ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲਾ ਜੁਗਰਾਜ ਸਿੰਘ ਕੌਣ ਹੈ?

ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲਾ ਜੁਗਰਾਜ ਸਿੰਘ ਕੌਣ ਹੈ?

ਅੰਮ੍ਰਿਤਸਰ ਟਾਈਮਜ਼ ਬਿਊਰੋ

26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਪਹੁੰਚੇ ਕਿਸਾਨਾਂ ਦੇ ਜਜ਼ਬਾਤੀ ਕਾਫਲੇ ਵਿਚੋਂ ਲਾਲ ਕਿਲ੍ਹੇ 'ਤੇ ਕੇਸਰੀ ਅਤੇ ਕਿਸਾਨੀ ਦਾ ਝੰਡਾ ਝੁਲਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੁਗਰਾਜ ਸਿੰਘ 22 ਸਾਲਾਂ ਦਾ ਨੌਜਵਾਨ ਹੈ ਜੋ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜਿਹਨਾਂ ਕੋਲ ਮਹਿਜ਼ 2 ਏਕੜ ਜ਼ਮੀਨ ਹੈ। 

ਤਿੰਨ ਭੈਣਾਂ ਦਾ ਇਕਲੌਤਾ ਭਰਾ ਜੁਗਰਾਜ ਸਿੰਘ ਮਾਝੇ ਦੇ ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਇਤਿਹਾਸਕ ਪਿੰਡ ਵਾਂ ਤਾਰਾ ਸਿੰਘ ਦਾ ਵਸਨੀਕ ਹੈ। ਦੱਸ ਦਈਏ ਕਿ ਇਹ ਪਿੰਡ ਉਹ ਮਹਾਨ ਯੋਧੇ ਦਾ ਹੈ ਜਿਸਨੇ ਅਠਾਰਵੀ ਸਦੀ ਵਿਚ ਮੁਗਲ ਹਕੂਮਤ ਨੂੰ ਲਲਕਾਰਿਆ ਸੀ ਅਤੇ ਯੁੱਧ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਸੀ। 

ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਮੁਤਾਬਕ ਮੁਗਲ ਸਿਪਾਹੀ ਧੱਕੇ ਨਾਲ ਕਿਸਾਨਾਂ ਦੇ ਖੇਤਾਂ ਵਿਚ ਆਪਣੇ ਘੋੜੇ ਚਰਨ ਲਈ ਵਾੜ੍ਹ ਦਿੰਦੇ ਸਨ। ਸ਼ਹੀਦ ਭਾਈ ਤਾਰਾ ਸਿੰਘ ਨੇ ਇਹ ਧੱਕੇਸ਼ਾਹੀ ਕਰਨ ਵਾਲੇ ਮੁਗਲ ਸਿਪਾਹੀ ਸੋਧ ਦਿੱਤੇ ਸਨ ਜਿਸ ਤੋਂ ਬਾਅਦ ਮੁਗਲ ਫੌਜਾਂ ਨੇ ਵਾਂ ਪਿੰਡ 'ਤੇ ਚੜ੍ਹਾਈ ਕੀਤੀ ਸੀ। ਇੱਥੇ ਹੋਈ ਜੰਗ ਵਿਚ ਭਾਈ ਤਾਰਾ ਸਿੰਘ ਹੋਰ ਸਿੰਘਾਂ ਸਮੇਤ ਜੂਝਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਸੀ। ਵਾਂ ਪਿੰਡ ਦੀ ਜੰਗ ਨੇ ਸਿੱਖ-ਮੁਗਲ ਟਕਰਾਅ ਨੂੰ ਨਵਾਂ ਮੋੜ ਦੇ ਦਿੱਤਾ ਸੀ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਤਕ ਸੰਘਰਸ਼ ਚੱਲਦਾ ਰਿਹਾ ਸੀ।

ਜੁਗਰਾਜ ਸਿੰਘ ਦੀ ਭਾਲ ਵਿੱਚ ਦਿੱਲੀ ਕ੍ਰਾਈਮ ਬਰਾਂਚ (ਡੀਸੀਬੀ) ਦੀ ਟੀਮ ਵੱਲੋਂ ਜਲੰਧਰ ਵਿੱਚ ਛਾਪਾ ਮਾਰਿਆ ਗਿਆ। ਬਸਤੀ ਪੀਰਦਾਦ ਦੇ ਇਲਾਕਿਆਂ ’ਚ ਦਿੱਲੀ ਤੋਂ ਆਈ ਟੀਮ ਲੱਗਪਗ ਦੋ ਘੰਟੇ ਉਸ ਨੂੰ ਵੱਖ-ਵੱਖ ਟਿਕਾਣਿਆਂ ’ਤੇ ਲੱਭਦੀ ਰਹੀ।

ਥਾਣਾ ਬਸਤੀ ਬਾਵਾ ਖੇਲ ਦੇ ਐੱਸਐੱਚਓ ਗਗਨਦੀਪ ਸਿੰਘ ਸੇਖੋਂ, ਇਸ ਟੀਮ ਦੇ ਨਾਲ ਸਨ। ਉਨ੍ਹਾਂ  ਦੱਸਿਆ ਕਿ ਜੁਗਰਾਜ ਸਿੰਘ ਦੇ ਨਾ ਮਿਲਣ ਕਰਕੇ ਟੀਮ ਵਾਪਸ ਚਲੀ ਗਈ। ਦਿੱਲੀ ਕ੍ਰਾਈਮ ਬਰਾਂਚ ਕੋਲ ਇਹ ਸੂਚਨਾ ਸੀ ਕਿ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜੁਗਰਾਜ ਸਿੰਘ ਦੀ ਬਸਤੀ ਪੀਰਦਾਦ (ਜਲੰਧਰ) ਵਿੱਚ ਰਿਸ਼ਤੇਦਾਰੀ ਹੈ।

ਜੁਗਰਾਜ ਸਿੰਘ ਅੰਮ੍ਰਿਤਧਾਰੀ ਨੌਜਵਾਨ ਹੈ ਅਤੇ ਉਹ ਆਪਣੇ ਪਿੰਡ ਅਤੇ ਇਲਾਕੇ ਦੇ ਹੋਰ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ’ਤੇ ਚੋਲਾ ਚੜ੍ਹਾਉਣ ਦੀ ਸੇਵਾ ਕਰਦਾ ਸੀ। ਲਾਲ ਕਿਲੇ ’ਚ 26 ਜਨਵਰੀ ਨੂੰ ਵਾਪਰੀ ਘਟਨਾ ਵਿੱਚ ਦੌਰਾਨ ਉਸ ਨੇ ਉਸੇ ਥਾਂ ਕੇਸਰੀ ਝੰਡਾ ਝੁਲਾ ਦਿੱਤਾ ਸੀ ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਹੈ। 

ਭਾਰਤੀ ਮੀਡੀਆ ਵੱਲੋਂ ਨਿਸ਼ਾਨ ਸਾਹਿਬ ਅਤੇ ਕਿਸਾਨੀ ਦਾ ਝੰਡਾ ਝੁਲਾਉਣ ਦੀ ਘਟਨਾ ਨੂੰ ਤਿਰੰਗੇ ਦਾ ਅਪਮਾਨ ਬਣਾ ਕੇ ਪੇਸ਼ ਕੀਤਾ ਗਿਆ ਜਦਕਿ ਜਿਸ ਡੰਡੇ 'ਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਦਾ ਝੰਡਾ ਝੁਲਾਇਆ ਗਿਆ ਉੱਥੇ ਕੋਈ ਤਿਰੰਗਾ ਨਹੀਂ ਝੂਲ ਰਿਹਾ ਸੀ। ਲਾਲ ਕਿਲ੍ਹੇ 'ਤੇ ਜਿਹੜਾ ਵੱਡਾ ਤਿਰੰਗਾ ਝੰਡਾ ਝੂਲ ਰਿਹਾ ਸੀ ਉਸ ਨੂੰ ਕਿਸੇ ਵੱਲੋਂ ਹੱਥ ਵੀ ਨਹੀਂ ਲਾਇਆ ਗਿਆ। ਜਿੱਥੋਂ ਤਕ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਹੈ ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਭਾਰਤ ਦੀਆਂ ਹੱਦਾਂ ਦੀ ਰਾਖੀ ਲਈ ਸਿੱਖ ਫੌਜੀਆਂ ਨੂੰ ਤੋਰਿਆ ਜਾਂਦਾ ਹੈ ਤਾਂ ਉਹ ਇਸ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਹੀ ਤੁਰਦੇ ਹਨ। ਜੇ ਉੱਥੇ ਨਿਸ਼ਾਨ ਸਾਹਿਬ ਤੋਂ ਇਤਰਾਜ਼ ਨਹੀਂ ਹੁੰਦਾ ਫੇਰ ਲਾਲ ਕਿਲ੍ਹੇ 'ਤੇ ਭਾਰਤੀ ਮੀਡੀਆ ਨੂੰ ਨਿਸ਼ਾਨ ਸਾਹਿਬ ਤੋਂ ਇਤਰਾਜ਼ ਕਿਉਂ ਹੋ ਰਿਹਾ ਹੈ?