ਅਮਰੀਕੀ ਸਾਂਸਦਾਂ ਨੇ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਰਾਜਦੂਤ ਨੂੰ ਲਿਖਿਆ ਪੱਤਰ

ਅਮਰੀਕੀ ਸਾਂਸਦਾਂ ਨੇ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਰਾਜਦੂਤ ਨੂੰ ਲਿਖਿਆ ਪੱਤਰ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਕਾਂਗਰਸ ਵਿਚ ਅਮਰੀਕਨ-ਸਿੱਖ ਗੁੱਟ ਦੇ ਸਹਿ ਪ੍ਰਧਾਨ ਰਿਪਬਲੀਕਨ ਸੰਸਦ ਮੈਂਬਰ ਜੌਹਨ ਗਰਾਮੈਂਡੀ ਤੇ ਉਸ ਦੇ ਸਾਥੀ ਸੰਸਦ ਮੈਂਬਰਾਂ ਜਿਮ ਕੋਸਟਾ ਤੇ ਸ਼ੈਲੀਆ ਜੈਕਸਨ ਲੀ ਨੇ ਅਮਰੀਕਾ ਵਿਚਲੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇਕ ਪੱਤਰ ਭੇਜਕੇ ਪ੍ਰਦਰਸ਼ਨਕਾਰੀ ਭਾਰਤੀ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਸ਼ਾਤਮਈ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਅਧਿਕਾਰ ਹੈ। 

ਗਰਾਮੈਂਡੀ ਦੇ ਦਫਤਰ ਵੱਲੋਂ ਜਾਰੀ ਪ੍ਰੈਸ ਰਲੀਜ਼ ਅਨੁਸਾਰ ਅਮਰੀਕਨ ਸਿੱਖ ਗੁੱਟ ਨੇ ਸੰਧੂ ਨੂੰ ਹਾਲ ਹੀ ਵਿਚ ਕਿਸਾਨਾਂ ਨੂੰ ਜਬਰਨ ਦਿੱਲੀ ਜਾਣ ਤੋਂ ਰੋਕਣ ਦਾ ਜਿਕਰ ਕੀਤਾ ਹੈ।

ਪੱਤਰ ਵਿਚ ਕਿਹਾ ਗਿਆ ਹੈ ਕਿ "ਪੰਜਾਬ ਤੇ ਹਰਿਆਣਾ ਦੇ ਹਜਾਰਾਂ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸ਼ਾਤਮਈ ਪ੍ਰਦਰਸ਼ਨ ਕਰਨ ਲਈ ਦਿੱਲੀ ਵੱਲ ਨੂੰ ਕੂਚ ਕੀਤਾ ਸੀ ਪਰੰਤੂ ਭਾਰਤ ਸਰਕਾਰ ਨੇ ਇਨਾਂ ਪ੍ਰਦਰਸ਼ਨਕਾਰੀਆਂ ਨਾਲ ਸਖਤੀ ਵਰਤੀ। ਉਨਾਂ ਉਪਰ ਅਥਰੂ ਗੈਸ ਛੱਡੀ, ਪਾਣੀ ਦੀਆਂ ਬੁਛਾਰਾਂ ਮਾਰੀਆਂ, ਲਾਠੀਚਾਰਜ ਕੀਤਾ ਤੇ ਸੜਕਾਂ ਉਪਰ ਵੱਡੇ ਪੱਧਰ ਉਪਰ ਰੋਕਾਂ ਖੜੀਆਂ ਕੀਤੀਆਂ।" ਪੱਤਰ ਵਿਚ ਹੋਰ ਕਿਹਾ ਗਿਆ ਹੈ ਕਿ ਇਨਾਂ ਕਿਸਾਨਾਂ ਵਿਚੋਂ ਬਹੁਤ ਸਾਰਿਆਂ ਦੇ ਬੱਚੇ, ਰਿਸ਼ਤੇਦਾਰ ਤੇ ਮਿੱਤਰ ਅਮਰੀਕੀ ਸ਼ਹਿਰੀ ਹਨ ਜਿਨਾਂ ਨੇ ਕਿਸਾਨਾ ਦੇ ਅੰਦੋਲਨ ਸਬੰਧੀ ਆਪਣੀ ਚਿੰਤਾ ਸਾਡੇ ਨਾਲ ਸਾਂਝੀ ਕੀਤੀ ਹੈ। 

"ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਲੋਕਤੰਤਰ ਵਿਚ ਅਧਿਕਾਰਾਂ ਤੇ ਕਦਰਾਂ-ਕੀਮਤਾਂ ਦੀ ਕਦਰ ਕਰੇ।"

ਗਰਾਮੈਂਡੀ ਨੇ ਕਿਹਾ ਹੈ ਕਿ ਕਾਂਗਰਸ ਵਿਚ ਅਮਰੀਕਨ ਸਿੱਖ ਗੁੱਟ ਦੇ ਸਹਿ ਪ੍ਰਧਾਨ ਵਜੋਂ ਇਨਾਂ ਵਿਖਾਵਕਾਰੀਆਂ ਉਪਰ ਤਸ਼ੱਦਦ ਦੀ ਜਾਣਕਾਰੀ ਮੇਰੇ ਦਫਦਰ ਵਿਚ ਪੁੱਜੀ ਹੈ ਜੋ ਪ੍ਰਦਰਸ਼ਨਕਾਰੀ ਖੇਤੀਬਾੜੀ ਵਿਚ ਸੁਧਾਰਾਂ ਸਬੰਧੀ ਹਾਲ ਹੀ ਵਿਚ ਬਣਾਏ ਕਾਨੂੰਨਾਂ ਬਾਰੇ  ਆਪਣਾ ਵਿਰੋਧ ਪ੍ਰਗਟਾਉਣ ਜਾ ਰਹੇ ਸਨ।

ਪੱਤਰ ਵਿਚ ਉਨਾਂ ਕਿਹਾ ਹੈ ਕਿ ਮੈ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਸ਼ਹਿਰੀਆਂ ਵਿਰੁੱਧ ਦਮਨਕਾਰੀ ਕਾਰਵਾਈ ਬੰਦ ਕਰੇ ਤੇ ਉਨਾਂ ਦੇ ਸ਼ਾਂਤਮਈ ਇਕੱਠ ਦਾ ਸਨਮਾਨ ਕਰੇ।