ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 27 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਸਤਾਰ ਵਾਸਤੇ ਸਾਡੀ ਕੌਮ ਨੇ ਬਹੁਤ ਵੱਡੀਆਂ ਘਾਲਣਾ ਘੱਲੀਆਂ ਤੇ ਸ਼ਹਾਦਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਅੱਜ ਸਾਰੀ ਜ਼ਿੰਮੇਵਾਰੀ ਬਣਦੀ ਹੈ ਕਿ ਦਸਤਾਰ ’ਤੇ ਕੋਈ ਦਾਗ ਨਾ ਲੱਗਣ ਦੇਈਏ।

ਉਹਨਾਂ ਕਿਹਾ ਕਿ ਦਸਤਾਰ ਸਾਡੇ ਪੁਰਖ਼ਿਆਂ ਦਾ ਕਿਰਦਾਰ ਵੀ ਦੱਸਦੀ ਹੈ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ੀ ਦਸਤਾਰ ਨੂੰ ਸੰਭਾਲ ਕੇ ਰੱਖਿਆ। ਉਹਨਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਸਮੇਤ ਸਾਡੀ ਕੌਮ ਵੱਲੋਂ ਦਸਤਾਰਾਂ ਦੀ ਸੰਭਾਲ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ।

ਉਹਨਾਂ ਕਿਹਾ ਕਿ ਕਿਸੇ ਸਮੇਂ ਵਿਚ ਇਹ ਵੀ ਕਿਹਾ ਜਾਂਦਾ ਸੀ ਕਿ ਜੇਕਰ ਕਿਸੇ ਬੱਸ ਵਿਚ ਜਾਂ ਰੇਲ ਗੱਡੀ ਦੇ ਡੱਬੇ ਵਿਚ ਇਕ ਦਸਤਾਰਧਾਰੀ ਸਿੱਖ ਬੈਠਾ ਹੈ ਤਾਂ ਉਸ ਵਿਚ ਸਫਰ ਕਰ ਰਹੀਆਂ ਬੀਬੀਆਂ ਸੁਰੱਖਿਅਤ ਹਨ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਕਮੇਟੀਆਂ ਹਮੇਸ਼ਾ ਸਿੱਖੀ ਵਾਸਤੇ ਕੰਮ ਕਰਦੀਆਂ ਹਨ ਪਰ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਮਾਪਿਆਂ ਦੀ ਬਣਦੀ ਹੈ। ਉਹਨਾਂ ਕਿਹਾ ਕਿ ਜੇਕਰ ਮਾਪੇ ਆਪਣੇ ਬੱਚਿਆਂ ਦੇ ਸਿਰ ’ਤੇ ਜੂੜਾ ਅਤੇ ਮੂੰਹ ਵਿਚ ੳ ਸ਼ਬਦ ਯਕੀਨੀ ਬਣਾਉਣਗੇ ਤਾਂ ਸਾਡੀ ਕੌਮ ਤੇ ਸਾਡਾ ਅਮੀਰ ਵਿਰਸਾ ਸੰਭਾਲਿਆ ਰਹੇਗਾ।

ਉਹਨਾਂ ਕਿਹਾ ਕਿ ਇਸ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਕੋਈ ਪਹਿਲੇ, ਦੂਜੇ ਜਾਂ ਤੀਜੇ ਸਥਾਨ ’ਤੇ ਨਹੀਂ ਆਇਆ ਬਲਕਿ ਜਿਹਨਾਂ ਨੇ ਸਾਰਿਆਂ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਹਿੱਸਾ ਲਿਆ, ਉਹ ਸਾਰੇ ਹੀ ਜੇਤੂ ਹਨ। ਉਹਨਾਂ ਕਿਹਾ ਕਿ ਅੱਜ ਉਹਨਾਂ ਆਪ ਦਸਤਾਰਾਂ ਸਜਾਈਆਂ ਹਨ ਤੇ ਵੱਡੇ ਹੋ ਕੇ ਤੁਸੀਂ ਆਪਣੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਦਾ ਕੰਮ ਕਰਨਾ ਹੈ।

ਉਹਨਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਵਾਸਤੇ ਦਿੱਲੀ ਕਮੇਟੀ ਲਗਾਤਾਰ ਮਿਹਨਤ ਕਰ ਰਹੀ ਹੈ ਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਗਰਮੀ ਦੀਆਂ ਛੁੱਟੀਆਂ ਵਿਚ ਕੈਂਪ ਲਗਾਇਆ ਗਿਆ ਜਿਸ ਵਿਚ 14 ਹਜ਼ਾਰ ਬੱਚਿਆਂ ਨੇ ਸ਼ਮੂਲੀਅਤ ਕੀਤੀ ਸੀ ਤੇ ਹੁਣ ਜਾਪਦਾ ਹੈ ਕਿ ਆਉਂਦੇ ਸਮੇਂ ਵਿਚ ਸਾਡੇ ਕੋਲ ਹਾਲ ਛੋਟਾ ਪੈ ਜਾਵੇਗਾ ਜਿਥੇ ਇਹ ਕੈਂਪ ਲਗਾਇਆ ਜਾਂਦਾ ਹੈ।

ਉਹਨਾਂ ਕਿਹਾ ਕਿ ਸਰਦਾਰ ਕਰਮਸਰ ਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

ਇਸ ਮੌਕੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਭਾਗ ਲੈਣ ਵਾਸਤੇ ਉਤਸ਼ਾਹ ਵਿਖਾਉਣ ’ਤੇ ਸਮੁੱਚੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰੀਕੇ ਹੀ ਅਸੀਂ ਆਪਣੇ ਵਿਰਸੇ ਤੇ ਆਪਣੀ ਕੌਮ ਦੀ ਵਿਲੱਖਣ ਪਛਾਣ ਨੂੰ ਕਾਇਮ ਰੱਖ ਸਕਦੇ ਹਾਂ ਜਿਵੇਂ ਅਸੀਂ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਂਦੇ ਰਹੀਏ ਅਤੇ ਗੁਰਸਿੱਖੀ ਜੀਵਨ ਨਾਲ ਜੁੜੇ ਰਹੀਏ ਤੇ ਗੁਰਬਾਣੀ ਦਾ ਨਿਰੰਤਰ ਸਿਮਰਣ ਕਰੀਏ।