ਕੈਲੀਫੋਰਨੀਆ ਦੇ ਫਰੀਮਾਂਟ ਸ਼ਹਿਰ ਦੇ 2 ਸਕੂਲਾਂ ਵਿਚ ਅਗਲੇ ਸੈਸ਼ਨ ਤੋਂ ਪੜਾਈ  ਜਾਵੇਗੀ ਹਿੰਦੀ

ਕੈਲੀਫੋਰਨੀਆ ਦੇ ਫਰੀਮਾਂਟ ਸ਼ਹਿਰ ਦੇ 2 ਸਕੂਲਾਂ ਵਿਚ ਅਗਲੇ ਸੈਸ਼ਨ ਤੋਂ ਪੜਾਈ  ਜਾਵੇਗੀ ਹਿੰਦੀ

* ਸਕੂਲ ਬੋਰਡ ਨੇ 4-1 ਵੋਟਾਂ ਨਾਲ ਲਿਆ ਫੈਸਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲਫੋਰਨੀਆ ਦੇ ਫਰੀਮਾਂਟ ਸ਼ਹਿਰ ਦੇ 2 ਪਬਲਿਕ ਸਕੂਲਾਂ ਵਿਚ ਅਗਲੇ ਸੈਸ਼ਨ 2024-25  ਵਿੱਚ ਹਿੰਦੀ ਨੂੰ ਸਿਲੇਬਸ ਵਿਚ ਸ਼ਾਮਿਲ ਕੀਤਾ ਜਾਵੇਗਾ। ਫਰੀਮਾਂਟ ਯੂਨਾਈਟਿਡ ਸਕੂਲ ਡਿਸਟ੍ਰਿਕਟ ਬੋਰਡ ਦੀ ਹੋਈ ਮੀਟਿੰਗ ਵਿਚ 4-1 ਵੋਟਾਂ ਦੇ ਫਰਕ ਨਾਲ ਹਿੰਦੀ ਸਬੰਧੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਹਰੀ ਝੰਡੀ ਦਿੱਤੀ। ਫਰੀਮਾਂਟ ਯੂਨਾਈਟਿਡ ਸਕੂਲ ਡਿਸਟ੍ਰਿਕਟ ਬੋਰਡ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਫਰੀਮਾਂਟ ਵਿਚ ਭਾਰੀ ਗਿਣਤੀ ਵਿਚ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਸ ਨੂੰ ਵੇਖਦੇ ਹੋਏ ਹੌਰਨਰ ਮਿਡਲ ਸਕੂਲ ਤੇ ਇਰਵਿੰਗਟਨ ਹਾਈ ਸਕੂਲ  ਵਿਚ ਹਿੰਦੀ ਨੂੰ ਲਾਗੂ ਕੀਤਾ ਜਾਵੇਗਾ। ਇਨਾਂ ਸਕੂਲਾਂ ਵਿਚ ਭਾਰਤੀ ਅਮਰੀਕੀ ਭਾਈਚਾਰੇ ਦੇ ਬੱਚੇ ਬਹੁਗਿਣਤੀ ਵਿਚ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਮੀਟਿੰਗ ਵਿਚ ਬੋਰਡ ਦੇ ਮੈਂਬਰਾਂ ਜਿਨਾਂ ਵਿਚ ਵਿਵੇਕ ਪ੍ਰਸਾਦ, ਸ਼ਰੋਨ ਕੋਕੋ, ਲੈਰੀ ਸਵੀਨੀ ਤੇ ਪ੍ਰਧਾਨ ਯਾਜਿੰਗ ਝੰਗ ਸ਼ਾਮਿਲ ਹਨ, ਨੇ ਵਿਦਿਆਰਥੀਆਂ ਦੀ ਭਲਾਈ ਲਈ ਹਿੰਦੀ ਪੜਾਉਣ ਦੀ ਤਜਵੀਜ਼ ਦਾ  ਜੋਰਦਾਰ  ਸਮਰਥਨ ਕੀਤਾ।

ਪ੍ਰੈਸ ਬਿਆਨ ਅਨੁਸਾਰ ਬਹੁਤ ਸਾਰੇ ਪ੍ਰਵਾਰਾਂ ਨੇ ਸਕੂਲ ਡਿਸਟ੍ਰਿਕਟ ਨੂੰ ਆਪਸ਼ਨ ਵਿਸ਼ੇ ਵਜੋਂ ਹਿੰਦੀ ਪੜਾਉਣ ਲਈ ਬੇਨਤੀ ਕੀਤੀ ਸੀ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਵਿਵੇਕ ਪ੍ਰਸਾਦ ਨੇ ਹਿੰਦੀ ਸਬੰਧੀ ਪ੍ਰੋਗਰਾਮ ਦੇ ਸਮਰਥਨ ਵਿਚ ਬੋਲਦਿਆਂ ਕਿਹਾ ਕਿ ਹਿੰਦੀ ਭਾਰਤੀ ਅਮਰੀਕੀ ਭਾਈਚਾਰੇ ਲਈ ਵੱਡੀ ਅਹਿਮੀਅਤ ਰਖਦੀ ਹੈ ਇਸ ਲਈ ਮੇਰੇ ਲਈ ਹਿੰਦੀ ਲਾਗੂ ਕਰਨਾ ਮਾਣ ਵਾਲੀ ਗੱਲ ਹੋਵੇਗੀ। ਸ਼ਰੋਨ ਕੋਕੋ ਨੇ ਕਿਹਾ ਕਿ ਜੇਕਰ ਉਕਤ ਸਕੂਲਾਂ ਵਿਚ ਹਿੰਦੀ ਸਬੰਧੀ ਪ੍ਰੋਗਰਾਮ ਸਫਲ ਰਿਹਾ ਤਾਂ ਹੋਰ ਸਕੂਲਾਂ ਵਿਚ ਵੀ ਹਿੰਦੀ ਲਾਗੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇਗਾ। ਲੈਰੀ ਸਵੀਨੀ ਨੇ ਤਜਵੀਜ਼ ਦੇ ਸਮਰਥਨ ਵਿਚ ਬੋਲਦਿਆਂ ਕਿਹਾ ਕਿ ਮੈ ਸਾਰੇ ਹਾਈ ਸਕੂਲਾਂ ਤੇ ਸਾਰੇ ਮਿਡਲ ਸਕੂਲਾਂ ਵਿਚ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਹਾਂ ਪਖੀ ਪਹੁੰਚ ਰਖਦਾ ਹਾਂ। ਯਾਜਿੰਗ ਝੰਗ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੀ ਭਲਾਈ ਲਈ ਬੈਠੇ ਹਾਂ ਤੇ ਜੇਕਰ ਹਿੰਦੀ ਪੜਾਉਣ ਦੀ ਵੰਡੀ ਮੰਗ ਹੈ ਤਾਂ ਅਸੀਂ ਇਸ ਲਈ ਤਿਆਰ ਹਾਂ।