ਬਰਤਾਨਵੀ ਸੰਸਦ ਮੈਂਬਰ ਵਲੋਂ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ

ਬਰਤਾਨਵੀ ਸੰਸਦ ਮੈਂਬਰ ਵਲੋਂ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ

ਅੰਮ੍ਰਿਤਸਰ ਟਾਈਮਜ਼

ਲੰਡਨ: ਬਰਤਾਨੀਆ ਦੀ ਸੰਸਦ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਦੀ ਸਿੱਖ ਮੈਂਬਰ ਪ੍ਰੀਤ ਕੌਰ ਗਿੱਲ ਨੇ ਯੂਕੇ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਦੇਸ਼ ’ਵਿਚ ਵਧ ਰਹੇ ਸਿੱਖ-ਵਿਰੋਧੀ ਨਫ਼ਰਤੀ ਅਪਰਾਧਾਂ ਖ਼ਿਲਾਫ਼ ‘ਤੁਰੰਤ ਕਦਮ ਚੁੱਕਣ’ ਦਾ ਸੱਦਾ ਦਿੱਤਾ ਹੈ। ਬਰਤਾਨਵੀ ਸਿੱਖਾਂ ਬਾਰੇ ਸਰਬ ਪਾਰਟੀ ਸੰਸਦੀ ਗਰੁੱਪ (ਏਪੀਪੀਜੀ) ਦੀ ਚੇਅਰਮੈਨ ਵਜੋਂ ਗਿੱਲ ਨੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਤੇ ਭਾਈਚਾਰਿਆਂ ਬਾਰੇ ਮੰਤਰੀ ਸਾਈਮਨ ਕਲਾਰਕ ਨੂੰ ਸਾਂਝਾ ਪੱਤਰ ਲਿਖਿਆ ਹੈ। ਪੱਤਰ ਵਿਚ ਸੰਸਦ ਮੈਂਬਰ ਨੇ ਹਾਲ ਹੀ ਵਿਚ ਰਿਲੀਜ਼ ਹੋਏ ਨਫ਼ਰਤੀ ਅਪਰਾਧਾਂ ਬਾਰੇ ਗ੍ਰਹਿ ਵਿਭਾਗ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ। ਇਹ ਅੰਕੜੇ ਮਾਰਚ 2022 ਤੱਕ ਦੇ ਹਨ। ਪ੍ਰੀਤ ਗਿੱਲ ਨੇ ਕਿਹਾ, ‘ਮੈਂ ਇਨ੍ਹਾਂ ਨਵੇਂ ਅੰਕੜਿਆਂ ਬਾਰੇ ਕਾਫ਼ੀ ਚਿੰਤਤ ਹਾਂ। 2021-22 ਦੌਰਾਨ ਸਿੱਖਾਂ ਖ਼ਿਲਾਫ਼ 301 ਨਫ਼ਰਤੀ ਅਪਰਾਧ ਹੋਏ ਹਨ ਜੋ ਕਿ 2020 ਨਾਲੋਂ 112 ਵੱਧ ਹਨ। ਇਸ ਤਰ੍ਹਾਂ ਸਿੱਖਾਂ ਵਿਰੋਧੀ ਨਫ਼ਰਤੀ ਅਪਰਾਧਾਂ ’ਚ 169 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਕੁੱਲ ਮਿਲਾ ਕੇ ਧਾਰਮਿਕ ਨਫ਼ਰਤੀ ਅਪਰਾਧ 38 ਪ੍ਰਤੀਸ਼ਤ ਵਧੇ ਹਨ।’ ਲੇਬਰ ਸੰਸਦ ਮੈਂਬਰ ਨੇ ਪੱਤਰ ਵਿਚ ਇਸ ਖ਼ਤਰਨਾਕ ਰੁਝਾਨ ਬਾਰੇ ਤੁਰੰਤ ਕਦਮ ਚੁੱਕਣ ਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨਫ਼ਰਤੀ ਅਪਰਾਧਾਂ ਦੀ ਰਿਪੋਰਟਿੰਗ ਬਾਰੇ ਏਪੀਪੀਜੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਹਾਲ ਹੀ ਵਿਚ ਮਾਨਚੈਸਟਰ ਵਿਚ ਵਾਪਰੀ ਇਕ ਘਟਨਾ ਦਾ ਹਵਾਲਾ ਵੀ ਦਿੱਤਾ ਜਿੱਥੇ ਸਿੱਖ ਭਾਈਚਾਰੇ ਦੇ ਆਗੂ ਅਵਤਾਰ ਗਿੱਲ ’ਤੇ ਹਮਲਾ ਕੀਤਾ ਗਿਆ ਸੀ।