਨਾਲ ਧੋਖਾਧੜੀ ਕਰਨ ਵਾਲੇ ਉਨ੍ਹਾਂ ਵਿਚੋਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ, ਜਿਨ੍ਹਾਂ ਨੇ ਉਸ ਕੋਲੋਂ ‘ਵਰਕ ਵੀਜ਼ਾ’ ਲਈ ਹਜ਼ਾਰਾਂ ਡਾਲਰ ਠੱਗੇ ਹਨ।
ਮਿਲੀ ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੀ ਇਕ ਆਈਟੀ ਪ੍ਰੋਫੈਸ਼ਨਲ ਔਰਤ ਤੋਂ ਤਿੰਨ ਆਦਮੀਆਂ ਨੇ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ 33000 ਡਾਲਰ ਠੱਗ ਲਏ ਹਨ। ਰੇਡੀਓ ਨਿਊਜ਼ੀਲੈਂਡ ਦੀ ਰਿਪੋਰਟ ਅਨੁਸਾਰ ਦਮਨਪ੍ਰੀਤ ਕੌਰ ਨੇ ਆਖਿਆ ਕਿ ਉਸ ਨੇ ਪਿਛਲੇ ਸਾਲ ਵਰਕ ਵੀਜ਼ਾ ਤੇ ਜੌਬ ਖਾਤਰ ਦੋ ਆਦਮੀਆਂ ਨੂੰ 18000 ਡਾਲਰ ਦਿੱਤੇ ਸਨ ਤੇ ਬਾਅਦ ਵਿੱਚ ਹੈਮਿਲਟਨ ਦੇ ਇਕ ਬੰਦੇ ਨੂੰ 15000 ਡਾਲਰ ਦਿੱਤੇ ਸਨ। ਉਸ ਨੇ ਕਿਹਾ ਕਿ ਉਸ ਨੂੰ ਮਾਰਚ 2016 ਵਿੱਚ ਆਕਲੈਂਡ ਤੋਂ ਇਕ ਸਾਲ ਦਾ ਆਈਟੀ ਕੋਰਸ ਕਰਨ ਤੋਂ ਬਾਅਦ ਇਕ ਸਾਲ ਦਾ ਓਪਨ ਵਰਕ ਵੀਜ਼ਾ ਮਿਲਿਆ ਸੀ ਪਰ ਇਸ ਦੀ ਮਿਆਦ ਪੂਰੀ ਹੋਣ ‘ਤੇ ਉਸ ਨੂੰ ਦੋ ਸਾਲ ਦਾ ਵਰਕ ਵੀਜ਼ਾ ਲੈਣ ਵਿੱਚ ਕਾਫ਼ੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਮਾਰਚ 2017 ਵਿੱਚ ਦਮਨਪ੍ਰੀਤ ਕੌਰ ਨਾਲ ਦੋ ਵਿਅਕਤੀਆਂ ਨੇ ਸੰਪਰਕ ਕਰ ਕੇ ਉਸ ਨੂੰ ਟੌਰੈਂਗਾ ਦੇ ਇਕ ਇੰਟਰਨੈੱਟ ਕੈਫੇ ਵਿੱਚ ਜੌਬ ਦਿਵਾਉਣ ਦੀ ਪੇਸ਼ਕਸ਼ ਕੀਤੀ ਕਿ ਬਸ਼ਰਤੇ ਉਹ ਉਸ ਨੂੰ 50000 ਡਾਲਰ ਅਦਾ ਕਰੇ। ਉਨ੍ਹਾਂ ਕਿਹਾ ਕਿ ਜੌਬ ਸਦਕਾ ਉਸ ਨੂੰ ਵਰਕ ਵੀਜ਼ਾ ਮਿਲ ਜਾਵੇਗਾ ਤੇ ਇਸ ਤਰ੍ਹਾਂ ਰਿਹਾਇਸ਼ੀ ਵੀਜ਼ਾ ਲੈਣ ‘ਚ ਵੀ ਮਦਦ ਮਿਲੇਗੀ। ਦਮਨਪ੍ਰੀਤ ਕੌਰ ਨੇ ਉਨ੍ਹਾਂ ਨੂੰ ਦੋ ਕਿਸ਼ਤਾਂ ਵਿੱਚ 33000 ਡਾਲਰ ਅਦਾ ਕਰ ਦਿੱਤੇ ਪਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੰਟਰਨੈੱਟ ਕੈਫੇ ਐਵੇਂ ਫਰਜ਼ੀ ਖੜ੍ਹਾ ਕੀਤਾ ਗਿਆ ਸੀ।
ਹਾਲਾਂਕਿ ਉਸ ਨੂੰ ਦੋ ਸਾਲ ਦਾ ਵਰਕ ਵੀਜ਼ਾ ਤਾਂ ਮਿਲ ਗਿਆ ਪਰ ਸ਼ਰਤਾਂ ਅਨੁਸਾਰ ਉਹ ਕਿਸੇ ਹੋਰ ਕੰਪਨੀ ਵਿੱਚ ਕੰਮ ਨਹੀਂ ਕਰ ਸਕਦੀ ਸੀ ਅਤੇ ਵਰਕ ਵੀਜ਼ਾ ਵਿੱਚ ਜਿਸ ਕੰਪਨੀ ਦਾ ਨਾਮ ਦਿੱਤਾ ਗਿਆ ਸੀ, ਉਹ ਕੰਪਨੀ ਫਰਜ਼ੀ ਸੀ।ਇਸ ਕਾਰਨ ਦਮਨਪ੍ਰੀਤ ਨੂੰ ਡਿਪੋਰਟ ਹੋਣਾ ਪੈ ਸਕਦਾ ਹੈ ਕਿਉਂਕਿ ਉਹ ਇਸ ਵੇਲੇ ਕੋਈ ਵੀ ਕੰਮ ਨਹੀਂ ਕਰ ਰਹੀ।
ਦਮਨਪ੍ਰੀਤ ਬਹੁਤ ਮਾਯੂਸ ਹੈ ਤੇ ਉਸ ਨੇ ਆਵਾਸ ਬਾਰੇ ਸਹਾਇਕ ਮੰਤਰੀ ਕ੍ਰਿਸ ਫਾਫੋਈ ਨੂੰ ਪੱਤਰ ਲਿਖਿਆ ਤੇ ਨਾਲ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਇਨਸਾਫ਼ ਤੇ ਦੇਸ਼ ਵਿਚ ਰਹਿਣ ਦੀ ਆਗਿਆ ਮੰਗੀ ਹੈ। ਰਿਪੋਰਟ ਮੁਤਾਬਕ ਉਸ ਨੇ ਨੌਕਰੀ ਲਈ ਆਵਾਸ ਨੇਮਾਂ ਦੀ ਉਲੰਘਣਾ ਕਰਨ ਬਦਲੇ ਮੁਆਫ਼ੀ ਮੰਗੀ ਹੈ ਪਰ ਆਵਾਸ ਲਈ ਇਕ ਆਖਰੀ ਮੌਕਾ ਦੇਣ ਦੀ ਬੇਨਤੀ ਵੀ ਕੀਤੀ ਹੈ।