ਜੇਲ੍ਹਾਂ ਅੰਦਰ ਡਰਗ ,ਗੈਂਗਸਟਰਾਂ ਦਾ ਕਰਾਈਮ ਰੋਕਣ ਲਈ ਸਿਆਸੀ ਦਿ੍ੜ੍ਹ ਇੱਛਾ ਸ਼ਕਤੀ ਦੀ ਲੋੜ

ਜੇਲ੍ਹਾਂ ਅੰਦਰ ਡਰਗ ,ਗੈਂਗਸਟਰਾਂ ਦਾ ਕਰਾਈਮ ਰੋਕਣ ਲਈ ਸਿਆਸੀ ਦਿ੍ੜ੍ਹ ਇੱਛਾ ਸ਼ਕਤੀ ਦੀ ਲੋੜ

ਪੰਜਾਬ ਦੀਆਂ 40 ਜੇਲ੍ਹਾਂ ’ਚ ਇਸ ਵੇਲੇ 31218 ਕੈਦੀ ਨਜ਼ਰਬੰਦ ਹਨ ਜਦਕਿ ਇਨ੍ਹਾਂ ਦੀ ਸਮਰੱਥਾ 25536 ਹੈ।

ਜੇਲ੍ਹਾਂ ਦਾ ਨਾਂ ਭਾਵੇਂ ਸੁਧਾਰ ਘਰ ਰੱਖਿਆ ਗਿਆ ਹੈ ਪਰ ਆਮ ਵੇਖਿਆ ਗਿਆ ਹੈ ਕਿ ਇਨ੍ਹਾਂ ’ਚੋਂ ਵਾਪਸ ਆਉਣ ਤੋਂ ਬਾਅਦ ਬਹੁਤ ਸਾਰੇ ਕੈਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਝਗੜਾਲੂ, ਹੈਂਕੜਬਾਜ਼ ਤੇ ਨੈਤਿਕ ਨਿਘਾਰ ਵਾਲੀਆਂ ਬਹੁਤ ਸਾਰੀਆਂ ਹੋਰ ਬੁਰੀਆਂ ਆਦਤਾਂ ਨਾਲ ਲੈ ਕੇ ਆਉਂਦੇ ਹਨ। ਨਸ਼ਾ ਤਸਕਰੀ ਦੇ ਨਵੇਂ-ਨਵੇਂ ਢੰਗ ਉਹ ਜੇਲ੍ਹ ’ਚੋਂ ਹੀ ਸਿੱਖ ਕੇ ਆਉਂਦੇ ਹਨ।

ਜੇਲ੍ਹਾਂ ’ਚੋਂ ਰਿਹਾਈ ਵੇਲੇ ਪਾਕਿਸਤਾਨੀ ਤਸਕਰਾਂ ਦੇ ਮੋਬਾਈਲ ਨੰਬਰ ਪ੍ਰਾਪਤ ਕਰਨ ਉਪਰੰਤ ਸਰਹੱਦ ਪਾਰੋਂ ਡ੍ਰੋਨਾਂ ਰਾਹੀਂ ਨਸ਼ੇ ਦੀ ਤਸਕਰੀ ਕਰਨ ਵਾਲੇ ਬਹੁਤ ਸਾਰੇ ਅਜਿਹੇ ਮੁਲਜ਼ਮ ਪੁਲਿਸ ਦੇ ਧੱਕੇ ਵੀ ਚੜ੍ਹੇ ਹਨ। ਪੰਜਾਬ ਦੀਆਂ ਜੇਲ੍ਹਾਂ ’ਚ ਨਸ਼ਾ, ਮੋਬਾਈਲ, ਬਾਹਰਲੇ ਤਸਕਰਾਂ ਨਾਲ ਸਬੰਧ, ਮੋਬਾਈਲ ਫੋਨਾਂ ਰਾਹੀਂ ਨਸ਼ੇ ਦਾ ਕਾਰੋਬਾਰ, ਜੇਲ੍ਹ ’ਚ ਬੈਠੇ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀਆਂ, ਮੋਬਾਈਲ ’ਤੇ ਐਸ਼ਪ੍ਰਸਤੀ ਨੂੰ ਦਰਸਾਉਂਦੀਆਂ ਸੈਲਫੀਆਂ ਦਾ ਜੇਲ੍ਹ ਤੋਂ ਬਾਹਰ ਵਾਇਰਲ ਹੋਣਾ ਅੱਜ-ਕੱਲ੍ਹ ਬਹੁਤਕ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪੰਜਾਬ ਦੀ ਇਕ ਜੇਲ੍ਹ ਤੋਂ ਸਜ਼ਾ ਕੱਟ ਕੇ ਬਾਹਰ ਆਏ ਕੈਦੀ ਨੇ ਸਨਖਨੀਖ਼ੇਜ਼ ਖ਼ੁਲਾਸਾ ਕਰਦਿਆਂ ਪ੍ਰਗਟਾਵਾ ਕੀਤਾ ਹੈ ਕਿ ਜੇਲ੍ਹ ’ਚ ਹਰ ਤਰ੍ਹਾਂ ਦਾ ਨਸ਼ਾ, ਮੋਬਾਈਲ ਅਤੇ ਹੋਰ ਸੁੱਖ-ਸਹੂਲਤਾਂ ਪੈਸੇ ਅਤੇ ਬਾਹੂਬਲ ਦੇ ਜ਼ੋਰ ’ਤੇ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਕਮਜ਼ੋਰ ਵਰਗ ਤੇ ਗ਼ਰੀਬ ਤਬਕੇ ਦੀ ਜੇਲ੍ਹ ’ਚ ਕੋਈ ਪੁੱਛ ਪ੍ਰਤੀਤ ਨਹੀਂ ਪਰ ਬਦਮਾਸ਼ਾਂ ਅਤੇ ਦੋ ਨੰਬਰ ਦੀ ਕਮਾਈ ਕਰਨ ਵਾਲਿਆਂ ਲਈ ਜੇਲ੍ਹਾਂ ਐਸ਼ਪ੍ਰਸਤੀ ਦਾ ਅੱਡਾ ਬਣੀਆਂ ਹੋਈਆਂ ਹਨ। ਜੇਲ੍ਹਾਂ ’ਚ ਅਜਿਹੇ ਵਰਤਾਰੇ ਦਾ ਕੱਚਾ ਚਿੱਠਾ ਸ਼ਿਕਾਇਤ ਦੇ ਰੂਪ ’ਚ ਜਿੱਥੇ ਉਸ ਜ਼ਿਲ੍ਹੇ ਦੇ ਸਜ਼ਾ ਕੱਟ ਚੁੱਕੇ ਕੈਦੀ ਵੱਲੋਂ ਐੱਸਐੱਸਪੀ ਨੂੰ ਭੇਜਿਆ ਗਿਆ ਹੈ, ਉੱਥੇ ਹੀ ਸਾਰਾ ਕੁਝ ਦੱਸ ਕੇ ਵੀਡੀਓ ਜਨਤਕ ਕੀਤੀ ਹੈ। ਜੇਲ੍ਹ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਉਸ ਨੇ ਪ੍ਰਗਟਾਵਾ ਕੀਤਾ ਕਿ ਇਹ ਸਾਰਾ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਕੀਤਾ ਜਾਂਦਾ ਹੈ।ਜਿਹੜਾ ਕੈਦੀ ਇਸ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸ ਨੂੰ ਜੇਲ੍ਹ ਅਧਿਕਾਰੀਆਂ ਤੋਂ ਤਸੀਹੇ ਸਹਿਣੇ ਪੈਂਦੇ ਹਨ। ਗੇਟ ਦੇ ਅੰਦਰ ਆਉਣ-ਜਾਣ ਵਾਲੇ ’ਤੇ ਬਾਜ਼ ਅੱਖ ਰੱਖੀ ਜਾਂਦੀ ਹੈ, ਫਿਰ ਭਲਾ ਅੰਦਰ ਨਸ਼ਾ ਅਤੇ ਹੋਰ ਨਾਜ਼ਾਇਜ਼ ਸਾਮਾਨ ਕਿਵੇਂ ਪਹੁੰਚਦਾ ਹੈ?

ਇਸ ਸਬੰਧੀ ਕੈਦੀ ਨੇ ਖ਼ੁਲਾਸਾ ਕੀਤਾ ਹੈ ਕਿ ਕੈਦੀਆਂ ਦੀਆਂ ਬਣੀਆਂ ਬੈਰਕਾਂ ’ਚੋਂ ਪਹੁੰਚ ਵਾਲੇ ਕੈਦੀਆਂ ਨੂੰ ਬੈਰਕ ਦਾ ਨੰਬਰਦਾਰ ਬਣਾ ਦਿੱਤਾ ਜਾਂਦਾ ਹੈ ਅਤੇ ਉਸ ਰਾਹੀਂ ਹੀ ਇਹ ਗੋਰਖਧੰਦਾ ਚੱਲਦਾ ਹੈ। ਦੁਪਹਿਰ ਬਾਰਾਂ-ਇਕ ਵਜੇ ਅਤੇ ਫਿਰ ਸ਼ਾਮ ਨੂੰ ਬਾਹਰੋਂ ਇਕ ਪੋਟਲੀ ਜਿਹੀ ਬਣਾ ਕੇ ਸਾਮਾਨ ਸੁੱਟਿਆ ਜਾਂਦਾ ਹੈ, ਜਿਸ ’ਚ ਮੋਬਾਈਲ ਫੋਨ, ਚਿੱਟਾ, ਜ਼ਰਦਾ, ਅਫ਼ੀਮ, ਸੁਲਫਾ, ਬੀੜੀਆਂ ਦੇ ਬੰਡਲ, ਮੈਡੀਕਲ ਨਸ਼ੇ ਵਾਲੀਆਂ ਗੋਲ਼ੀਆਂ, ਸਿਗਨੇਚਰ ਕੈਪਸੂਲ ਆਦਿ ਸਾਮਾਨ ਪੈਕ ਹੁੰਦਾ ਹੈ।  ਇਸ ਸਾਮਾਨ ਨੂੰ ਨੰਬਰਦਾਰ ਹੀ ਸੰਭਾਲਦਾ ਹੈ ਅਤੇ ਫਿਰ ਮਹਿੰਗੇ ਭਾਅ ’ਤੇ ਕੈਦੀਆਂ ਨੂੰ ਸਪਲਾਈ ਕੀਤਾ ਜਾਂਦਾ ਹੈ।

ਜ਼ਰਦੇ ਦੀ 10 ਰੁਪਏ ਵਾਲੀ ਪੁੜੀ ਅਗਾਂਹ 500 ਤੋਂ 1000 ਰੁਪਏ ਤੱਕ ਵੇਚੀ ਜਾਂਦੀ ਹੈ। ਇਸ ਤਰੀਕੇ ਨਾਲ ਹੀ ਸਾਧਾਰਨ ਹਜ਼ਾਰ ਰੁਪਏ ਵਾਲਾ ਮੋਬਾਈਲ ਵੀਹ ਹਜ਼ਾਰ ਰੁਪਏ ਤੱਕ ਵੇਚਿਆ ਜਾਂਦਾ ਹੈ। ਬਾਹਰੋਂ ਸਾਮਾਨ ਸੁੱਟਣ ਵਾਲੇ ਨਾਲ ਨੰਬਰਦਾਰ ਦੀ ਅੱਟੀ-ਸੱਟੀ ਹੁੰਦੀ ਹੈ ਅਤੇ ਜੇਲ੍ਹ ’ਚ ਚੱਲ ਰਹੇ ਕਾਰੋਬਾਰ ’ਚ ਜੇਲ੍ਹ ਮੁਲਾਜ਼ਮਾਂ ਦੀ ਮਿਲੀਭੁਗਤ ਹੁੰਦੀ ਹੈ ਅਤੇ ਉਹ ਇਸ ਕਾਲੀ ਕਮਾਈ ਨੂੰ ਬਾਅਦ ’ਚ ਵੰਡ ਲੈਂਦੇ ਹਨ। ਮਾਨਸਾ ਜ਼ਿਲ੍ਹੇ ਨਾਲ ਸਬੰਧਤ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਕੈਦੀ ਦੇ ਦੋਸ਼ਾਂ ਦੀ ਜਦੋਂ ਉੱਚ ਪੱਧਰੀ ਪੜਤਾਲ ਕੀਤੀ ਗਈ ਤਾਂ ਦੋਸ਼ ਸਹੀ ਪਾਏ ਗਏ ਅਤੇ ਮਾਨਸਾ ਜੇਲ੍ਹ ਦੇ 2 ਸਹਾਇਕ ਸੁਪਰਡੈਂਟਾਂ ਸਮੇਤ 6 ਮੁਲਾਜ਼ਮਾਂ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।

ਪੰਦਰਾਂ ਫਰਵਰੀ 2023 ਨੂੰ ਫ਼ਰੀਦਕੋਟ ਕੇਂਦਰੀ ਮਾਡਰਨ ਜੇਲ੍ਹ ’ਚ ਹੈੱਡ ਵਾਰਡਨ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ’ਚ ਗਿ੍ਫ਼ਤਾਰ ਕੀਤਾ ਗਿਆ। ਜਿਸ ਕੈਦੀ ਨੂੰ ਉਹ ਹੈਰੋਇਨ ਸਪਲਾਈ ਕਰਦਾ ਫੜਿਆ ਗਿਆ, ਉਸ ਦੀ ਕੀਤੀ ਪੁੱਛਗਿੱਛ ਉਪਰੰਤ ਜੇਲ੍ਹ ’ਚ ਨਸ਼ਾ ਵੇਚਣ ਵਾਲਾ ਗਿਰੋਹ ਹੀ ਫੜਿਆ ਗਿਆ। ਇਸ ਕਾਲੇ ਧੰਦੇ ਦੇ ਕਾਰੋਬਾਰ ਦਾ ਲੈਣ-ਦੇਣ ਮੋਬਾਈਲ ਰਾਹੀਂ ਕੀਤਾ ਜਾਂਦਾ ਸੀ। ਜਦ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ, ਫਿਰ ਜਾਨ-ਮਾਲ ਨੂੰ ਗੰਭੀਰ ਖ਼ਤਰਾ ਹੋਣਾ ਹੀ ਹੈ।

 ਇਕ ਪਾਸੇ ਨਸ਼ਾ ਮੁਕਤ ਸਮਾਜ ਸਿਰਜਣ ਦੇ ਸਰਕਾਰੀ ਯਤਨ ਅਤੇ ਦੂਜੇ ਪਾਸੇ ਪੰਜਾਬ ਦੀਆਂ ਬਹੁਤ ਸਾਰੀਆਂ ਜੇਲ੍ਹਾਂ ਦੀ ਨਸ਼ੇ ਦੀ ਮੰਡੀ ਵਜੋਂ ਪਛਾਣ ਬਣਨਾ ਬਹੁਤ ਗੰਭੀਰ ਚਿੰਤਾ ਵਾਲੀ ਗੱਲ ਹੈ। ਪਿਛਲੇ ਦਿਨੀਂ ਗੁਜਰਾਤ ਦੇ ਅਹਿਮਦਾਬਾਦ ’ਚ ਨਾਜਾਇਜ਼ ਮੈਡੀਕਲ ਨਸ਼ੇ ਦੀਆਂ ਦਵਾਈਆਂ ਤਿਆਰ ਕਰਨ ਵਾਲੀ ਫੈਕਟਰੀ ਦਾ ਪਰਦਾਫ਼ਾਸ਼ ਹੋਇਆ ਹੈ। ਉੱਥੋਂ ਨਸ਼ੇ ਵਾਲੀਆਂ ਦਵਾਈਆਂ ਦੀ ਸਪਲਾਈ ਗੋਇੰਦਵਾਲ ਸਾਹਿਬ ਅਤੇ ਮਾਨਸਾ ਜੇਲ੍ਹ ’ਚ ਬੰਦ ਕੁਝ ਹਵਾਲਾਤੀ ਮੋਬਾਈਲ ਰਾਹੀਂ ਹੀ ਕਰਵਾ ਰਹੇ ਸਨ।

ਇਸ ਤਰ੍ਹਾਂ ਹੀ ਜੇਲ੍ਹ ’ਚ ਬੰਦ ਇਕ ਹਤਿਆਰੇ ਦੀ ਜਾਰੀ ਇਕ ਸੈਲਫੀ ਵੀਡੀਓ ਦਾ ਅਦਾਲਤ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਸੂਬੇ ਦੇ ਡੀਜੀਪੀ ਨੂੰ ਹਲਫ਼ੀਆ ਬਿਆਨ ਦਾਖ਼ਲ ਕੀਤੇ ਜਾਣ ਦਾ ਦਿੱਤਾ ਗਿਆ ਨਿਰਦੇਸ਼ ਵੀ ਪੰਜਾਬ ਦੀਆਂ ਜੇਲ੍ਹਾਂ ਅੰਦਰ ਅਪਰਾਧੀਆਂ ਦੇ ਦਬਦਬੇ ਨੂੰ ਦਰਸਾਉਣ ਲਈ ਕਾਫ਼ੀ ਮੰਨਿਆ ਜਾ ਸਕਦਾ ਹੈ।

ਇਸ ਸੈਲਫੀ ’ਚ ਉਕਤ ਹੱਤਿਆ ਦਾ ਦੋਸ਼ੀ ਅਤੇ ਉਸ ਨਾਲ ਖੜ੍ਹੇ ਕਈ ਹੋਰ ਕੈਦੀਆਂ ਦੇ ਹੱਥਾਂ ’ਚ ਮੋਬਾਈਲ ਫੋਨ ਫੜੇ ਦਿਖਾਈ ਦੇ ਰਹੇ ਹਨ। ਐਦਾਂ ਹੀ ਪਾਕਸੋ ਐਕਟ ਦੀ ਧਾਰਾ 376 ਅਧੀਨ ਜਬਰ-ਜਨਾਹ ਦਾ ਦੋਸ਼ੀ ਜੇਲ੍ਹ ਅੰਦਰੋਂ ਪੀੜਤ ਕੁੜੀ ਨੂੰ ਜੇਲ੍ਹ ’ਚ ਵੀਡੀਓ ਬਣਾ ਕੇ ਭੇਜਦਾ ਹੈ, ਜਿਸ ’ਚ ਉਹ ਆਪਣੇ ਦੋ-ਤਿੰਨ ਸਾਥੀਆਂ ਨਾਲ ਟੀਵੀ ਅੱਗੇ ਬੈਠਾ ਸ਼ੁਗਲ ਮੇਲਾ ਕਰ ਰਿਹਾ ਹੈ।

ਕੈਦੀ ਦੀ ਇਸ ਹਰਕਤ ਸਬੰਧੀ ਵੀ ਅਦਾਲਤ ਦੇ ਆਦੇਸ਼ ਅਨੁਸਾਰ ਪੜਤਾਲ ਹੋ ਰਹੀ ਹੈ। ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਕੈਦੀਆਂ ਵੱਲੋਂ ਅਮਨ ਕਾਨੂੰਨ ਭੰਗ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਦਾ ਹਾਈ ਕੋਰਟ ਨੇ ਗੰਭੀਰ ਨੋਟਿਸ ਲਿਆ ਹੈ। ਹਾਈ ਕੋਰਟ ਦੇ ਜੱਜ ਐੱਨਐੱਸ ਸ਼ੇਖਾਵਤ ਉਸ ਵੇਲੇ ਬਹੁਤ ਪਰੇਸ਼ਾਨ ਹੋ ਗਏ ਜਦੋਂ ਫ਼ਿਰੋਜ਼ਪੁਰ ਸੈਂਟਰਲ ਜੇਲ੍ਹ ’ਚ ਬੰਦ ਸਮੱਗਲਰਾਂ ਨੂੰ ਫੋਨ ਦੀਆਂ ਸਹੂਲਤਾਂ ਦੇਣ ਦਾ ਕਾਂਡ ਸਾਹਮਣੇ ਆਇਆ। ਇਕ ਸਮੱਗਲਰ ਜੇਲ੍ਹ ’ਚ 1 ਮਾਰਚ 2019 ਤੋਂ 31 ਮਾਰਚ 2019 ਤੱਕ ਅੰਦਰ ਸੀ। ਉਸ ਦੇ ਫੋਨ ਤੋਂ 38850 ਕਾਲਾਂ ਹੋਈਆਂ। ਦੂਜੇ ਕੈਦੀ ਦੇ ਫੋਨ ਤੋਂ 9 ਅਕਤੂਬਰ 2021 ਤੋਂ 14 ਫਰਵਰੀ 2021 ਤੱਕ 4582 ਕਾਲਾਂ ਦਾ ਰਿਕਾਰਡ ਸਾਹਮਣੇ ਆਇਆ ਹੈ।

ਜੇਲ੍ਹ ਅੰਦਰ ਹੋਰ ਵੀ ਕਈ ਫੋਨਾਂ ਤੋਂ ਸੈਂਕੜੇ ਕਾਲਾਂ ਕੀਤੀਆਂ ਗਈਆਂ। ਜੇਲ੍ਹ ’ਚ ਬੰਦ ਦੋ ਤਸਕਰਾਂ ਵੱਲੋਂ ਆਪਣੀਆਂ ਪਤਨੀਆਂ ਦੇ ਖਾਤੇ ’ਚ 1.35 ਕਰੋੜ ਰੁਪਏ ਟਰਾਂਸਫਰ ਕਰਨ ਦਾ ਮਾਮਲਾ ਵੀ ਜੇਲ੍ਹ ਮੁਲਾਜ਼ਮਾਂ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ।

ਹਾਈ ਕੋਰਟ ਨੇ ਕਿਹਾ ਕਿ ਜੇਲ੍ਹਾਂ ’ਚ ਧੰਦਾ ਜ਼ੋਰਾਂ ’ਤੇ ਹੈ ਅਤੇ ਜੇਲ੍ਹ ਅਧਿਕਾਰੀ/ਮੁਲਾਜ਼ਮ ਲੱਖਾਂ ਰੁਪਏ ਕਮਾ ਰਹੇ ਹਨ। ਉਸ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਦੋਸ਼ੀ ਮੁਲਾਜ਼ਮ ’ਤੇ ਕੋਈ ਕਾਰਵਾਈ ਨਾ ਹੋਈ ਤਾਂ ਅਦਾਲਤ ਆਪਣੇ ਪੱਧਰ ’ਤੇ ਕਾਰਵਾਈ ਕਰੇਗੀ।

ਸੀਬੀਆਈ ਅਤੇ ਈਡੀ ਨੂੰ ਜਾਂਚ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਇਕ ਸਰਹੱਦੀ ਸੂਬਾ ਹੈ। ਸਰਹੱਦੀ ਪੱਟੀ ਵਿਚ ਸੁਰੱਖਿਆ ਦਸਤਿਆਂ ਨੂੰ ਹਰ ਵੇਲੇ ਸਮਾਜ ਅਤੇ ਦੇਸ਼ ਵਿਰੋਧੀ ਤਾਕਤਾਂ ਦੀਆਂ ਸਰਗਰਮੀਆਂ ’ਤੇ ਹਮੇਸ਼ਾ ਬਾਜ਼ ਅੱਖ ਰੱਖਣੀ ਪੈਂਦੀ ਹੈ। ਗੁਆਂਢੀ ਮੁਲਕ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਕਾਰਨ ਭਾਰਤ ਅੰਦਰ ਹਥਿਆਰਾਂ ਅਤੇ ਕੈਮੀਕਲ ਨਸ਼ਿਆਂ ਦੀ ਸਪਲਾਈ ਜ਼ੋਰਾਂ ’ਤੇ ਹੁੰਦੀ ਰਹਿੰਦੀ ਹੈ।

ਅਜਿਹੇ ਵਿਚ ਜੇਲ੍ਹਾਂ ਅੰਦਰ ਧੜੱਲੇ ਵਾਪਰ ਰਿਹਾ ਇਹ ਕੁਝ ਵੱਡੇ ਸਵਾਲ ਖੜ੍ਹੇ ਕਰਦਾ ਹੈ। ਜਦੋਂ ਗ਼ੈਰ-ਸਮਾਜੀ ਅਨਸਰ ਸਲਾਖਾਂ ਪਿੱਛੇ ਹੁੰਦੇ ਹਨ ਤਾਂ ਵੀ ਉਨ੍ਹਾਂ ਦੀ ਪੁਸ਼ਤਪਨਾਹੀ ਵੇਖਣ ਨੂੰ ਮਿਲਦੀ ਹੈ। ਇਹੀ ਕਾਰਨ ਹੈ ਕਿ ਅਜੋਕੇ ਦੌਰ ਵਿਚ ਚੋਰੀਆਂ, ਠੱਗੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਚ ਕਾਫ਼ੀ ਵਾਧਾ ਹੋ ਗਿਆ ਹੈ ਤੇ ਗੈਂਗਸਟਰਾਂ ਨੇ ਵੀ ਅੱਤ ਚੁੱਕੀ ਹੋਈ ਹੈ। ਸੂਬੇ ਦੀਆਂ ਜੇਲ੍ਹਾਂ ’ਚ ਅਜਿਹੀਆਂ ਘਟਨਾਵਾਂ ਰੋਕਣ ਲਈ ਸਿਆਸੀ ਦਿ੍ੜ੍ਹ ਇੱਛਾ ਸ਼ਕਤੀ, ਪ੍ਰਸ਼ਾਸਨਿਕ ਸਰਗਰਮੀ ਤੇ ਜੇਲ੍ਹ ਅਧਿਕਾਰੀਆਂ ਦਾ ਡਿਊਟੀ ਪ੍ਰਤੀ ਪ੍ਰਤੀਬੱਧ ਹੋਣਾ ਅਤਿਅੰਤ ਜ਼ਰੂਰੀ ਹੈ।

 

ਮੋਹਨ ਸ਼ਰਮਾ