ਗੁਰਦੁਆਰਾ ਸਾਹਿਬ ਫਰੀਮਾਂਟ ਚੋਣਾਂ : ਸਿੱਖ ਪੰਚਾਇਤ ਦਾ ਜਿੱਤਣਾ ਯਕੀਨੀ

ਗੁਰਦੁਆਰਾ ਸਾਹਿਬ ਫਰੀਮਾਂਟ ਚੋਣਾਂ : ਸਿੱਖ ਪੰਚਾਇਤ ਦਾ ਜਿੱਤਣਾ ਯਕੀਨੀ

ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਅਲੋਚਣਾ ਤੱਥਾਂ ਰਹਿਤ
 

ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ
: ਹਰ ਦੋ ਸਾਲ ਬਾਅਦ ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ਦਾ ਮੈਦਾਨ ਭੱਖਦਾ ਹੈ । ਪਰ ਇਸ ਸਾਲ ਸਿੱਖ ਪੰਚਾਇਤ ਆਪਣੇ ਕੀਤੇ ਹੋਏ ਪ੍ਰੋਜੈਕਟਾਂ ਕਰਕੇ ਸਹਿਜੇ ਹੀ ਜਿੱਤਦੀ ਜਾਪਦੀ ਹੈ। ਵਿਰੋਧੀ ਧਿਰ ਜੋ ਕਿ ਕਈ ਨਿਰਾਸ਼ ਪਾਰਟੀਆਂ ਤੇ ਵਿਅਕਤੀਆਂ ਦਾ ਇਕੱਠ ਹੈ। ਜਿਨ੍ਹਾਂ ਨੇ ਆਪਣੀ ਕੰਪੇਨ ਨੁਕਤਾਚੀਨੀ ਅਤੇ  ਅਸਭਿਅਕ ਭਾਸ਼ਾ ਦੇ ਬਲਬੂਤੇ ਤੇ ਚਲਾਈ ਹੋਈ ਹੈ। ਉਹਨਾਂ ਵੱਲੋਂ ਲਾਏ ਜਾ ਰਹੇ ਇਲਜ਼ਾਮ ਬਿਨਾਂ ਤੱਥਾਂ ਤੋਂ ਹੀ ਸੁੱਟੇ ਜਾ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਕੋਈ ਭਰਵਾਂ ਹੁੰਗਾਰਾ ਨਹੀਂ ਮਿਲ ਰਿਹਾ। 

ਸਿੱਖ ਪੰਚਾਇਤ ਜੋ ਕਿ ਸਰਬ-ਸੰਮਤੀ ਦੇ ਪੰਜ ਪਿਆਰਿਆਂ ਤੇ ਪਹਿਰਾ ਦਿੰਦੇ ਹੋਏ ਪਿੱਛਲੇ ਕੁੱਝ ਸਾਲਾਂ ਵਿੱਚ ਇੱਕ ਵੱਡਾ ਗਰੁੱਪ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਦੂਜੇ ਪਾਸੇ ਸਿੱਖ ਸੰਗਤ ਬੇਏਰੀਆ, ਪੰਚਾਇਤ ਵਿੱਚੋਂ ਨਰਾਜ਼ ਹੋਏ ਅਤੇ ਬਾਸਾ ਦੇ ਉਹ ਬੰਦੇ ਹਨ ਜੋ ਗੁਰਦੁਆਰਾ ਸਾਹਿਬ ਨੂੰ ਧਾਰਮਿਕ ਕਦਰਾਂ ਕੀਮਤਾਂ ਦੀ ਬਜਾਏ ਕਾਰਪੋਰੇਸ਼ਨ ਵਾਂਗ ਚਲਾਉਣਾ ਚਾਹੁੰਦੇ ਹਨ। ਉਹ ਆਪਣੀ ਇਸ ਕੋਸ਼ਿਸ਼ ਵਿੱਚ ਕਚਿਹਰੀ ਵਿੱਚੋਂ ਵੀ ਸਾਰੇ ਕੇਸ ਹਾਰ ਗਏ ਹਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਚੋਣਾਂ ਵਿੱਚ ਹੋਈਆਂ ਧਾਂਦਲੀਆਂ ਦਾ ਵੀ ਬਹੁਤ ਰਾਮ-ਰੋਲਾ ਪਾਇਆ ਗਿਆ ਪਰ ਜੱਜ ਨੇ ਸਿੱਖ ਪੰਚਾਇਤ ਨੂੰ ਕਲੀਨ ਚਿੱਟ ਦਿੰਦੇ ਹੋਏ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖ ਪੰਚਾਇਤ ਨੂੰ ਸੌਂਪਿਆ ਸੀ। ਇਹਨਾਂ ਦੇ ਪ੍ਰਮੁੱਖ ਗਵਾਹ ਹਰਜੀਤ ਸਿੰਘ ਕਚਿਹਰੀ ਵਿੱਚ ਪੈਰ-ਪੈਰ ਤੇ ਝੂਠ ਬੋਲਦਾ ਫੜਿਆ ਗਿਆ ਤੇ ਇਹਨਾਂ ਵੱਲੋਂ ਪਾਏ 12 ਕੇਸਾਂ ਨੂੰ ਜੱਜ ਖ਼ਾਰਜ ਕਰਦੇ ਹੋਏ ਇਹਨਾਂ ਨੂੰ ਅੱਗੋਂ ਤੋਂ ਬੇਲੋੜੇ ਕੇਸ ਨਾਂ ਪਾਉਣ ਦੀ ਸਲਾਹ ਦਿੱਤੀ। 

ਸੰਗਤ ਵਿੱਚ ਇਸ ਵੇਲੇ ਆਮ ਲਹਿਰ ਦੇਖੀ ਜਾ ਸਕਦੀ ਹੈ ਕਿ ਸਿੱਖ ਪੰਚਾਇਤ ਨੇ ਕਰੋਨਾ ਸਮੇਂ ਟੀਕੇ ਲਗਵਾਉਣ ਦੇ ਪ੍ਰਬੰਧ ਕਰਨੇ, ਘਰਾਂ ਵਿੱਚ ਰਾਸ਼ਨ  ਪਹੁੰਚਾਉਣ, ਹਸਪਤਾਲਾਂ ਵਿੱਚ ਲੰਗਰਾਂ ਦੀ ਸੇਵਾ ਤੋਂ ਸਿਰਫ ਸਿੱਖ ਹੀ ਨਹੀਂ ਸਗੋਂ ਉਹਇੱਥੋਂ ਦੇ ਗ਼ੈਰ-ਸਿੱਖ ਲੋਕਾਂ ਨੇ ਵੀ ਪ੍ਰਸੰਸਾ ਕੀਤੀ ਅਤੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ। ਪੰਚਾਇਤ ਵੱਲੋਂ ਜਾਰੀ ਕੀਤੀ 42 ਪ੍ਰੋਜੈਕਟਾਂ ਦੀ ਲਿਸਟ ਤੋਂ ਪਤਾ ਲੱਗਦਾ ਹੈ ਕਿ ਸਿੱਖ ਪੰਚਾਇਤ ਵਿੱਚ ਅਲੱਗ ਅਲੱਗ ਹੁਨਰ ਰੱਖਣ ਵਾਲੇ, ਧਾਰਮਿਕ ਬਿਰਤੀ, ਸੇਵਾਦਾਰ ਅਤੇ ਅਗਾਂਹਵਧੂ ਸੋਚ ਦੇ ਲੋਕ ਹਨ ਜਿਹਨਾਂ ਦਾ ਹਾਲ ਦੀ ਘੜੀ ਕੋਈ ਤੋੜ ਨਹੀਂ। 

ਸਿੱਖ ਪੰਚਾਇਤ ਨੇ ਆਪਣੀ ਕੰਪੇਨ ਸਿਰਫ ਕੰਮਾਂ ਦੇ ਅਧਾਰ ਤੇ ਹੀ ਸ਼ੁਰੂ ਕੀਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕ ਜੇ ਝੂਠ ਦੇ ਅਧਾਰ ਤੇ ਨੁਕਤਾਚੀਨੀ ਕਰਣਗੇ ਤਾਂ ਗੁਰਦੁਆਰੇ ਵਰਗੀਆਂ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਉਣ ਦੇ ਉਹ ਹੱਕਦਾਰ ਨਹੀਂ। ਉਹਨਾਂ ਦਾ ਇਸ਼ਾਰਾ ਸਿੱਖ ਸੰਗਤ ਬੇਏਰੀਆ ਵੱਲ ਹੀ ਸੀ ਜੋ ਆਪਣੇ ਵਲੋਂ ਕੀਤੇ ਇੱਕ ਵੀ ਕੰਮ ਨੂੰ ਪੇਸ਼ ਨਹੀਂ ਕਰ ਸਕੀ ਸਗੋਂ ਸਿੱਖ ਪੰਚਾਇਤ ਵਿਰੁੱਧ ਨੀਵੇਂ ਪੱਧਰ ਦੀ ਦੂਸ਼ਣਬਾਜੀ ਕਰ ਰਹੀ ਹੈ।