ਭਾਰਤ ਦਾ ਏਜੰਸੀਆਂ ਦਾ ਸਿਖ ਤੇ ਮਨੁੱਖੀ ਅਧਿਕਾਰਾਂ ਵਿਰੁੱਧ ਵਰਤਾਰਾ ,ਟਰੂਡੋ ਬਨਾਮ ਮੋਦੀ ਸਰਕਾਰ

ਭਾਰਤ ਦਾ ਏਜੰਸੀਆਂ ਦਾ ਸਿਖ ਤੇ ਮਨੁੱਖੀ ਅਧਿਕਾਰਾਂ  ਵਿਰੁੱਧ ਵਰਤਾਰਾ ,ਟਰੂਡੋ ਬਨਾਮ ਮੋਦੀ ਸਰਕਾਰ

ਜੀ-20 ਦੇਸ਼ਾਂ ਦੇ ਸਿਖ਼ਰ ਸੰਮੇਲਨ ਦੀ ਸਮਾਪਤੀ ਪਿੱਛੋਂ ਕੈਨੇਡਾ ਪਰਤ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਗਏ ਬਿਆਨ ਕਿ ਕੈਨੇਡੀਅਨ ਸੂਬੇ ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ,ਨੇ ਪੂਰੀ ਦੁਨੀਆ ਨੂੰ ਹੈਰਾਨ-ਪਰੇਸ਼ਾਨ ਕਰ ਕੇ ਰੱਖ ਦਿੱਤਾ ਹੈ।

ਸਪੀਕਰ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਸੀ ਕਿ ਬੀਤੇ ਹਫ਼ਤੇ ਜੀ-20 ਦੀ ਮੀਟਿੰਗ ਦੌਰਾਨ ਦਿੱਲੀ ਵਿਖੇ ਹੋਈ ਆਪਣੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਸਿੱਧੇ ਤੌਰ 'ਤੇ ਵੀ ਚੁੱਕਿਆ ਸੀ । ਟਰੂਡੋ ਨੇ ਇਸ ਬਾਰੇ ਭਾਰਤ ਸਰਕਾਰ ਉਪਰ ਸਿੱਧੇ ਤੌਰ 'ਤੇ ਦੋਸ਼ ਲਗਾਏ ਅਤੇ ਦੱਸਿਆ ਕਿ ਕੈਨੇਡਾ ਵਿਚ ਕੈਨੇਡੀਅਨ ਨਾਗਰਿਕ ਦੇ ਕਤਲ ਵਿਚ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਹੋਰ ਕਿਹਾ ਕਿ ਇਸ ਮਾਮਲੇ ਦੀ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਵੀਅਰ ਨੂੰ ਵੀ ਆਪ ਜਾਣਕਾਰੀ ਦਿੱਤੀ ਹੈ । 

ਟਰੂਡੋ ਉਪਰੰਤ ਵਿਰੋਧੀ ਧਿਰ ਦੇ ਆਗੂ ਪੋਲੀਵੀਅਰ ਨੇ ਬੋਲਦਿਆਂ ਭਾਈ ਨਿੱਝਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਮਾਮਲੇ 'ਚ ਕੈਨੇਡਾ ਦੇ ਸਾਰੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਸੀ। ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਸਦਨ ਵਿਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਬੋਲਦਿਆਂ ਕਿਹਾ ਸੀ ਕਿ ਭਾਈ ਨਿੱਝਰ ਦੇ ਕੇਸ ਵਿਚ ਇਨਸਾਫ਼ ਮਿਲਣ ਤੱਕ ਚੁੱਪ ਕਰ ਕੇ ਨਹੀਂ ਬੈਠਣਗੇ ।ਇਸੇ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਭਾਈ ਨਿੱਝਰ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਕੈਨੇਡਾ ਦੇ ਨਾਗਰਿਕ ਦੀ ਹੱਤਿਆ ਕਰਨ ਦੇ ਕੇਸ ਵਿਚ ਹੱਥ ਹੋਣ ਦੀ ਸੰਭਾਵਨਾ ਕਰਕੇ ਭਾਰਤ ਦੇ ਦੂਤਘਰ ਤੋਂ ਇਕ ਚੋਟੀ ਦੇ ਕੂਟਨੀਤਕ ਨੂੰ ਦੇਸ਼ 'ਵਿਚੋਂ ਕੱਢਿਆ ਗਿਆ ਹੈ ।ਕੈਨੇਡਾ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਵਿਚ ਭਾਰਤ ਦੇ ਦੂਤਘਰ ਵਿਚ ਰਿਸਰਚ ਐਂਡ ਅਨੈਲਸਿਸ (ਰਾਅ) ਦੇ ਮੁਖੀ ਪਵਨ ਕੁਮਾਰ ਰਾਏ ਨੂੰ ਕੈਨੇਡਾ 'ਚੋਂ ਕੱਢ ਦਿੱਤਾ ਗਿਆ ਹੈ । ਖਬਰਾਂ ਅਨੁਸਾਰ ਟਰੂਡੋ ਨੇ ਇਹ ਮੁੱਦਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ, ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨਾਲ ਵੀ ਵਿਚਾਰਿਆ ਹੈ ।

ਟਰੂਡੋ ਦੇ ਸੰਸਦ ਵਿਚ ਦਿੱਤੇ ਬਿਆਨ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਵਿਚ ਵਰਲਡ ਸਿੱਖ ਆਰਗੇਨਾਈਜੇਸ਼ਨ ਅਤੇ ਉਂਟਾਰੀਓ ਗੁਰਦੁਆਰਾਜ਼ ਕਮੇਟੀ ਸਮੇਤ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂਆਂ ਤੇ ਭਾਰਤ ਦੀ ਦਲ ਖਾਲਸਾ,ਸਿਮਰਨਜੀਤ ਸਿੰਘ ਮਾਨ ਤੇ ਸ੍ਰੋਮਣੀ ਕਮੇਟੀ ਵਲੋਂ ਇਸ ਵਾਰਦਾਤ ਵਿਚ ਭਾਰਤ ਦਾ ਹੱਥ ਹੋਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ । 

ਭਾਰਤ ਸਰਕਾਰ ਨੇ ਵੀ ਬੀਤੇ ਮੰਗਲਵਾਰ ਨੂੰ ਤੁਰਤ-ਫੁਰਤ ਕਾਰਵਾਈ ਕਰਦਿਆਂ ਇਕ ਕੈਨੇਡੀਅਨ ਡਿਪਲੋਮੈਟ ਨੂੰ ਭਾਰਤ ਤੋਂ ਚਲੇ ਜਾਣ ਲਈ ਆਖ ਦਿੱਤਾ ਹੈ ਤੇ ਇਸ ਦੇ ਨਾਲ ਹੀ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਵੀ ਤਲਬ ਕਰ ਲਿਆ ਹੈ। ਇਸ ਨਾਲ ਭਾਰਤ ਸਰਕਾਰ ਦੀ ਪੂਰੀ ਦੁਨੀਆਂ ਵਿਚ ਆਲੋਚਨਾ ਹੋ ਰਹੀ ਹੈ। 

ਯਾਦ ਰਹੇ ਭਾਈ ਹਰਦੀਪ ਸਿੰਘ ਨਿੱਝਰ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਤੇ ਬੀਤੀ 18 ਜੂਨ ਦੀ ਸ਼ਾਮ ਨੂੰ ਅਣਪਛਾਤੇ ਹਮਲਾਵਰਾਂ ਨੇ ਭਾਈ ਨਿੱਝਰ ਦਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਇਸ ਕੇਸ ਵਿਚ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ।

ਅਮਰੀਕਾ ਵਲੋਂ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਉਹ ਟਰੂਡੋ ਵਲੋਂ ਲਾਏ ਗਏ ਦੋਸ਼ਾਂ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹੈ । ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਐਡਰਿਏਨ ਵਾਟਸਨ ਨੇ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਉਠਾਏ ਦੋਸ਼ਾਂ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹਾਂ । ਵਾਟਸਨ ਨੇ ਕਿਹਾ ਕਿ ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਨਾਲ ਨਿਯਮਤ ਸੰਪਰਕ ਵਿਚ ਰਹਿੰਦੇ ਹਾਂ। ਇਹ ਮਹੱਤਵਪੂਰਨ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇ ।

ਇਸ ਤੋਂ ਪਹਿਲਾਂ ਜੀ-20 ਸੰਮੇਲਨ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤ ਵਿਚ ਤਾਂ ਕੋਈ ਬਿਆਨ ਨਹੀਂ ਦਿੱਤਾ ਸੀ ਪਰ ਵੀਅਤਨਾਮ ਵਿਚ ਜਾ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਸੀ ਕਿ ਉਨ੍ਹਾਂ ਨੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਭਾਰਤ ਵਿਚ ਮਨੁੱਖੀ ਅਧਿਕਾਰਾਂ ਦਾ ਆਦਰ-ਮਾਣ ਕਰਨ ਤੇ ਪ੍ਰੈੱਸ ਨੂੰ ਆਜ਼ਾਦੀ ਦੇਣ ਜਿਹੇ ਮੁੱਦੇ ਚੁੱਕੇ ਹਨ। ਬਿਡੇਨ ਨੇ ਇਹ ਵੀ ਕਿਹਾ ਸੀ ਕਿ ਭਾਰਤ ਵਿਚ ਮਨੁੱਖੀ ਹਕ ਸੁਰਖਿਅਤ ਨਹੀਂ ਹਨ।ਅਮਰੀਕਾ ਤੇ ਕੈਨੇਡਾ ਵਿਚਾਲੇ 8,891 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਦੀ ਸਾਂਝ ਹੈ। ਇਸੇ ਲਈ ਹਮੇਸ਼ਾ ਦੋਵਾਂ ਦੇ ਇਕਜੁੱਟਤਾ ਨਾਲ ਅੱਗੇ ਵਧਣ ਦੀ ਗੱਲ ਕੀਤੀ ਜਾਂਦੀ ਹੈ।

ਕੁਝ ਵੀ ਹੋਵੇ, ਕੈਨੇਡਾ ਤੇ ਅਮਰੀਕਾ ਜਿਹੇ ਵਿਕਸਤ ਪੱਛਮੀ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿਚਾਲੇ ਇੰਜ ਖਟਾਸ ਪੈਦਾ ਨਹੀਂ ਹੋਣੀ ਚਾਹੀਦੀ।ਪਰ ਇਸ ਦੀਆਂ ਜ਼ਿੰਮੇਵਾਰ ਭਾਰਤੀ ਏਜੰਸੀਆਂ ਹਨ ਜਿਹਨਾਂ ਉਪਰ ਕੈਨੇਡਾ ਸਰਕਾਰ ਤੇ ਇਸ ਦੀ ਵਿਰੋਧੀ ਧਿਰ ਇਲਜ਼ਾਮ ਲਗਾ ਰਹੀ ਹੈ ਕਿ ਕੈਨੇਡਾ ਵਿਚ ਭਾਰਤੀ ਏਜੰਸੀਆਂ ਦੀ ਬੇਲੋੜੀ ਦਖਲਅੰਦਾਜ਼ੀ ਵਧ ਰਹੀ ਹੈ ਜੋ ਕੈਨੇਡਾ ਦੇਸ ਦੀ ਪ੍ਰਭੂ ਸਤਾ ਲਈ ਖਤਰਨਾਕ ਹੈ।ਕੈਨੇਡਾ ਵਿਚ ਵਸਣ ਵਾਲੇ ਭਾਰਤੀਆਂ ਦੀ ਗਿਣਤੀ 18 ਕੁ ਲੱਖ ਹੈ ਜਿਨ੍ਹਾਂ ਵਿਚੋਂ ਲਗਪਗ 8 ਲੱਖ ਪੰਜਾਬੀ ਹਨ। ਬਹੁਗਿਣਤੀ ਸਿਖਾਂ ਦੀ ਹੈ।ਸਿਖਾਂ ਦਾ ਕੈਨੇਡਾ ਵਿਚ ਮਨੁੱਖੀ ਸੇਵਾਵਾਂ ਕਰਕੇ ਸਿਆਸਤ ਵਿਚ ਵੱਡਾ ਪ੍ਰਭਾਵ ਹੈ।ਇੰਜ ਹੀ ਅਮਰੀਕਾ ਵਿਚ 48 ਲੱਖ ਦੇ ਲਗਪਗ ਭਾਰਤੀ ਰਹਿ ਰਹੇ ਹਨ ਜਿਨ੍ਹਾਂ ਵਿਚੋਂ 21 ਲੱਖ ਪੰਜਾਬੀ ਹਨ। ਦੋਵੇਂ ਦੇਸ਼ਾਂ ਨਾਲ ਭਾਰਤ ਦਾ ਚੋਖਾ ਵਪਾਰ ਵੀ ਹੁੰਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਲਈ ਕੈਨੇਡਾ ਵਿਚ ਚੱਲ ਰਹੀਆਂ ਭਾਰਤ ਵਿਰੋਧੀ ਖਾਲਿਸਤਾਨੀ ਗਤੀਵਿਧੀਆਂ ’ਤੇ ਚਿੰਤਾ ਪ੍ਰਗਟਾਈ ਸੀ ਪਰ ਜਸਟਿਨ ਟਰੂਡੋ ਨੇ ਸਾਫ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਹਰੇਕ ਨੂੰ ਬੋਲਣ ਤੇ ਪ੍ਰਗਟਾਵੇ ਦਾ ਹਕ ਦਿੰਦਾ ਹੈ।ਪਰ ਹਿੰਸਾ ਦਾ ਨਹੀਂ। ਜਦ ਕਿ ਮੋਦੀ ਸਰਕਾਰ ਜਮਹੂਰੀ ਢੰਗ ਨਾਲ ਚਲ ਰਹੀਆਂ ਖਾਲਿਸਤਾਨੀ ਗਤੀਵਿਧੀਆਂ ਨੂੰ ਰੋਕਣ ਬਾਰੇ ਟਰੂਡੋ ਉਪਰ ਦਬਾਅ ਬਣਾ ਰਹੀ ਸੀ।ਹੁਣੇ ਜਿਹੇ ਤਣਾਅ ਦੇ ਦੌਰ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹ 'ਭਾਰਤ ਨੂੰ ਭੜਕਾਉਣਾ ਜਾਂ ਤਣਾਅ ਵਧਾਉਣਾ' ਨਹੀਂ ਚਾਹੁੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਨਵੀਂ ਦਿੱਲੀ ਤੋਂ ਸਿੱਖ ਵੱਖਵਾਦੀ ਨੇਤਾ ਨਿਝਰ ਦੀ ਹੱਤਿਆ ਨੂੰ "ਬਹੁਤ ਗੰਭੀਰਤਾ ਨਾਲ" ਲੈਣ ਦੀ ਅਪੀਲ ਕੀਤੀ। ਅਸੀਂ ਹਰ ਚੀਜ਼ ਨੂੰ ਸਪੱਸ਼ਟ ਕਰਨ ਅਤੇ ਸਹੀ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।'' 

ਭਾਰਤ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ''ਬੇਬੁਨਿਆਦ'' ਕਹਿ ਕੇ ਸਿਰੇ ਤੋਂ ਰੱਦ ਕਰ ਦਿੱਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਖ਼ਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਭਾਰਤ ਸਰਕਾਰ ਦੇ ਏਜੰਟ ਵਿਚਕਾਰ "ਸੰਭਾਵਤ ਤੌਰ 'ਤੇ ਕੁਝ ਸਬੰਧ" ਸਨ। 

ਇਸ ਵਿਚ ਕੋਈ ਸ਼ਕ ਨਹੀਂ ਦੋਹਾਂ ਦੇਸਾਂ ਦੇ ਸੰਬੰਧ ਉਘੇ ਤੇ ਨਿਘੇ ਰਹਿਣੇ ਚਾਹੀਦੇ ਹਨ। ਪਰ ਮਨੁੱਖੀ ਅਧਿਕਾਰਾਂ ,ਸਿਖ ਹਕਾਂ ਦਾ ਸਨਮਾਨ ਹੋਣਾ ਚਾਹੀਦਾ ਹੈ।ਭਾਰਤ ਵਿਚ ਘਟ ਗਿਣਤੀਆਂ ਤੇ ਦਲਿਤ ਦੇ ਹਕ ਸੁਰਖਿਅਤ ਨਹੀਂ।ਕਾਲੇ ਕਨੂੰਨਾਂ ਤਹਿਤ ਬੇਵਜਾ ਸਿਖਾਂ ਤੇ ਘਟ ਗਿਣਤੀਆਂ ਨੂੰ ਜਲੀਲ ਕੀਤਾ ਜਾ ਰਿਹਾ ਹੈ।ਅਸਟ੍ਰੇਲੀਆ ਵਿਚ ਮੰਦਰ ਵਿਚ ਖਾਲਿਸਤਾਨੀ ਨਾਰਿਆਂ ਪਿਛੇ ਆਸਟਰੇਲੀਆ ਸਰਕਾਰ ਨੇ ਖਾਲਿਸਤਾਨੀਆਂ ਨੂੰ ਨਿਰਦੋਸ਼ ਸਾਬਤ ਕੀਤਾ ਤੇ ਸਿਧੇ ਤੌਰ ਉਪਰ ਭਗਵਿਆਂ ਉਪਰ ਦੋਸ਼ ਮੜੇ ਤੇ ਮੰਦਰ ਕਮੇਟੀ ਬਾਰੇ ਕਿਹਾ ਕਿ ਉਸਨੇ ਸਹਿਯੋਗ ਨਹੀਂ ਦਿਤਾ।ਮੋਦੀ ਸਰਕਾਰ ਨੂੰ ਇਸ ਮਾਮਲੇ ਬਾਰੇ ਸੋਚ ਸਮਝਕੇ ਚਲਣਾ ਚਾਹੀਦਾ ਹੈ,ਕਿਉਂਕਿ ਇਹਨਾਂ ਮਾਮਲਿਆਂ ਬਾਰੇ ਭਾਰਤ ਦੀ ਕਿਰਕਰੀ ਹੋ ਰਹੀ ਹੈ। ਸਿਖ ਕੌਮ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਭਾਰਤ ਸਰਕਾਰ ਨੂੰ ਗਲਬਾਤ ਦਾ ਰਾਹ ਅਪਨਾਉਣਾ ਚਾਹੀਦਾ ਹੈ।

 

ਰਜਿੰਦਰ ਸਿੰਘ ਪੁਰੇਵਾਲ