ਤਬਾਹ ਹੋ ਰਹੀਆਂ ਨੇ ਖਾਲਸਾ ਰਾਜ ਦੀ ਗਰਮੀਆਂ ਦੀ ਰਾਜਧਾਨੀ ਦੀਆਂ ਇਮਾਰਤਾਂ, ਰਸਤਿਆਂ ’ਤੇ ਵੀ ਹੋ ਗਏ ਕਬਜ਼ੇ

ਤਬਾਹ ਹੋ ਰਹੀਆਂ ਨੇ ਖਾਲਸਾ ਰਾਜ ਦੀ ਗਰਮੀਆਂ ਦੀ ਰਾਜਧਾਨੀ ਦੀਆਂ ਇਮਾਰਤਾਂ, ਰਸਤਿਆਂ ’ਤੇ ਵੀ ਹੋ ਗਏ ਕਬਜ਼ੇ

ਆਪ ਸਰਕਾਰ ਵੱਲੋਂ ਵਿਰਾਸਤ ਦੀ ਸਾਂਭ-ਸੰਭਾਲ ਲਈ ਜਾਰੀ ਕੀਤਾ ਗਿਆ 1.6 ਕਰੋੜ ਰੁਪਿਆ ਖਰਚ ਵੀ ਨਹੀਂ ਕੀਤਾ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦੀਨਾਨਗਰ : ਕਦੇ ਸਾਂਝੇ ਪੰਜਾਬ ਤੋਂ ਲੈ ਕੇ ਚੀਨ ਦੀਆਂ ਸਰਹੱਦਾਂ, ਦੱਰਾ ਖੈਬਰ ਤੇ ਸਿੰਧ ਤਕ ਖਾਲਸਾ ਰਾਜ ਦਾ ਝੰਡਾ ਲਹਿਰਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਵੇਲੇ ਦੀਆਂ ਦੀਨਾਨਗਰ ਸ਼ਹਿਰ ਅੰਦਰ ਮੌਜੂਦ ਨਿਸ਼ਾਨੀਆਂ ਨਾਲ ਉਸ ਦੇ ਆਪਣਿਆਂ ਵੱਲੋਂ ਹੀ ਮਤਰੇਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।

​​​​​​​

ਜਿਸ ਮਹਾਰਾਜੇ ਦੇ ਰਹਿੰਦਿਆਂ ਕਦੇ ਦੁਸ਼ਮਣ ਨੇ ਵੀ ਉਸ ਦੀ ਧਰਤੀ ’ਤੇ ਪੈਰ ਪਾਉਣ ਬਾਰੇ ਸੋਚਿਆ ਵੀ ਨਹੀਂ ਸੀ ਅੱਜ ਉਸ ਦੇ ਆਪਣਿਆਂ ਨੇ ਹੀ ਉਸ ਦੀਆਂ ਯਾਦਗਾਰਾਂ ਤੱਕ ਪੁਹੰਚਣ ਲਈ ਰਸਤੇ ਤੱਕ ਨਹੀਂ ਛੱਡੇ। ਇਸ ਕਾਰਨ ਖਾਲਸੇ ਦੇ ਰਾਜ ਦੌਰਾਨ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀ ਗਰਮੀਆਂ ਦੀ ਰਾਜਧਾਨੀ ਰਹਿ ਚੁੱਕੇ ਸ਼ਹਿਰ ਦੀਨਾਨਗਰ ਅੰਦਰ ਮੌਜੂਦ ਉਸ ਵੇਲੇ ਦੀਆਂ ਬਣੀਆਂ ਆਲੀਸ਼ਾਨ ਇਮਾਰਤਾਂ ਅੱਜ ਆਪਣਿਆਂ ਦੇ ਹੱਥੋਂ ਤਬਾਹ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਅਨਮੋਲ ਵਿਰਾਸਤਾਂ ਨੂੰ ਸੰਭਾਲਣਾ ਤਾਂ ਕੀ ਸੀ ਸਗੋਂ ਇਨ੍ਹਾਂ ਇਮਾਰਤਾਂ ਨੂੰ ਉਜਾੜਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਅਤੇ ਹੁਣ ਜੇਕਰ ਮੌਜੂਦਾ ਸਰਕਾਰ ਵੱਲੋਂ ਇਨ੍ਹਾਂ ਇਮਾਰਤਾਂ ਦੀ ਦਿੱਖ ਨੂੰ ਮੁੜ ਸੁਰਜੀਤ ਕਰਨ ਲਈ ਰਕਮ ਜਾਰੀ ਕੀਤੀ ਵੀ ਗਈ ਹੈ ਤਾਂ ਉਸ ਰਾਸ਼ੀ ਨੂੰ ਖਰਚਣ ਵਿੱਚ ਅਨੇਕਾਂ ਅੜਿੱਕੇ ਪੈਦਾ ਹੋ ਰਹੇ ਹਨ।

ਕਦੇ ਅੰਬਾਂ ਦੇ ਬਾਗਾਂ ਦੇ ਸ਼ਹਿਰ ਵਜੋਂ ਜਾਣਿਆਂ ਜਾਂਦਾ ਦੀਨਾਨਗਰ ਸਿੱਖ ਮਿਸਲਾਂ ਦੇ ਰਾਜ ਵੇਲੇ ਘਨੱਈਆ ਅਤੇ ਰਾਮਗੜ੍ਹੀਆ ਮਿਸਲਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਵੱਲੋਂ 1808 ਵਿੱਚ ਪਹਿਲਾਂ ਰਾਮਗੜ੍ਹੀਆ ਮਿਸਲ ਅਤੇ ਫਿਰ 1811 ਵਿੱਚ ਘਨੱਈਆ ਮਿਸਲ ਨੂੰ ਆਪਣੇ ਅਧੀਨ ਕਰ ਲੈਣ ਮਗਰੋਂ ਇਸ ਸ਼ਹਿਰ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਪਣੇ ਅਧੀਨ ਕਰ ਲਿਆ ਗਿਆ ਸੀ।

ਅੰਬਾਂ ਦੇ ਸ਼ੌਕੀਨ ਅਤੇ ਇੱਥੋਂ ਦੀ ਆਬੋ ਹਵਾ ਪਸੰਦ ਆਉਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ਨੂੰ ਰਾਜਨੀਤਕ ਗਤੀਵਿਧੀਆਂ ਦੇ ਕੇਂਦਰ ਵਜੋਂ ਆਪਣੇ ਰਾਜਭਾਗ ਦੀ ਗਰਮੀਆਂ ਦੀ ਰਾਜਧਾਨੀ ਬਣਾ ਲਿਆ ਜਿਸ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਦੀਨਾਨਗਰ ਅਤੇ ਇਸ ਦੇ ਆਲੇ-ਦੁਆਲੇ ਕਈ ਆਲੀਸ਼ਾਨ ਇਮਾਰਤਾਂ ਦਾ ਨਿਰਮਾਣ ਕਰਵਾਇਆ। ਇਨ੍ਹਾਂ ਵਿੱਚ ਬਾਰਾਂਦਰੀ, ਵੈਨਤਰਾ ਹਾਊਸ, ਹਮਾਮ, ਸ਼ਿਵਾਲਾ, ਗਊਸ਼ਾਲਾ, ਅਸਤਬਲ ਅਤੇ ਫੌਜੀ ਠਹਿਰਾਓ ਲਈ ਤਿਆਰ ਕੀਤੀਆਂ ਗਈਆਂ ਇਮਾਰਤਾਂ ਸ਼ਾਮਲ ਸਨ। ਇਹ ਇਮਾਰਤਾਂ ਯੂਰਪੀਅਨ ਤੇ ਮੁਗਲ ਕਲਾ ਦਾ ਸ਼ਾਨਦਾਰ ਸੁਮੇਲ ਸਨ, ਜੋ ਭੂਮੀਗਤ ਸੁਰੰਗਾਂ ਰਾਹੀਂ ਆਪਸ ਵਿੱਚ ਇਕ-ਦੂਜੀ ਨਾਲ ਜੁੜਦੀਆਂ ਸਨ। ਹੁਣ ਭਾਵੇਂ ਸਮੇਂ ਦੇ ਨਾਲ-ਨਾਲ ਇਹ ਸੁਰੰਗਾਂ ਜ਼ਮੀਂਦੋਜ਼ ਹੋ ਗਈਆਂ ਹਨ, ਪਰ ਕੁਝ ਕੁ ਥਾਵਾਂ ’ਤੇ ਇਨ੍ਹਾਂ ਸੁਰੰਗਾਂ ਦੇ ਮੁਹਾਨੇ ਅੱਜ ਵੀ ਮੌਜੂਦ ਹਨ।

ਸਿੱਖ ਰਾਜ ਦੇ ਕਈ ਮਹੱਤਵਪੂਰਨ ਫੈਸਲੇ ਦੀਨਾਨਗਰ ’ਚ ਹੋਏ

ਦੀਨਾਨਗਰ ਨੂੰ ਸਿੱਖ ਰਾਜ ਦੀ ਗਰਮੀਆਂ ਦੀ ਰਾਜਧਾਨੀ ਬਣਾਉਣ ਮਗਰੋਂ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਕਈ ਅਹਿਮ ਫ਼ੈਸਲੇ ਇਸੇ ਸ਼ਹਿਰ ਅੰਦਰ ਹੋਏ ਸਨ, ਜਿਨ੍ਹਾਂ ਵਿੱਚੋਂ ਕਸ਼ਮੀਰ ’ਤੇ ਚੜ੍ਹਾਈ ਤੋਂ ਪਹਿਲਾਂ ਹਮਲੇ ਦੀ ਰੂਪਰੇਖਾ ਤਿਆਰ ਕਰਨੀ, ਅਕਤੂਬਰ 1831 ਵਿੱਚ ਰੋਪੜ ਵਿਖੇ ਲਾਰਡ ਵਿਲੀਅਮ ਬੈਂਟੇਕ ਨੇ ਮੁਲਾਕਾਤ ਦਾ ਫੈਸਲਾ ਅਤੇ ਮੈਕਨਾਟਨ ਮਿਸ਼ਨ ਨਾਲ ਸ਼ਾਹ ਸੁਜਾ ਨੂੰ ਅਫਗਾਨਿਸਤਾਨ ਦਾ ਉੱਤਰਾਧਿਕਾਰੀ ਬਣਾਉਣ ਬਾਰੇ ਕੀਤਾ ਗਿਆ ਮਹੱਤਵਪੂਰਨ ਫੈਸਲਾ ਵੀ ਇੱਥੇ ਹੀ ਕੀਤੇ ਗਏ ਸਨ। ਦੀਨਾਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਆਖਰੀ ਦਰਬਾਰ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਇਕ ਸਾਲ ਪਹਿਲਾਂ 1838 ਵਿੱਚ ਲੱਗਾ ਸੀ।

ਪੁਰਾਤੱਤਵ ਵਿਭਾਗ ਨੇ ਕੋਸ਼ਿਸ਼ ਤਾਂ ਕੀਤੀ ਪਰ ਆਪਣੇ ਹੀ ਦਗਾ ਕਮਾਉਂਦੇ ਰਹੇ

ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਦੇ ਐਲਾਨ ਤਾਂ ਕੀਤੇ ਜਾਂਦੇ ਰਹੇ ਪਰ ਸਥਾਨਕ ਸ਼ਹਿਰ ਅੰਦਰ ਮੈਜੂਦ ਸਿੱਖ ਰਾਜ ਦੀਆਂ ਵਿਰਾਸਤਾਂ ਨਾਲ ਹਰ ਪੱਖੋਂ ਅਣਦੇਖੀ ਹੀ ਹੁੰਦੀ ਰਹੀ ਹੈ। ਪੁਰਾਤੱਤਵ ਵਿਭਾਗ ਵੱਲੋਂ ਸਾਲ 2010 ਵਿੱਚ ਬਾਰਾਂਦਰੀ, ਜਿੱਥੇ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਹੁੰਦਾ ਸੀ, ਸਮੇਤ ਕੁਝ ਹੋਰ ਇਮਾਰਤਾਂ ਨੂੰ ਸੁਰੱਖਿਅਤ ਐਲਾਨ ਦਿੱਤਾ ਗਿਆ ਪਰ ਦੀਨਾਨਗਰ ਸ਼ਹਿਰ ਦੇ ਸੁਨਹਿਰੀ ਇਤਿਹਾਸ ਦੀ ਗਵਾਹੀ ਭਰਦੀਆਂ ਇਨ੍ਹਾਂ ਵਿਰਾਸਤੀ ਇਮਾਰਤਾਂ ਪ੍ਰਤੀ ਕਿਸੇ ਨੇ ਵੀ ਸੰਜੀਦਗੀ ਨਹੀਂ ਵਿਖਾਈ ਜਿਸ ਕਾਰਨ ਸਿੱਖ ਰਾਜ ਦੀ ਅਨਮੋਲ ਵਿਰਾਸਤ ਹੌਲੀ-ਹੌਲੀ ਆਪਣੀ ਹੋਂਦ ਗੁਆਉਂਦੀ ਜਾ ਰਹੀ ਹੈ। ਕਿਸੇ ਇਮਾਰਤ ਵਿੱਚ ਸਕੂਲ, ਕਿਸੇ ਵਿੱਚ ਪੁਲਿਸ ਸਟੇਸ਼ਨ ਤਾਂ ਕਿਤੇ ਲੋਕਾਂ ਵੱਲੋਂ ਕਬਜ਼ੇ ਕਰ ਲਏ ਗਏ ਹਨ। ਵੈਨਤਰਾ ਹਾਊਸ, ਜਿਸ ਨੂੰ ਡਾਕਬੰਗਲਾ ਕਿਹਾ ਜਾਂਦਾ ਸੀ, ਇੱਕੋ-ਇੱਕ ਅਜਿਹੀ ਇਮਾਰਤ ਹੈ ਜਿਸ ਨੂੰ ਛੱਤ ਨਸੀਬ ਹੋ ਸਕੀ। ਇਸ ਇਮਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਾ ਚੁੱਕਾ ਹੈ ਅਤੇ ਇਹ ਸ਼ਹਿਰ ਦੀ ਇੱਕੋ-ਇਕ ਅਜਿਹੀ ਥਾਂ ਹੈ ਜਿਸ ਦੀ ਇਮਾਰਤ ਉਪਰ ਉਕਰੇ ਗੁਰਦੁਆਰਾ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਖਰ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਇਸ ਸ਼ਹਿਰ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਇਸ ਤੋਂ ਇਲਾਵਾ ਖੰਡਰ ਇਮਾਰਤਾਂ ਵਜੋਂ ਸਿਰਫ ਬਾਰਾਂਦਰੀ ਅਤੇ ਇਸ਼ਨਾਨ ਘਰ ਹੀ ਬਚੇ ਹੋਏ ਹਨ, ਜੋ ਅਪਣਿਆਂ ਦੀ ਸਵੱਲੀ ਨਜ਼ਰ ਦੇ ਇੰਤਜਾਰ ਵਿੱਚ ਆਖਰੀ ਸਾਹ ਗਿਣ ਰਹੇ ਹਨ।

ਬਾਰਾਦਰੀ ਤੱਕ ਪਹੁੰਚਣ ਦਾ ਰਸਤਾ ਵੀ ਨਹੀਂ ਛੱਡਿਆ

ਸਰਕਾਰਾਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਨਾਲ ਜੁੜੀਆਂ ਯਾਦਗਾਰਾਂ ਪ੍ਰਤੀ ਰਵੱਈਆ ਇਸ ਗੱਲ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਕਦੇ ਯਮੁਨਾ ਨਦੀ ਤੋਂ ਲੈ ਕੇ ਦੱਰਾ ਖੈਬਰ ਤੱਕ ਜਿਸ ਦਾ ਸਿੱਕਾ ਚੱਲਦਾ ਸੀ ਅੱਜ ਉਸ ਮਹਾਰਾਜੇ ਦੇ ਖੰਡਰਨੁਮਾ ਮਹੱਲ ਤੱਕ ਪਹੁੰਚਣ ਲਈ ਕਿਸੇ ਨੇ ਰਸਤਾ ਵੀ ਨਹੀਂ ਛੱਡਿਆ। ਇਹੀ ਕਾਰਨ ਹੈ ਕਿ ਮੌਜੂਦਾ ਸਰਕਾਰ ਵੱਲੋਂ ਬਾਰਾਂਦਰੀ ਦੀ ਸਾਂਭ-ਸੰਭਾਲ ਲਈ ਜਾਰੀ ਕੀਤਾ ਗਿਆ 1.6 ਕਰੋੜ ਰੁਪਿਆ ਖਰਚ ਵੀ ਨਹੀਂ ਕੀਤਾ ਜਾ ਰਿਹਾ। ਇਹ ਬਾਰਾਂਦਰੀ ਜਿੱਥੇ ਕਦੇ ਗਰਮੀਆਂ ਦੇ ਦਿਨਾਂ ਵਿੱਚ ਦੋ ਮਹੀਨੇ ਮਹਾਰਾਜਾ ਰਣਜੀਤ ਸਿੰਘ ਆ ਕੇ ਠਹਿਰਿਆ ਕਰਦੇ ਸਨ ਅਤੇ ਇੱਥੇ ਹੀ ਉਨ੍ਹਾਂ ਦਾ ਦਰਬਾਰ ਲੱਗਦਾ ਸੀ, ਦੇ ਆਲੇ ਦੁਆਲੇ ਦਾ 46 ਕਨਾਲ 15 ਮਰਲੇ ਕਰਬੇ ਅੰਦਰ ਅੰਬਾਂ ਦਾ ਵੱਡਾ ਬਾਗ ਹੋਇਆ ਕਰਦਾ ਸੀ। ਦੇਸ਼ ਦੀ ਵੰਡ ਮਗਰੋਂ ਪਤਾ ਨਹੀਂ ਕਿਸ ਤਰੀਕੇ ਉਕਤ 46 ਕਨਾਲ 15 ਮਰਲੇ ਜ਼ਮੀਨ ਸ਼ਹਿਰ ਦੇ ਇਕ ਰਈਸ ਪਰਿਵਾਰ ਕੋਲ ਚਲੀ ਗਈ। ਹਾਲਾਂਕਿ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੇ ਜਾਣ ਅਤੇ ਅਦਾਲਤਾਂ ਵਿੱਚ ਪੈਰਵਾਈ ਕੀਤੇ ਜਾਣ ਮਗਰੋਂ ਹੁਣ ਇਸ ਅਨਮੋਲ ਵਿਰਾਸਤ ਨਾਲ ਇਨਸਾਫ ਹੋਣ ਦੀ ਆਸ ਬੱਝੀ ਹੈ।

ਪੰਜਾਬ ਸਰਕਾਰ ਨੇ ਸਾਂਭ-ਸੰਭਾਲ ਲਈ 1.6 ਕਰੋੜ ਜਾਰੀ ਕੀਤੇ : ਸ਼ਮਸ਼ੇਰ ਸਿੰਘ

ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਪੰਜਾਬੀਆਂ ਦੀਆਂ ਅਨਮੋਲ ਵਿਰਾਸਤਾਂ ਦੀ ਸਾਂਭ-ਸੰਭਾਲ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਮਹੱਲ ਦੀ ਸਾਂਭ-ਸੰਭਾਲ ਲਈ ਵੀ 1.6 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਸ ਦੀ ਟੈਂਡਰ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਇਸ ਸ਼ਾਨਾਮੱਤੀ ਵਿਰਾਸਤ ਦੀ ਗਵਾਹ ਇਮਾਰਤ ਦੀ ਸਾਂਭ-ਸੰਭਾਲ ਦਾ ਕੰਮ ਸ਼ੁਰੂ ਹੋ ਜਾਵੇਗਾ।